ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਤੇ ਸਾਂਝਾ ਫ਼ਰੰਟ ਵਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਧੱਕੇਸ਼ਾਹੀਆਂ ਦੀ ਜ਼ੋਰਦਾਰ ਨਿਖੇਧੀ
ਭੁਲੱਥ, 8 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਤੇ ਸਾਂਝਾ ਮੁਲਾਜ਼ਮ ਫ਼ਰੰਟ ਵੱਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਧੱਕੇਸ਼ਾਹੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ | ਗੱਲਬਾਤ ਕਰਦਿਆਂ ਕਰਮਚਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਹੋਈ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਮਹਾ ਰੈਲੀ ਨੇ ਸਾਬਤ ਕਰ ਦਿੱਤਾ ਹੈ ਕਿ ਯੂਨੀਅਨ ਆਪਣੀਆਂ ਹੱਕੀ ਮੰਗਾਂ ਵਾਸਤੇ ਪਿੱਛੇ ਨਹੀਂ ਹਟੇਗੀ | ਇਸ ਮੌਕੇ ਰੀਡਰ ਤਰਸੇਮ ਸਿੰਘ ਨੇ ਕਰਮਚਾਰੀ ਯੂਨੀਅਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਹਾਂ ਰੈਲੀ ਵਿਚ ਚੰਡੀਗੜ੍ਹ ਵਿਖੇ ਪੂਰੇ ਸੰਘਰਸ਼ਮਈ ਤਰੀਕੇ ਨਾਲ ਉਤਸ਼ਾਹ ਪੂਰਵਕ ਕਰਮਚਾਰੀਆਂ ਵੱਲੋਂ ਸ਼ਮੂਲੀਅਤ ਕਰਕੇ ਸਿੱਧ ਕਰ ਦਿੱਤਾ ਹੈ, ਕਿ ਆਉਣ ਵਾਲੇ ਦਿਨਾਂ ਅੰਦਰ ਜੇਕਰ ਸਰਕਾਰ ਆਪਣੇ ਅੜੀਅਲ ਵਤੀਰੇ ਨੂੰ ਤਿਆਗ ਕੇ ਮੰਗਾਂ ਨਹੀਂ ਪੂਰੀਆਂ ਕਰਦੀ ਤਾਂ ਆਉਣ ਵਾਲੇ ਦਿਨਾਂ ਅੰਦਰ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਰਾਜਪਾਲ ਨਾਹਰ, ਹੰਸ ਰਾਜ ਤੇ ਕੁਲਵਿੰਦਰ ਸਿੰਘ ਹਾਜ਼ਰ ਸਨ |