ਲਾਅ ਗੇਟ ਦੇ ਨਾਕੇ ’ਤੇ ਹੋਈ ਬਹਿਸਬਾਜ਼ੀ ਮਗਰੋਂ ਕਾਰ ਚਾਲਕਾਂ ਨੇ ਇੱਟਾਂ ਪੱਥਰ ਚਲਾਏ, ਪੁਲਿਸ ਵਲੋਂ ਜਾਂਚ ਸ਼ੁਰੂ
ਫਗਵਾੜਾ, 19 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਲਾਅ ਗੇਟ ਇਲਾਕੇ ‘ਚ ਬੀਤੀ ਦੇਰ ਰਾਤ ਪ੍ਰਾਈਵੇਟ ਸੁਰੱਖਿਆ ਕਰਮਚਾਰੀਆਂ ਤੇ ਕਾਰ ਚਾਲਕ ਵਿਅਕਤੀਆਂ ਵਿਚਕਾਰ ਤਕਰਾਰ ਹੋ ਗਿਆ ਜਿਸ ਦੌਰਾਨ ਇੱਟਾਂ ਪੱਥਰ ਚੱਲਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਅਨੁਸਾਰ ਇੱਥੇ ਇੱਕ ਨਿੱਜੀ ਕੰਪਨੀ ਵੱਲੋਂ ਤਾਇਨਾਤ ਮਹਿਲਾ ਸੁਰੱਖਿਆ ਕਰਮੀ ਕਾਜਲ ਨੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੇ ਇੱਕ ਨੌਜਵਾਨ ਨੂੰ ਗੱਡੀ ਦੀ ਰਫ਼ਤਾਰ ਸਬੰਧੀ ਰੋਕਿਆ ਸੀ | ਇਸ ਦੌਰਾਨ ਉਸ ਦੀ ਚਾਲਕ ਨਾਲ ਬਹਿਸ ਹੋ ਗਈ ਅਤੇ ਉਹ ਮੌਕੇ ਤੋਂ ਚਲਾ ਗਿਆ | ਮਹਿਲਾ ਸੁਰੱਖਿਆ ਕਰਮੀ ਕਾਜਲ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ ਉਕਤ ਗੱਡੀ ਚਾਲਕ ਦਰਜਨਾਂ ਅਣਪਛਾਤੇ ਨੌਜਵਾਨਾਂ ਨੂੰ ਨਾਲ ਲੈ ਕੇ ਮੁੜ ਮੌਕੇ ‘ਤੇ ਆ ਗਿਆ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗ ਪਿਆ | ਇਸ ਦੌਰਾਨ ਹੋਰ ਸੁਰੱਖਿਆ ਕਰਮੀਆਂ ਨੇ ਮਹਿਲਾ ਗਾਰਡ ਨੂੰ ਪਿੱਛੇ ਕਰ ਦਿੱਤਾ, ਜਦਕਿ ਸੁਰੱਖਿਆ ਕਰਮੀਆਂ ਤੇ ਉਕਤ ਨੌਜਵਾਨਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ ਤੇ ਉਕਤ ਅਣਪਛਾਤੇ ਨੌਜਵਾਨਾਂ ਨੇ ਸੁਰੱਖਿਆ ਕਰਮੀਆਂ ‘ਤੇ ਇੱਟਾਂ ਤੇ ਬੋਤਲਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਦੋ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ | ਮਹਿਲਾ ਗਾਰਡ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਕਤ ਨੌਜਵਾਨਾਂ ਵਲੋਂ ਤਿੰਨ ਗੋਲੀਆਂ ਵੀ ਚਲਾਈਆਂ ਗਈਆਂ | ਹਾਦਸੇ ‘ਚ ਦੋ ਸੁਰੱਖਿਆ ਗਾਰਡ ਜ਼ਖਮੀ ਹੋ ਗਏ | ਜਦਕਿ ਇੱਕ ਜ਼ਖਮੀ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ ਜਿਸ ਦਾ ਸਿਵਲ ਹਸਪਤਾਲ ਵਿਖੇ ਇਲਾਜ ਜਾਰੀ ਹੈ ਤੇ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ |