JALANDHAR WEATHER

ਕਸਬਾ ਚਮਿਆਰੀ ਸੰਬੰਧਿਤ ਅੰਮ੍ਰਿਤਪਾਲ ਸਿੰਘ ਦੀ ਇੰਗਲੈਂਡ 'ਚ ਮੌਤ

ਚਮਿਆਰੀ,5 ਮਈ (ਜਗਪ੍ਰੀਤ ਸਿੰਘ) - ਇੰਗਲੈਂਡ ਗਏ ਕਸਬਾ ਚਮਿਆਰੀ ਨਾਲ ਸੰਬੰਧਿਤ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਇੰਗਲੈਂਡ ਵਿਚ ਬਿਮਾਰੀ ਕਾਰਨ ਮੌਤ ਹੋ ਜਾਣ ਦੀ ਦੁਖਦ ਖ਼ਬਰ ਆਉਣ ਨਾਲ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਫ਼ੈਲ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਰੋਂਦਿਆਂ ਦੱਸਿਆ ਕਿ ਅਜੇ 7 ਮਹੀਨੇ ਪਹਿਲਾਂ ਹੀ ਉਸ ਨੇ ਆਪਣੇ ਪਰਿਵਾਰ ਦੇ ਆਰਥਿਕ ਹਲਾਤ ਸੁਧਾਰਨ ਦੀ ਆਸ ਨਾਲ ਜ਼ਮੀਨ ਗਹਿਣੇ ਧਰ ਕੇ ਆਪਣੇ ਪੁੱਤ ਨੂੰ ਇੰਗਲੈਂਡ ਦੇ ਲੀਸੇਸਟਰ ਸ਼ਹਿਰ ਵਿਖੇ ਪੜ੍ਹਨ ਲਈ ਭੇਜਿਆ ਸੀ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਨਮੂਨੀਏ ਦੀ ਸ਼ਿਕਾਇਤ ਹੋ ਗਈ ਸੀ ਅਤੇ ਉਹ ਇਕ ਹਫ਼ਤੇ ਤੋਂ ਹਸਪਤਾਲ ਵਿਚ ਦਾਖ਼ਲ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਉਨ੍ਹਾਂ ਨੂੰ ਅੱਜ ਫੌਨ ਰਾਹੀਂ ਇਹ ਸੂਚਨਾ ਮਿਲੀ ਹੈ। ਅੰਮ੍ਰਿਤਪਾਲ ਦੀ ਮੌਤ ਦੀ ਦੁਖਦ ਖ਼ਬਰ ਆਉਂਦਿਆਂ ਹੀ ਜਿੱਥੇ ਉਸਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਉਥੇ ਹੀ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਪੀੜਤ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਮੁਹਤਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਮ੍ਰਿਤਕ ਸਰੀਰ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਉਸਦੇ ਜੱਦੀ ਕਸਬੇ 'ਚ ਨਿਭਾਈਆਂ ਜਾ ਸਕਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ