09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਬਰਨਾਲਾ ਘਟਨਾ ਤੇ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਦੂਸਰੇ ਦਿਨ ਵੀ ਜਾਰੀ, ਨਿਗਮ ਕਾਮਿਆਂ ਨੇ ਸ਼ਹਿਰ ’ਚ ਰੋਸ ਰੈਲੀ ਕੱਢੀ

ਅਜੀਤ ਡੈਸਕ 29-07-2026

ਫਗਵਾੜਾ, 28 ਜੁਲਾਈ (ਹਰਜੋਤ ਸਿੰਘ ਚਾਨਾ)-ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਤੇ ਬਰਨਾਲਾ ਘਟਨਾ ਦੇ ਵਿਰੋਧ ‘ਚ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ | ਅੱਜ ਕਾਮਿਆਂ ਨੇ ਇਕੱਠੇ ਹੋ ਕੇ ਗੋਲ ਚੌਂਕ ਤੋਂ ਰੋਸ ਰੈਲੀ ਸ਼ੁਰੂ ਕੀਤੀ ਤੇ ਵੱਖ-ਵੱਖ ਬਾਜ਼ਾਰਾਂ ਵਿਚੋਂ ਗੁਜ਼ਰੀ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਆਗੂ ਧਰਮਵੀਰ ਸੇਠੀ ਨੇ ਦੱਸਿਆ ਕਿ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਜਿਨ੍ਹਾਂ ‘ਚ ਸੀਵਰਮੈਨ, ਸਫ਼ਾਈ ਸੇਵਕ, ਫਾਇਰਮੈਨ, ਡਰਾਈਵਰ, ਕੰਪਿਊਟਰ ਆਪ੍ਰੇਟਰ, ਚੌਂਕੀਦਾਰ ਜਿਨ੍ਹਾਂ ਨੂੰ ਪੱਕੇ ਕਰਨ ਲਈ ਸਰਕਾਰ ਵਲੋਂ ਭਰੋਸਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਸਰਕਾਰ ਵਲੋਂ ਜੋ ਕੱਲ੍ਹ ਫ਼ੈਸਲਾ ਕੀਤਾ ਗਿਆ ਹੈ ਉਹ ਬਿਲਕੁਲ ਵੀ ਸਵੀਕਾਰ ਨਹੀਂ ਹੈ ਤੇ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਵੀ ਧਰਨਾ ਚੁਕਵਾਉਣ ਲਈ ਸਾਡੇ ਨਾਲ ਧੋਖਾ ਕੀਤਾ ਗਿਆ ਸੀ ਤੇ ਉਹ ਹੁਣ ਇਨ੍ਹਾਂ ਦੇ ਕਿਸੇ ਭਰੋਸੇ ‘ਚ ਨਹੀਂ ਆਉਣਗੇ | ਉਨ੍ਹਾਂ ਦੱਸਿਆ ਕਿ ਬਰਨਾਲਾ ਵਿਖੇ ਆਪਣੀਆਂ ਹੱਕਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ‘ਤੇ ਪੁਲੀਸ ਵਲੋਂ ਲਾਠੀਆਂ ਵਰਾਈਆਂ ਗਈਆਂ ਜੋ ਕਿ ਬਿਲਕੁਲ ਗ਼ਲਤ ਹੈ, ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਇਸ ਘਟਨਾ ਲਈ ਜ਼ਿੰਮੇਵਾਰ ਡੀ.ਐਸ.ਪੀ., ਐਸ.ਐਚ.ਓ ਤੇ ਥਾਣੇਦਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ | ਉਨ੍ਹਾਂ ਧਾਰਮਿਕ, ਸਮਾਜਿਕ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਸਹਿਯੋਗ ਦੇਣ ਤੇ 30 ਜੁਲਾਈ ਦੀ ਪੰਜਾਬ ਬੰਦ ਦੀ ਕਾਲ ‘ਚ ਸਹਿਯੋਗ ਕਰਨ | ਉਨ੍ਹਾਂ ਮੰਗ ਕੀਤੀ ਕਿ ਸਮੂਹ ਗਰੁੱਪ ਡੀ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਠੇਕੇਦਾਰ ਪ੍ਰਥਾ ਨੂੰ ਪੂਰਨ ਤੌਰ ‘ਤੇ ਬੰਦ ਕੀਤਾ ਜਾਵੇ ਤੇ ਮੁਲਾਜ਼ਮਾਂ ਦਾ ਡੀ.ਏ.ਵੀ ਦਿੱਤਾ ਜਾਵੇ | ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਗਰ ਨਿਗਮ ਵਿਖੇ ਪੁੱਜੇ ਤੇ ਉਨ੍ਹਾਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੋਂ ਲੋਕ ਬੁਰੀ ਤਰ੍ਹਾਂ ਦੁਖੀ ਹਨ ਤੇ ਹਰ ਮੁਲਾਜ਼ਮ ਵਰਗ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਬਰਨਾਲਾ ‘ਚ ਜੋ ਵੀ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਾਗੀ ਹੈ ਤੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਬਰਨਾਲਾ ਵਿਖੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ‘ਤੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਐਸ.ਸੀ.ਐਸ.ਟੀ. ਐਕਟ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ | ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਇਸ ਸਰਕਾਰ ਕੋਲੋਂ ਕਾਰਵਾਈ ਨਾ ਹੋਈ ਤਾਂ ਕਾਂਗਰਸ ਦੀ ਸਰਕਾਰ ਬਣਨ ‘ਤੇ ਕਾਰਵਾਈ ਕੀਤੀ ਜਾਵੇਗੀ | ਧਰਨੇ ਨੂੰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ, ਸੰਜੀਵ ਬੁੱਗਾ, ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ, ਰਜਿੰਦਰ ਸਿੰਘ ਚੰਦੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਝਿਰਮਲ ਸਿੰਘ ਭਿੰਡਰ, ਜਸਵਿੰਦਰ ਸਿੰਘ ਭਗਤਪੁਰਾ, ਕਿਸ਼ਨ ਲਾਲ ਹੀਰੋ, ਸਤੀਸ਼ ਸਲਹੋਤਰਾ, ਮਹਿੰਦਰ ਥਾਪਰ, ਕੁਲਵੰਤ ਸੋਂਧੀ, ਯੋਗਰਾਜ, ਪ੍ਰਵੀਨ, ਰਵੀ, ਕਾਲਾ (ਮੇਹਟ), ਵਿਸ਼ਾਲ ਸਲਹੋਤਰਾ, ਯੋਗੇਸ਼ ਕੁਮਾਰ ਤੇ ਜੀਤੀ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਕੀਤੀ ਜਾ ਰਹੀ ਭੁੱਖ ਹੜ੍ਹਤਾਲ 9ਵੇਂ ਦਿਨ ’ਚ ਦਾਖ਼ਲ ਅਗਲੀ ਖ਼ਬਰ ਬਾਬਾ ਮੋਹਨ ਦਾਸ ਆਸ਼ਰਮ ਨਤਮਸਤਕ ਹੋਏ ਨਾਇਬ ਸਿੰਘ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।