25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸ ਤੇ ਸੱਤਾਧਾਰੀ ਪਾਰਟੀ ਵਿਚ ਸਖ਼ਤ ਟੱਕਰ ਹੋਣ ਦੇ ਆਸਾਰ

ਅਜੀਤ ਡੈਸਕ 07-07-2026
ਕਪੂਰਥਲਾ, 6 ਜੁਲਾਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ 8 ਜੁਲਾਈ ਨੂੰ ਹੋਣ ਜਾ ਰਹੀ ਚੋਣ ਨੂੰ ਲੈ ਕੇ ਸੱਤਾਧਾਰੀ ਪਾਰਟੀ ਤੇ ਕਾਂਗਰਸ ਵਲੋਂ ਸਰਗਰਮੀ ਤੇਜ਼ ਕਰ ਦਿੱਤੀ ਗਈ ਹੈ | ਦੋਵੇਂ ਧਿਰਾਂ ਨੇ ਆਪਣੇ ਹਿਮਾਇਤੀ ਕੌਂਸਲਰਾਂ ਨੂੰ ਲੈ ਕੇ ਪੰਜਾਬ ਤੋਂ ਬਾਹਰ ਡੇਰੇ ਲਗਾਏ ਹੋਏ ਤੇ ਚੋਣ ਦੌਰਾਨ ਦੋਵਾਂ ਧਿਰਾਂ ਵਿਚ ਸਖ਼ਤ ਟੱਕਰ ਹੋਣ ਦੇ ਆਸਾਰ ਬਣ ਗਏ ਹਨ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਕਾਂਗਰਸ ਦੇ 31 ਕੌਂਸਲਰ ਜੇਤੂ ਰਹੇ ਸਨ ਤੇ ਇਕ ਕੌਂਸਲਰ ਦੇ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਕੌਂਸਲਰਾਂ ਦੀ ਗਿਣਤੀ 32 ਹੋ ਗਈ ਸੀ, ਜਦਕਿ ਸੱਤਾਧਾਰੀ ਪਾਰਟੀ ਦੇ 11, ਸ਼ੋ੍ਰਮਣੀ ਅਕਾਲੀ ਦਲ ਦੇ 3, ਭਾਜਪਾ ਦੇ 3 ਤੇ 2 ਆਜ਼ਾਦ ਉਮੀਦਵਾਰਾਂ ਨੇ ਇਸ ਚੋਣ ਵਿਚ ਜਿੱਤ ਹਾਸਲ ਕੀਤੀ ਸੀ | ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ‘ਤੇ ਕਾਬਜ਼ ਹੋਣ ਲਈ ਚੋਣ ਵਿਚ ਲਗਾਤਾਰ ਦੇਰੀ ਕੀਤੀ ਗਈ ਤੇ ਇਸ ਸਬੰਧੀ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਖ਼ਦਸ਼ਾ ਵੀ ਜ਼ਾਹਿਰ ਕੀਤਾ ਸੀ ਕਿ ਸੱਤਾਧਾਰੀ ਪਾਰਟੀ ਅਜਿਹਾ ਕਰਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ | ਬੀਤੀ 5 ਜੁਲਾਈ ਨੂੰ ਜਦੋਂ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵਲੋਂ ਨਗਰ ਨਿਗਮ ਕਪੂਰਥਲਾ ਦੀ ਕਮਿਸ਼ਨਰ ਨੂੰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ 8 ਜੁਲਾਈ ਨੂੰ ਦੁਪਹਿਰ ਬਾਅਦ 3 ਵਜੇ ਕਰਵਾਉਣ ਦੀ ਹਦਾਇਤ ਕੀਤੀ ਤਾਂ ਉਸ ਤੋਂ ਤੁਰੰਤ ਬਾਅਦ ਹੀ ਦੋਵਾਂ ਧਿਰਾਂ ਵਿਚ ਸਰਗਰਮੀਆਂ ਸ਼ੁਰੂ ਹੋ ਗਈਆਂ ਤੇ ਸ਼ਾਮ ਤੱਕ ਲਗਭਗ ਸਾਰੇ ਕੌਂਸਲਰਾਂ ਦੇ ਫ਼ੋਨ ਬੰਦ ਹੋ ਗਏ | ਦੱਸਿਆ ਜਾਂਦਾ ਹੈ ਕਿ ਕਾਂਗਰਸ ਵਿਧਾਇਕ ਨਾਲ ਕੁੱਝ ਨਾਰਾਜ਼ ਸਾਬਕਾ ਕੌਂਸਲਰ ਜੋ ਲਗਾਤਾਰ ਸੱਤਾਧਾਰੀ ਪਾਰਟੀ ਦੇ ਸੰਪਰਕ ਵਿਚ ਸਨ, ਨੇ ਚੋਣ ਜਿੱਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸੰਪਰਕ ਵਿਚ ਰਹੇ ਤੇ ਚੋਣ ਦੇ ਐਲਾਨ ਤੋਂ ਬਾਅਦ ਹੀ ਸੱਤਾਧਾਰੀ ਪਾਰਟੀ ਦੇ ਆਗੂ ਆਪਣੀ ਪਾਰਟੀ ਤੇ ਕੁੱਝ ਹੋਰ ਕੌਂਸਲਰਾਂ ਨੂੰ ਨਾਲ ਲੈ ਕੇ ਜਿਨ੍ਹਾਂ ਵਿਚ ਇਕ ਆਜ਼ਾਦ ਕੌਂਸਲਰ ਵੀ ਸ਼ਾਮਲ ਹੈ, ਪੰਜਾਬ ਤੋਂ ਬਾਹਰ ਚਲੇ ਗਏ ਹਨ, ਜਦਕਿ ਦੂਜੇ ਪਾਸੇ ਕਾਂਗਰਸ ਨਾਲ ਸਬੰਧਿਤ ਕੌਂਸਲਰ ਵੀ ਕਪੂਰਥਲਾ ਵਿਚ ਨਹੀਂ ਹੈ ਤੇ ਉਨ੍ਹਾਂ ਵੀ ਪੰਜਾਬ ਤੋਂ ਬਾਹਰ ਕਿਧਰੇ ਡੇਰੇ ਲਗਾਏ ਹੋਏ ਹਨ | ਦੱਸਿਆ ਜਾਂਦਾ ਹੈ ਕਿ ਚੋਣ ਵਾਲੇ ਦਿਨ ਹੀ ਦੋਵੇਂ ਧਿਰਾਂ ਦੇ ਕੌਂਸਲਰ ਐਨ ਮੌਕੇ ‘ਤੇ ਬਣਾਈ ਗਈ ਰਣਨੀਤੀ ਅਨੁਸਾਰ ਨਗਰ ਨਿਗਮ ਦੇ ਦਫ਼ਤਰ ਵਿਚ ਹਾਜ਼ਰ ਹੋ ਕੇ ਦੁਪਹਿਰ ਬਾਅਦ 3 ਵਜੇ ਸਹੁੰ ਚੁੱਕਣਗੇ ਤੇ ਉਸ ਤੋਂ ਬਾਅਦ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ | ਜਿੱਥੋਂ ਤੱਕ ਭਾਜਪਾ ਉਮੀਦਵਾਰਾਂ ਦਾ ਸਵਾਲ ਹੈ, ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਇਕ ਵੀਡੀਓ ਸੰਦੇਸ਼ ਵਿਚ ਦੱਸਿਆ ਭਾਜਪਾ ਦੇ ਤਿੰਨ ਕੌਂਸਲਰ ਪਾਰਟੀ ਵਲੋਂ ਜਾਰੀ ਵਿੱਪ ਅਨੁਸਾਰ ਹੀ ਫ਼ੈਸਲਾ ਲੈਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੌਂਸਲਰ ਕਿਸੇ ਵੀ ਧਿਰ ਦੇ ਨਾਲ ਨਹੀਂ ਤੇ ਅੱਜ ਉਨ੍ਹਾਂ ਦੁਪਹਿਰੇ ਤਿੰਨਾਂ ਕੌਂਸਲਰਾਂ ਨਾਲ ਮੀਟਿੰਗ ਕੀਤੀ ਹੈ | ਮੀਟਿੰਗ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਭਾਜਪਾ ਦੇ ਕੌਂਸਲਰ ਕਿਸੇ ਲਾਲਚ ਜਾਂ ਦਬਾਅ ਹੇਠ ਨਹੀਂ ਆਉਣਗੇ ਤੇ ਇਸ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਬਿਲਕੁੱਲ ਬੇਬੁਨਿਆਦ ਹਨ | ਜਿੱਥੋਂ ਤੱਕ ਅਕਾਲੀ ਦਲ ਨਾਲ ਸਬੰਧਿਤ ਕੌਂਸਲਰਾਂ ਦਾ ਸਵਾਲ ਹੈ, ਉਹ ਚੋਣ ਮੌਕੇ ਕਿ ਫ਼ੈਸਲਾ ਲੈਂਦਾ ਹੈ, ਇਹ ਸਵਾਲ ਅਜੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਦੀ ਚੋਣ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਸੱਤਾਧਾਰੀ ਪਾਰਟੀ ਤੇ ਕਾਂਗਰਸ ਨਾਲ ਸਬੰਧਿਤ ਕੌਂਸਲਰਾਂ ਦਰਮਿਆਨ ਚੋਣ ਮੌਕੇ ਸਖ਼ਤ ਮੁਕਾਬਲਾ ਹੋਣ ਦੇ ਆਸਾਰ ਬਣ ਗਏ ਹਨ ਤੇ ਇਸ ਚੋਣ ਵਿਚ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਵੋਟ ਨਿਰਣਾਇਕ ਭੂਮਿਕਾ ਅਦਾ ਕਰੇਗੀ |
ਪਿਛਲੀ ਖ਼ਬਰ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂਂ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਦੀਆਂ ਵਾਲੀਆਂ ਖੋਹ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।