5 ਵੀਂ ਨੈਸ਼ਨਲ ਜੈਵਲਿਨ ਡੇ ਸੈਲੀਬ੍ਰੇਸ਼ਨ ਚੈਂਪੀਅਨਸ਼ਿਪ ਭਲਕੇ ਨੂੰ ਜਲੰਧਰ ’ ਚ
ਜਲੰਧਰ, 5 ਅਗਸਤ (ਡਾ. ਜਤਿੰਦਰ ਸਾਬੀ) - ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਜ਼ਲ੍ਹਿਾ ਜਲੰਧਰ ਅਥਲੈਟਿਕਸ ਐਸੋਸੀਏਸ਼ਨ ਦੇ ਸਹਿਯੋਗ ਨਾਲ 5ਵੀਂ ਨੈਸ਼ਨਲ ਜੈਵਲਿਨ ਡੇ ਸੈਲੀਬਰੇਸ਼ਨ ਚੈਂਪੀਅਨਸ਼ਿਪ-2026 ਦਾ ਆਯੋਜਨ 7 ਅਗਸਤ (ਸ਼ੁੱਕਰਵਾਰ) ਨੂੰ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਵਿਖੇ ਕਰਵਾਇਆ ਜਾਵੇਗਾ।
ਜਲੰਧਰ, 5 ਅਗਸਤ (ਡਾ. ਜਤਿੰਦਰ ਸਾਬੀ) - ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਜ਼ਲ੍ਹਿਾ ਜਲੰਧਰ ਅਥਲੈਟਿਕਸ ਐਸੋਸੀਏਸ਼ਨ ਦੇ ਸਹਿਯੋਗ ਨਾਲ 5ਵੀਂ ਨੈਸ਼ਨਲ ਜੈਵਲਿਨ ਡੇ ਸੈਲੀਬਰੇਸ਼ਨ ਚੈਂਪੀਅਨਸ਼ਿਪ-2026 ਦਾ ਆਯੋਜਨ 7 ਅਗਸਤ (ਸ਼ੁੱਕਰਵਾਰ) ਨੂੰ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਵਿਖੇ ਕਰਵਾਇਆ ਜਾਵੇਗਾ। ਚੈਂਪੀਅਨਸ਼ਿਪ ਦੀ ਸ਼ੁਰੂਆਤ ਸਵੇਰੇ 8 ਵਜੇ ਹੋਵੇਗੀ।ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ 7 ਅਗਸਤ ਭਾਰਤੀ ਅਥਲੈਟਿਕਸ ਲਈ ਇਤਿਹਾਸਕ ਦਿਨ ਹੈ। ਇਸੇ ਦਿਨ ਭਾਰਤ ਦੇ ਓਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਉਨ੍ਹਾਂ ਦੀ ਇਸ ਇਤਿਹਾਸਕ ਉਪਲਬਧੀ ਦੀ ਯਾਦ ਵਿੱਚ ਹਰ ਸਾਲ ਦੇਸ਼ ਭਰ ਵਿੱਚ ਨੈਸ਼ਨਲ ਜੈਵਲਿਨ ਡੇ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਵੀ ਇਹ ਦਿਵਸ ਰਾਜ ਪੱਧਰ ’ਤੇ ਚੈਂਪੀਅਨਸ਼ਿਪ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਨੌਜਵਾਨ ਅਥਲੀਟਾਂ ਨੂੰ ਜੈਵਲਿਨ ਖੇਡ ਵੱਲ ਪ੍ਰੇਰਿਤ ਕਰਨਾ ਅਤੇ ਪੰਜਾਬ ਵਿੱਚ ਇਸ ਖੇਡ ਨੂੰ ਹੋਰ ਪ੍ਰਫੁੱਲਤ ਕਰਨਾ ਹੈ।ਜ਼ਲ੍ਹਿਾ ਜਲੰਧਰ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਹੈਪੀ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਦੇ ਅੰਡਰ-12 ਤੋਂ ਲੈ ਕੇ ਓਪਨ ਵਰਗ ਤੱਕ ਦੇ ਖਿਡਾਰੀ ਹਿੱਸਾ ਲੈ ਸਕਣਗੇ। ਅੰਡਰ-12 ਵਰਗ ਲਈ ਬਾਲ ਥਰੋਅ ਅਤੇ ਬਾਕੀ ਸਾਰੇ ਉਮਰ ਵਰਗਾਂ ਲਈ ਜੈਵਲਿਨ ਥਰੋਅ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਾਰੀਆਂ ਐਂਟਰੀਆਂ ਮੁਕਾਬਲੇ ਵਾਲੇ ਦਿਨ ਹੀ ਵੈਨਿਊ ’ਤੇ ਕੀਤੀਆਂ ਜਾਣਗੀਆਂ। ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਈਵੈਂਟ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਪਹੁੰਚ ਕੇ ਐਂਟਰੀ ਕਰਵਾਉਣੀ ਹੋਵੇਗੀ ਅਤੇ ਉਮਰ ਸਬੰਧੀ ਲੋੜੀਂਦੇ ਦਸਤਾਵੇਜ਼ ਨਾਲ ਲਿਆਉਣੇ ਹੋਣਗੇ।ਮੁਕਾਬਲਿਆਂ ਦਾ ਸ਼ਡਿਊਲ ਅਨੁਸਾਰ ਸਵੇਰੇ 9 ਵਜੇ ਅੰਡਰ-12 ਲੜਕੀਆਂ, 9:30 ਵਜੇ ਅੰਡਰ-12 ਲੜਕੇ, 10 ਵਜੇ ਅੰਡਰ-14 ਲੜਕੀਆਂ, 10:30 ਵਜੇ ਅੰਡਰ-14 ਲੜਕੇ, 11 ਵਜੇ ਅੰਡਰ-16, ਦੁਪਹਿਰ 12 ਵਜੇ ਅੰਡਰ-18, 12:45 ਵਜੇ ਅੰਡਰ-20 ਅਤੇ ਸ਼ਾਮ 5:30 ਵਜੇ ਪੁਰਸ਼ ਅਤੇ ਮਹਿਲਾ ਓਪਨ ਵਰਗ ਦੇ ਜੈਵਲਿਨ ਥਰੋਅ ਮੁਕਾਬਲੇ ਕਰਵਾਏ ਜਾਣਗੇ ਚੈਂਪੀਅਨਸ਼ਿਪ ਲਈ ਉਮਰ ਯੋਗਤਾ ਅਨੁਸਾਰ ਅੰਡਰ-12 ਲਈ 8 ਅਗਸਤ 2014 ਤੋਂ ਬਾਅਦ, ਅੰਡਰ-14 ਲਈ 8 ਅਗਸਤ 2012 ਤੋਂ ਬਾਅਦ, ਅੰਡਰ-16 ਲਈ 8 ਅਗਸਤ 2010 ਤੋਂ ਬਾਅਦ, ਅੰਡਰ-18 ਲਈ 8 ਅਗਸਤ 2008 ਤੋਂ ਬਾਅਦ ਅਤੇ ਅੰਡਰ-20 ਲਈ 8 ਅਗਸਤ 2006 ਤੋਂ ਬਾਅਦ ਜਨਮੇ ਖਿਡਾਰੀ ਯੋਗ ਹੋਣਗੇ, ਜਦਕਿ ਓਪਨ ਵਰਗ ਲਈ ਕੋਈ ਉਮਰ ਸੀਮਾ ਨਹੀਂ ਰੱਖੀ ਗਈ। ਸਰਬਜੀਤ ਸਿੰਘ ਹੈਪੀ ਨੇ ਪੰਜਾਬ ਦੇ ਸਮੂਹ ਕੋਚਾਂ, ਅਕੈਡਮੀਆਂ ਅਤੇ ਜੈਵਲਿਨ ਥਰੋਅ ਦੇ ਅਥਲੀਟਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।