ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਗੈਰ ਵਿੱਦਿਅਕ ਕੰਮਾਂ, ਖੇਡਾਂ, ਮਿਡ-ਡੇ-ਮੀਲ ਦਾ ਬਾਈਕਾਟ ਜਾਰੀ ਰੱਖਣ ਦਾ ਫ਼ੈਸਲਾ
ਖਲਵਾੜਾ, 8 ਅਕਤੂਬਰ (ਮਨਦੀਪ ਸਿੰਘ ਸੰਧੂ)-ਪਿਛਲੇ ਦਿਨਾਂ ਤੋਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਦੇ ਅਧਿਆਪਕਾਂ ਨੇ ਗੈਰ ਵਿੱਦਿਅਕ ਕੰਮ, ਬਿਨਾਂ ਖੇਡ ਫ਼ੰਡ ਜਾਰੀ ਕਰਨ ਤੋਂ ਖੇਡਾਂ, ਪੰਜ ਮਹੀਨੇ ਦੇ ਮਿਡ ਡੇ ਮੀਲ ਦੇ ਖ਼ਰਚ ਦੇ ਬਕਾਏ ਜਾਰੀ ਕਰਨ ਤੋਂ ਬਿਨਾਂ ਮਿਡ ਡੇ ਮੀਲ, ਸਫ਼ਾਈ ਸੇਵਕ ਭਰਤੀ ਕਰਨ ਤੋਂ ਬਿਨਾਂ ਸਕੂਲਾਂ ਦੀ ਸਫ਼ਾਈ ਆਦਿ ਦਾ ਬਾਈਕਾਟ ਦੀ ਕਾਲ ਦੀ ਸਮੀਖਿਆ ਕਰਨ ਲਈ ਅੱਜ ਸਮੂਹ ਅਧਿਆਪਕ ਜਥੇਬੰਦੀਆਂ ਦੀ ਵਰਚੂਅਲ ਮੀਟਿੰਗ ਕੀਤੀ ਗਈ | ਜਿਸ ਵਿਚ ਗਣੇਸ਼ ਭਗਤ, ਸਤਨਾਮ ਸਿੰਘ, ਸਤਵੰਤ ਸਿੰਘ ਟੂਰਾ, ਦਲਜੀਤ ਸਿੰਘ ਸੈਣੀ, ਸਤਨਾਮ ਸਿੰਘ ਗਿੱਲ, ਪੰਕਜ ਸ਼ਰਮਾ, ਰਵਿੰਦਰ ਸਿੰਘ, ਤੀਰਥ ਸਿੰਘ, ਜਸਵੀਰ ਸਿੰਘ ਭੰਗੂ, ਪਰਮਿੰਦਰ ਸਿੰਘ, ਜਸਬੀਰ ਸਿੰਘ ਸੈਣੀ, ਪਰਮਜੀਤ ਸਿੰਘ ਚੌਹਾਨ, ਸੁਰਿੰਦਰ ਰਾਮ, ਜਸਪਾਲ ਸਿੰਘ ਬੋਹਾਨੀ, ਨਵਤੇਜ ਸਿੰਘ, ਸੁਨੀਤਾ ਰਾਣੀ, ਕਮਲਦੀਪ ਕੌਰ ਸੈਣੀ, ਨੇਹਾ ਸੇਠੀ, ਸ਼ਵੇਤਾ ਧੁੱਪੜ, ਕੁਲਵੀਰ ਕੌਰ, ਕਮਲ ਕੁਮਾਰ, ਜਸਵਿੰਦਰ ਸਿੰਘ, ਮਨਜਿੰਦਰ ਕੌਰ, ਕੁਲਦੀਪ ਕੌਰ, ਪਵਨ ਕੁਮਾਰ ਅੱਤਰੀ ਹੋਰ ਕਈ ਅਧਿਆਪਕ ਆਗੂ ਸ਼ਾਮਲ ਸਨ | ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਉਪਰੋਕਤ ਕੰਮਾਂ ਦੇ ਫ਼ੰਡ ਜਾਰੀ ਨਾ ਕਰਨ ’ਤੇ ਬਾਈਕਾਟ ਕਰਨ ਦਾ ਨੋਟਿਸ ਦਿੱਤਾ ਗਿਆ ਸੀ, ਜੋ ਹੁਣ ਤੱਕ ਵੀ ਫ਼ੰਡ ਜਾਰੀ ਨਹੀਂ ਕੀਤੇ ਗਏ | ਜਿਸ ਕਾਰਨ ਮੀਟਿੰਗ ਵਿਚ ਸਰਬਸੰਮਤੀ ਨਾਲ ਉਪਰੋਕਤ ਕੰਮਾਂ ਦਾ ਬਾਈਕਾਟ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਸਮੂਹ ਅਧਿਆਪਕ ਜਥੇਬੰਦੀਆਂ ਸੀਨੀਅਰ ਆਗੂਆਂ ਦਾ ਵਫ਼ਦ 14 ਅਕਤੂਬਰ ਨੂੰ ਪੰਜ ਮਹੀਨਿਆਂ ਦੇ ਬਕਾਇਆ ਮਿਡ ਡੇ ਮੀਲ ਦੇ ਫ਼ੰਡਾਂ ਸਬੰਧੀ, ਖੇਡ ਫ਼ੰਡ ਸਬੰਧੀ, ਪਦਉਨਤੀਆਂ ਸਬੰਧੀ, ਸਟੇਸ਼ਨਾਂ ਸਬੰਧੀ ਅਤੇ ਸੀਨੀਅਰ ਅਧਿਆਪਕਾਂ ਦੇ ਰਹਿ ਗਏ ਕੇਸਾਂ ਸਬੰਧੀ ਉੱਚ ਸਿੱਖਿਆ ਅਧਿਕਾਰੀਆਂ ਨੂੰ ਮਿਲੇਗਾ | ਆਗੂਆਂ ਵੱਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋ ਰਹੀ ਮੁਲਾਜ਼ਮਾਂ ਪੈਨਸ਼ਨਰਾਂ ਦੀ ਸਾਂਝੀ ਰੈਲੀ ਵਿਚ ਅਧਿਆਪਕ ਵਰਗ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ |