06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਇਕੱਤਰ ਹੋਇਆ ਕੂੜਾ ਚੁੱਕਣ ਲਈ ਕਾਰਜਸਾਧਕ ਅਫ਼ਸਰ ਤੁਰੰਤ ਬਦਲਵੇਂ ਪ੍ਰਬੰਧ ਕਰਨ-ਅਕਾਸ਼ ਬਾਂਸਲ

ਅਜੀਤ ਡੈਸਕ 30-07-2026
ਕਪੂਰਥਲਾ, 29 ਜੁਲਾਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ, ਨਗਰ ਕੌਂਸਲ ਸੁਲਤਾਨਪੁਰ ਲੋਧੀ, ਨਗਰ ਪੰਚਾਇਤ ਬੇਗੋਵਾਲ, ਭੁਲੱਥ, ਢਿਲਵਾਂ, ਨਡਾਲਾ ਵਿਚ ਸਫ਼ਾਈ ਕਰਮਚਾਰੀਆਂ ਦੀ ਹੜ੍ਹਤਾਲ ਕਾਰਨ ਪੈਦਾ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜਨਤਕ ਸਿਹਤ ਸੁਰੱਖਿਆ ਅਤੇ ਸਫ਼ਾਈ ਨੂੰ ਬਿਨ੍ਹਾਂ ਕਿਸੇ ਰੁਕਾਵਾਟ ਦੇ ਯਕੀਨੀ ਬਣਾਉਣ ਲਈ ਪੰਜਾਬ ਮਿਉਂਸੀਪਲ ਐਕਟ 1911 ਦੀ ਧਾਰਾ 233 ਤੇ 234 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਬੰਧਿਤ ਕਾਰਜਸਾਧਕ ਅਫ਼ਸਰਾਂ ਨੂੰ ਤੁਰੰਤ ਕੂੜਾ ਚੁੱਕਣ ਦਾ ਬਦਲਵਾਂ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਫ਼ਾਈ ਸੇਵਾਵਾਂ ਠੱਪ ਹੋਣ ਕਾਰਨ ਥਾਂ-ਥਾਂ ‘ਤੇ ਕੂੜਾ ਇਕੱਠਾ ਹੋ ਰਿਹਾ ਹੈ, ਜੋ ਮਾਨਸੂਨ ਦੇ ਮੌਸਮ ਵਿਚ ਨਾਲੀਆਂ ਬੰਦ ਕਰ ਸਕਦਾ ਹੈ, ਜਿਸ ਨਾਲ ਪਾਣੀ ਅਤੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ ਤੇ ਇਹ ਸਥਿਤੀ ਲੋਕਾਂ ਦੀ ਸਿਹਤ ਲਈ ਬਹੁਤ ਘਾਤਕ ਸਾਬਿਤ ਹੋ ਸਕਦੀ ਹੈ | ਉਨ੍ਹਾਂ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਠੇਕੇ ‘ਤੇ ਸਟਾਫ਼ ਰੱਖ ਕੇ ਆਊਟਸੋਰਸ ਕਰਮਚਾਰੀਆਂ ਅਤੇ ਗੱਡੀਆਂ/ਮਸ਼ੀਨਰੀ ਕਿਰਾਏ ‘ਤੇ ਲੈ ਕੇ ਜਾਂ ਦੂਜੇ ਵਿਭਾਗਾਂ ਦੇ ਅਮਲੇ ਦੀ ਤਾਇਨਾਤੀ ਕਰਕੇ ਤੁਰੰਤ ਇਕੱਠੇ ਹੋਏ ਕੂੜੇ ਨੂੰ ਚੁੱਕਣ ਤੇ ਉਸ ਦੀ ਢੋਆ ਢੁਆਈ ਕਰਨ ਅਤੇ ਵਾਤਾਵਰਣ ਪੱਖੋਂ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਹਸਪਤਾਲਾਂ, ਡਿਸਪੈਂਸਰੀਆਂ, ਸਕੂਲਾਂ, ਬਾਜ਼ਾਰਾਂ, ਬੱਸ ਸਟੈਂਡਾਂ, ਜਲ ਸਰੋਤਾਂ, ਨਾਲਿਆਂ ਅਤੇ ਹੋਰ ਸੰਵੇਦਨਸ਼ੀਲ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਸਫ਼ਾਈ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ | ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਤੇ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਪ੍ਰਭਾਵਿਤ ਥਾਵਾਂ ‘ਤੇ ਮੱਛਰਾਂ, ਲਾਰਵੇ ਦੇ ਖ਼ਾਤਮੇ ਲਈ ਫੋਗਿੰਗ, ਡਿਸਇੰਫੈਕਸ਼ਨ ਅਤੇ ਕਲੋਰੀਨੇਸ਼ਨ ਲਈ ਕਾਰਜਸਾਧਕ ਅਫ਼ਸਰ ਨਾਲ ਤਾਲਮੇਲ ਕਰਨ ਤੇ ਇਸ ਦੇ ਨਾਲ ਹੀ ਦਵਾਈਆਂ ਦੀ ਢੁੱਕਵੀਂ ਉਪਲਬੱਧਤਾ ਤੇ ਐਮਰਜੈਂਸੀ ਮੈਡੀਕਲ ਸਬੰਧੀ ਤਿਆਰੀਆਂ ਯਕੀਨੀ ਬਣਾਉਣ | ਅਕਾਸ਼ ਬਾਂਸਲ ਨੇ ਹੁਕਮ ਦਿੱਤਾ ਕਿ ਇਨ੍ਹਾਂ ਆਗਾਮੀ ਪ੍ਰਬੰਧਾਂ ‘ਤੇ ਹੋਣ ਵਾਲਾ ਖ਼ਰਚਾ ਸਬੰਧਿਤ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਮਿਉਂਸੀਪਲ ਫੰਡਾਂ ਵਿਚੋਂ ਕੀਤਾ ਜਾਵੇਗਾ ਤੇ ਇਸ ਦਾ ਪੂਰਾ ਰਿਕਾਰਡ ਤੇ ਹਿਸਾਬ ਬਾਅਦ ਵਿਚ ਪ੍ਰਵਾਨਗੀ ਲਈ ਰੱਖਿਆ ਜਾਵੇਗਾ | ਡਿਪਟੀ ਕਮਿਸ਼ਨਰ ਨੇ ਭੁਲੱਥ ਤੇ ਸੁਲਤਾਨਪੁਰ ਲੋਧੀ ਦੇ ਐਸ.ਡੀ.ਐਮ. ਦੇ ਨਾਲ ਨਾਲ ਸਥਾਨਕ ਸਰਕਾਰਾਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਰੋਜ਼ਾਨਾ ਚੁੱਕੇ ਗਏ ਕੂੜੇ ਤੇ ਕਵਰ ਕੀਤੇ ਗਏ ਇਲਾਕਿਆਂ ਬਾਰੇ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ | ਉਨ੍ਹਾਂ ਕਿਹਾ ਕਿ ਇਹ ਆਦੇਸ਼ ਸਫ਼ਾਈ ਸੇਵਾਵਾਂ ਆਮ ਵਾਂਗ ਬਹਾਲ ਹੋਣ ਜਾਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ | ਅਕਾਸ਼ ਬਾਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਸਬੰਧੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਜਾਣਕਾਰੀ ਲੈਣੀ ਹੋਵੇ, ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕਰਨ |
ਪਿਛਲੀ ਖ਼ਬਰ ਜੇ ਸਰਕਾਰ ਨੇ ਸਕੂਲਾਂ ਨੂੰ ਅਨਾਜ ਤੇ ਕੁਕਿੰਗ ਕਾਸਟ ਜਾਰੀ ਨਾ ਕੀਤੀ ਤਾਂ 1 ਅਗਸਤ ਤੋਂ ਮਿਡ ਡੇ ਮੀਲ ਬੰਦ ਹੋਵੇਗਾ-ਡੀ.ਟੀ... ਅਗਲੀ ਖ਼ਬਰ ਬਾਬਾ ਪੀਰ ਚੌਧਰੀ ਦਾ 108ਵਾਂ ਸਾਲਾਨਾ ਮੇਲਾ 30 ਤੇ 31 ਨੂੰ -ਬਾਬਾ ਗਰੀਬ ਦਾਸ, ਕੰਵਲਜੀਤ ਕਾਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।