ਕਿਸਾਨਾਂ ਵਲੋਂ ਆਪਣੇ ਖ਼ੂਨ ਪਸੀਨੇ ਦੇ ਨਾਲ ਬਣਾਇਆ ਸਹਿਕਾਰੀ ਦਫ਼ਤਰ ਕੌਡੀਆਂ ਦੇ ਭਾਅ ਵਿਕਿਆ-ਸੁਖਵੰਤ ਸਿੰਘ ਤੱਖਰ
ਭੁਲੱਥ, 25 ਅਗਸਤ (ਮਨਜੀਤ ਸਿੰਘ ਰਤਨ)-ਕਿਸਾਨਾਂ ਵੱਲੋਂ ਆਪਣੇ ਖ਼ੂਨ ਪਸੀਨੇ ਦੇ ਨਾਲ ਬਣਾਇਆ ਸਹਿਕਾਰੀ ਦਫ਼ਤਰ ਭੁਲੱਥ ਕੌਡੀਆਂ ਦੇ ਭਾਅ ਵਿਕ ਗਿਆ ਹੈ | ਇਹ ਪ੍ਰਗਟਾਵਾ ਭੁਲੱਥ ਤੋਂ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਨੇ ਇਕ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਇਹ ਸਹਿਕਾਰੀ ਸਭਾ ਜਦੋਂ ਕਾਇਮ ਕੀਤੀ ਗਈ ਸੀ ਉਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ ਉਦੋਂ ਸਾਡੇ ਬਜ਼ੁਰਗਾਂ ਨੇ ਇਹ ਸੁਸਾਇਟੀ ਭੁਲੱਥ ਦੇ ਵਿਚ ਕਾਇਮ ਕੀਤੀ ਸੀ ਜਿਹਦੇ ਤੋਂ ਕਿਸਾਨਾਂ ਨੂੰ ਬਹੁਤ ਲਾਭ ਸੀ ਘੱਟ ਵਿਆਜ ’ਤੇ ਪੈਸੇ ਮਿਲਦੇ ਸੀ, ਦਵਾਈ, ਖਾਦ ਵਗ਼ੈਰਾ ਸਾਰਾ ਸਸਤੇ ਰੇਟਾਂ ਤੇ ਮਿਲਦਾ ਸੀ ਤੇ ਉਹ ਲੁੱਟ ਖਸੁੱਟ ਤੋਂ ਬਚਦੇ ਸੀ | ਸ਼ੁਰੂ ਸ਼ੁਰੂ ਵਿਚ ਸੋਸਾਇਟੀ ਕਿਰਾਏ ਦੇ ਮਕਾਨਾਂ ਤੋਂ ਲੈ ਕੇ ਸ਼ੁਰੂ ਕੀਤੀ ਗਈ ਸੀ ਫਿਰ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਦੇ ਨਾਲ ਕਿਸਾਨਾਂ ਦੀ ਸਹਾਇਤਾ ਦੇ ਨਾਲ ਇਹ ਦਫ਼ਤਰ ਕਾਇਮ ਕੀਤਾ | ਜਿਸ ਦੇ ਜੋਗਿੰਦਰ ਪਾਲ ਮਰਵਾਹਾ ਪ੍ਰਧਾਨ ਰਹੇ, ਮਹਿੰਦਰ ਸਿੰਘ ਘੋਤੜਾ ਅਤੇ ਮੇਰੇ ਪਿਤਾ ਜੀ ਪਲਵਿੰਦਰ ਸਿੰਘ ਪ੍ਰਧਾਨ ਰਹੇ ਜਦਕਿ ਮੈਨੂੰ ਵੀ ਪ੍ਰਧਾਨ ਬਣਨ ਦਾ ਸਮਾਂ ਮਿਲਿਆ ਸੁਸਾਇਟੀ ਦੇ ਹੋਰ ਵੀ ਕਈ ਪ੍ਰਧਾਨ ਬਣੇ | ਉਨ੍ਹਾਂ ਦਿਨਾਂ ਦੇ ਵਿਚ ਜਦੋਂ ਸੁਸਾਇਟੀ ਕਿਤੇ ਘਾਟੇ ਵਿਚ ਚੱਲ ਜਾਂਦੀ ਸੀ ਜਾਂ ਸੋਸਾਇਟੀ ਡਿਫਾਲਟਰ ਹੋਣ ਲੱਗਦੀ ਸੀ ਤੇ ਉਦੋਂ ਜਿਹੜੇ ਪ੍ਰਧਾਨ, ਮੈਂਬਰ ਜਾਂ ਜਿਹੜੇ ਮੋਹਤਬਰ ਸੱਜਣ ਹੁੰਦੇ ਸੀ ਉਹ ਕੋਲੋਂ ਪੈਸੇ ਪਾ ਕੇ ਸੁਸਾਇਟੀ ਨੂੰ ਡਿਫਾਲਟਰ ਨਹੀਂ ਸੀ ਹੋਣ ਦਿੰਦੇ ਅਤੇ ਇਸ ਸੁਸਾਇਟੀ ਦੀ ਆਈ ਚਲਾਈ ਇਸੇ ਤਰੀਕੇ ਨਾਲ ਚੱਲਦੀ ਰਹਿੰਦੀ ਸੀ | ਜਦੋਂ ਇਹ ਦਫ਼ਤਰ ਇੱਥੇ ਸਥਾਪਿਤ ਕੀਤਾ ਗਿਆ ਇਹ ਬੜੀ ਮਿਹਨਤ ਨਾਲ ਸਥਾਪਿਤ ਕੀਤਾ, ਵਿਰੋਧਤਾ ਦੇ ਬਾਵਜੂਦ ਵੀ ਇਹ ਦਫ਼ਤਰ ਸਥਾਪਿਤ ਕੀਤਾ ਗਿਆ ਪਰ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਕਮੇਟੀ ਭੁਲੱਥ ਚ ਆਈ ਤੇ ਤੇ ਇਹ ਸੁਸਾਇਟੀ ਨੂੰ ਵੇਚ ਦਿੱਤਾ ਗਿਆ ਅਤੇ ਇਹਨਾਂ ਵੱਲੋਂ ਬਹੁਤ ਹੀ ਘਟੀਆ ਕੰਮ ਕੀਤਾ ਗਿਆ ਅਤੇ ਮਹਿੰਗੇ ਮੁੱਲ ਦੀ ਜ਼ਮੀਨ ਕੋਡੀਆਂ ਦੇ ਭਾਅ ਵੇਚ ਦਿੱਤੀ ਗਈ |