New Page 1

 

 

 

 


ਮਨਪ੍ਰੀਤ ਸਿੰਘ ਬਾਦਲ ਵੱਲੋਂ ਕੈਨੇਡਾ ਦੀ ਧਰਤੀ 'ਤੇ 'ਸਹੁੰ ਚੁੱਕ ਸਮਾਗਮ'
ਸਰੀ 'ਚ ਵਿਸ਼ਾਲ ਰੈਲੀ

ਕੈਨੇਡੀਅਨ ਪੰਜਾਬੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ: ਮਨਪ੍ਰੀਤ ਸਿੰਘ ਬਾਦਲ ਅਤੇ ਹਾਜ਼ਰ ਇਕੱਠ। ਤਸਵੀਰਾਂ : ਗੁਰਵਿੰਦਰ ਸਿੰਘ ਧਾਲੀਵਾਲ

ਸਰੀ, 8 ਅਗਸਤ (ਗੁਰਵਿੰਦਰ ਸਿੰਘ ਧਾਲੀਵਾਲ)-ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਸਾਥ ਮੰਗਣ ਉੱਤਰੀ ਅਮਰੀਕਾ ਦੀ ਧਰਤੀ 'ਤੇ ਪੁੱਜੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਾਦਲ ਵੱਲੋਂ ਗ਼ਦਰੀ ਬਾਬਿਆਂ ਦੀ ਧਰਤੀ 'ਤੇ ਹੋਏ ਵਿਸ਼ਾਲ ਜਲਸੇ ਨੂੰ 'ਸਹੁੰ ਚੁੱਕ ਸਮਾਗਮ' ਦਾ ਨਾਂਅ ਦਿੱਤਾ ਗਿਆ, ਜਿਸ ਦੀ ਪ੍ਰਵਾਨਗੀ ਸਰੀ ਦੇ ਮਲੇਸ਼ੀਆ ਪਾਰਕ ਦੇ ਖੁੱਲ੍ਹੇ ਮੈਦਾਨ 'ਚ ਹਜ਼ਾਰਾਂ ਪੰਜਾਬੀਆਂ ਵੱਲੋਂ ਦਿੱਤੀ ਗਈ। ਇਸ ਮੌਕੇ 'ਤੇ ਮਨਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ 'ਪੰਜਾਬ 'ਚ ਅਗਲੀ ਸਰਕਾਰ' ਪੀਪਲਜ਼ ਪਾਰਟੀ ਦੀ ਹੋਵੇਗੀ ਤੇ 'ਨਵੇਂ ਇਨਕਲਾਬ' ਅੱਗੇ ਮੌਜੂਦਾ ਸੱਤਾਧਾਰੀ ਆਗੂ 'ਰੇਤ ਦੀ ਕੰਧ' ਵਾਂਗੂੰ ਢਹਿ-ਢੇਰੀ ਹੋ ਜਾਣਗੇ। ਆਪਣੀ ਸਿਆਸੀ ਨੀਤੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਨਵਾਂ ਨੁਸਖਾ ਜਾਂ ਘਾੜਤ ਨਹੀਂ, ਸਗੋਂ ਕਾਇਨਾਤ ਦੀ ਸਭ ਤੋਂ ਮਹਾਨ ਸ਼ਖ਼ਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੀ 'ਬੁਰਾਈ ਖਿਲਾਫ਼ ਲੜਾਈ ਦੀ ਪ੍ਰੇਰਣਾ' ਉੱਪਰ ਆਧਾਰਿਤ ਹੋਵੇਗੀ। ਸ਼ਹੀਦੇ ਆਜ਼ਮ ਸ: ਭਗਤ ਸਿੰਘ ਸਮੇਤ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਆਜ਼ਾਦੀ ਦੇ 65 ਸਾਲ ਆਮ ਦੇਸ਼ ਵਾਸੀਆਂ ਲਈ ਗਰੀਬੀ, ਭ੍ਰਿਸ਼ਟਾਚਾਰ ਤੇ ਭੁੱਖਮਰੀ ਵਰਗੇ ਦੈਂਤਾਂ ਨੇ ਨਿਗਲ ਲਏ ਹਨ ਤੇ ਉਹ ਇਨ੍ਹਾਂ ਦਾ ਸਾਰਾ 'ਜ਼ਹਿਰ ਚੂਸ' ਕੇ ਲੋਕਾਂ ਨੂੰ 'ਕਾਨੂੰਨ ਦਾ ਰਾਜ' ਦੇਣਗੇ। ਉੱਤਰੀ ਅਮਰੀਕਾ 'ਚ ਪਾਰਟੀ ਦੇ ਕੋਆਰਡੀਨੇਟਰ ਤੇ ਪ੍ਰਸਿੱਧ ਕਮੇਡੀਅਨ ਭਗਵੰਤ ਮਾਨ ਦੇ ਦੇਸ਼ ਦੇ ਨਿਜ਼ਾਮ 'ਤੇ ਕਰਾਰੀ ਚੋਟ ਮਾਰਦਿਆਂ ਕਿਹਾ ਕਿ ਹਰ ਵਰ੍ਹੇ ਆਜ਼ਾਦੀ ਦੇ ਦਿਨ ਰਾਸ਼ਟਰ ਦਾ ਮੁਖੀ ਲਾਲ ਕਿਲ੍ਹੇ ਦੇ ਬੁਲਟ ਪਰੂਫ ਬਾਕਸ ਵਿਚੋਂ ਦੇਸ਼ ਵਾਸੀਆਂ ਨੂੰ 'ਆਜ਼ਾਦੀ' ਦਾ ਭਾਸ਼ਣ ਦਿੰਦਾ ਹੈ। ਜਿਹੜਾ ਵਾਰ-ਵਾਰ ਸੁਣ ਕੇ ਉਥੋਂ ਦੇ 'ਗੋਲੇ ਕਬੂਤਰਾਂ' ਨੂੰ ਚੇਤੇ ਹੋ ਗਿਆ ਹੈ, ਪਰ ਆਗੂਆਂ ਨੇ ਗੁੰਮਰਾਹਕੁੰਨ ਭਾਸ਼ਣ ਨਹੀਂ ਬਦਲਿਆ। ਬੁਲਾਰਿਆਂ 'ਚ ਪਾਰਟੀ ਦੇ ਸੀਨੀਅਰ ਆਗੂ ਸ: ਜਸਬੀਰ ਸਿੰਘ ਬਰਾੜ, ਸ: ਕੁਸ਼ਲਦੀਪ ਸਿੰਘ ਢਿੱਲੋਂ, ਨੌਜਵਾਨ ਆਗੂ ਸ: ਗੁਰਪ੍ਰੀਤ ਸਿੰਘ ਭੱਟੀ ਆਦਿ ਦੇ ਨਾਂਅ ਵਰਨਣਯੋਗ ਹਨ। ਸਰੀ ਦੇ ਜਲਸੇ ਦੀ ਸਟੇਜ ਦੀ ਕਾਰਵਾਈ ਡਾ: ਸੁੱਖੀ ਕਾਹਲੋਂ ਨੇ ਕੀਤੀ ਤੇ ਪ੍ਰਬੰਧਕਾਂ ਵੱਲੋਂ ਰਿੰਪੀ ਗਰੇਵਾਲ ਨੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਲੋਕਾਂ ਦਾ ਮਨੋਰੰਜਨ ਕਰਨ ਲਈ ਕੈਨੇਡਾ ਦੇ ਪੰਜਾਬੀ ਗਾਇਕ ਗੁਰਜੀਤ ਬਾਪਲਾ ਨੇ ਪੰਜਾਬੀ ਗੀਤਾਂ ਰਾਹੀਂ ਭਰਪੂਰ ਹਾਜ਼ਰੀ ਲੁਆਈ। ਕੈਨੇਡੀਅਨ ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਪੂਰਾ ਜਾਇਜ਼ਾ ਲਿਆ ਗਿਆ ਤੇ ਪ੍ਰਾਈਵੇਟ ਸੁਰੱਖਿਆ ਦਸਤੇ ਵੀ ਤਾਇਨਾਤ ਕੀਤੇ ਗਏ। ਰੈਲੀ ਦੌਰਾਨ ਸ: ਮਨਪ੍ਰੀਤ ਸਿੰਘ ਬਾਦਲ ਦਾ ਸਟੇਜ ਦੀ ਥਾਂ ਲੋਕਾਂ ਵਿਚਕਾਰ ਜਾਕੇ ਬੈਠਣਾ ਪ੍ਰਸੰਸਾਯੋਗ ਬਣਿਆ ਰਿਹਾ।

ਕਬੱਡੀ ਖਿਡਾਰੀ ਸ਼ੀਰਾ ਜਰਗੜੀ ਨੂੰ ਗੋਲਡ ਮੈਡਲ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਰਾ ਜਰਗੜੀ ਦਾ ਗੋਲਡ ਮੈਡਲ ਨਾਲ ਸਨਮਾਨ ਕਰਦੇ ਪ੍ਰਬੰਧਕ।

ਬਰੇਸ਼ੀਆ (ਇਟਲੀ), 8 ਅਗਸਤ (ਬਲਦੇਵ ਸਿੰਘ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਰਾ ਜਰਗੜੀ ਜੋ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਇਟਲੀ ਦੀ ਇੰਡੀਅਨ ਇਟਾਲੀਅਨ ਸਪੋਰਟਸ ਕਲੱਬ, ਕਰੇਮੋਨਾ ਪਾਰਮਾ ਵੱਲੋਂ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਸ਼ੀਰਾ ਜਰਗੜੀ ਵੱਲੋਂ ਕੱਲ੍ਹ ਸਮਾਪਤ ਹੋਏ ਯੂਰਪ ਕੱਪ ਦੌਰਾਨ ਇੰਡੀਅਨ ਇਟਾਲੀਅਨ ਸਪੋਰਟਸ ਕਲੱਬ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਬਿੱਟੂ, ਮੋਹਨ ਸਿੰਘ ਹੇਲਰਾਂ, ਉਂਕਾਰ ਸਿੰਘ ਗਿੱਲ, ਸੋਨੀ ਪੁਰੇਵਾਲ, ਬਲਜਿੰਦਰ ਪੁਰੇਵਾਲ ਵੱਲੋਂ ਗੋਲਡ ਮੈਡਲ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਅਵਸਰ 'ਤੇ ਆਲ ਇਟਲੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ, ਅੰਤਰਰਾਸ਼ਟਰੀ ਖਿਡਾਰੀ ਸੁਖਦੇਵ ਸਿੰਘ ਸ਼ੁਕਰੀ ਢੇਰੀ, ਜਤਿੰਦਰ ਸਿੰਘ ਬਾਜਵਾ, ਗੁਰਦਿਆਲ ਸਿੰਘ ਦੋਲੀਕੇ, ਰਣਜੀਤ ਸਿੰਘ ਧਾਮੀ, ਜਸਵਿੰਦਰ ਸਿੰਘ ਬੈਨੀਪਾਲ, ਮਨਜੀਤ ਸਿੰਘ ਭੱਦਲਥੂਹਾ, ਤਰਸੇਮ ਸਿੰਘ ਜਲਾਲਪੁਰ, ਸੁਖਦੇਵ ਸਿੰਘ ਫੌਜੀ, ਇੰਦਰਜੀਤ ਸਿੰਘ ਘੁੰਮਣ, ਜਸਵੀਰ ਸਿੰਘ ਉੱਪਲ, ਕੁਲਵੀਰ ਸਿੰਘ ਕਲਕੱਤਾ ਅਤੇ ਅਵਤਾਰ ਸਿੰਘ ਚੈੜੀਆਂ ਹਾਜ਼ਰ ਸਨ।

ਬਾਬਾ ਨਿਧਾਨ ਸਿੰਘ ਅੰਤਰਰਾਸ਼ਟਰੀ ਸੁਸਾਇਟੀ ਵੱਲੋਂ ਸੈਮੀਨਾਰ

ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਚੇਅਰਮੈਨ ਭਾਈ ਮਹਿੰਦਰ ਸਿੰਘ ਨੂੰ ਪੰਥਕ ਸੇਵਾਵਾਂ ਬਦਲੇ 'ਸ਼੍ਰੋਮਣੀ ਸੇਵਾ ਐਵਾਰਡ' ਨਾਲ ਸਨਮਾਨਿਤ ਕਰਦੇ ਹੋਏ ਡਾ: ਜਸਪਾਲ ਸਿੰਘ ਅਤੇ ਹੋਰ।

ਟੋਰਾਂਟੋ, 8 ਅਗਸਤ (ਅੰਮ੍ਰਿਤਪਾਲ ਸਿੰਘ ਸੈਣੀ)-ਬਾਬਾ ਨਿਧਾਨ ਸਿੰਘ ਅੰਤਰਰਾਸ਼ਟਰੀ ਸੋਸਾਇਟੀ ਦੀ ਕੈਨੇਡਾ ਇਕਾਈ ਵੱਲੋਂ ਬਾਬਾ ਜੀ ਦੀ 65ਵੀਂ ਬਰਸੀ ਨੂੰ ਸਮਰਪਿਤ 'ਸਿੱਖ ਧਰਮ ਵਿਚ ਸੇਵਾ, ਸੰਕਲਪ ਅਤੇ ਸੰਸਥਾ' ਵਿਸ਼ੇ 'ਤੇ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਨੇੜਲੇ ਉਪ ਸ਼ਹਿਰ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ: ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਬਾਬਾ ਬਲਬੀਰ ਸਿੰਘ ਸੀਚੇਵਾਲ ਤੋਂ ਇਲਾਵਾ ਵਿੱਕੀ ਢਿੱਲੋਂ ਸਿਟੀ ਕੌਂਸਲਰ ਬਰੈਂਪਟਨ ਅਤੇ ਡਾ: ਹਰਜਿੰਦਰ ਸਿੰਘ ਵਾਲੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਰਣਵੀਰ ਸਿੰਘ ਪਰਹਾਰ, ਕੁਲਜੀਤ ਸਿੰਘ ਜੰਜੂਆ ਅਤੇ ਪੰਜਾਬ ਤੋਂ ਡਾ: ਸਤੀਸ਼ ਕੁਮਾਰ ਵਰਮਾ ਅਤੇ ਡਾ: ਬਲਵਿੰਦਰ ਸਿੰਘ ਥਿੰਦ ਨੇ ਖੋਜ ਪੱਤਰ ਪੜ੍ਹੇ। ਡਾ: ਜਸਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਮਨੁੱਖ ਨੂੰ ਸੇਵਾ ਤੇ ਪਰਉਪਕਾਰ ਦੇ ਸਦਗੁਣ ਅਪਣਾ ਕੇ ਸਮਾਜ ਉਸਾਰੀ ਲਈ ਪ੍ਰੇਰਿਤ ਕਰਦਾ ਹੈ। ਬਾਬਾ ਸੀਚੇਵਾਲ ਨੇ ਪਲੀਤ ਹੋ ਰਹੇ ਵਾਤਾਵਰਨ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਕੁਦਰਤ ਨੂੰ ਆਪਣਾ ਸਮਤੋਲ ਬਣਾਈ ਰੱਖਣ ਲਈ ਉਸ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਏ। ਇਸ ਮੌਕੇ ઠਡਾ: ਅਮਰ ਸਿੰਘ, ਲਾਹੌਰ ਤੋਂ ਡਾ: ਮੁਹੰਮਦ ਸਲੀਮ, ਭਰਪੂਰ ਸਿੰਘ ਖਾਲਸਾ, ਜਥੇਦਾਰ ਤਰਲੋਚਨ ਸਿੰਘ ਕਾਲਰਾ, ਰਣਬੀਰ ਸਿੰਘ ਗਿੱਲ, ਡਾ: ਨਾਇਬ ਸਿੰਘ ਮੰਡੇਰ, ਡਾ: ਨਰਿੰਦਰ ਪਾਲ ਸਿੰਘ, ਡਾ: ਜਸਵਿੰਦਰ ਸਿੰਘ, ਡਾ: ਸੁਰਜੀਤ ਸਿੰਘ ਭੱਟੀ, ਅਜੈਬ ਸਿੰਘ ਚੱਠਾ, ઠਲਖਵੀਰ ਸਿੰਘ ਗਰੇਵਾਲ, ਪ੍ਰੋ: ਬਲਵੀਰ ਸਿੰਘ ਬੱਲੀ, ਮਹਿੰਦਰ ਪਾਲ ਸਿੰਘ, ਬਲਜਿੰਦਰ ਸੇਖਾ, ਸੰਜੀਵ ਸਿੰਘ ਭੱਟੀ, ਡਾ: ਰਜਨੀਸ਼ ਬਹਾਦਰ, ਡਾ: ਧਨਵੰਤ ਕੌਰ, ਡਾ: ਸ਼ਰਨਜੀਤ ਕੌਰ, ਸੀ ਆਰ ਮੌਦਗਿੱਲ, ਹਿੰਮਤ ਸਿੰਘ, ਡਾ: ਸਾਧਾ ਸਿੰਘ ਵੜਾਇਚ, ਬਲਜੀਤ ਸਿੰਘ ਬੱਲ, ਜਤਿੰਦਰ ਸਿੰਘ ਦਿਓਲ, ਨਾਹਰ ਸਿੰਘ ਔਜਲਾ, ਜਗਦੀਸ਼ ਗਰੇਵਾਲ, ਡਾ: ਨਰਵਿੰਦਰ ਸਿੰਘ ਕੌਸ਼ਲ ਤੇ ਹੋਰ ਸ਼ਾਮਿਲ ਸਨ। ਸੈਮੀਨਾਰ ਦੌਰਾਨ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਚੇਅਰਮੈਨ ਭਾਈ ਮਹਿੰਦਰ ਸਿੰਘ ਨੂੰ ਪੰਥਕ ਸੇਵਾ ਬਦਲੇ 'ਸ਼੍ਰੋਮਣੀ ਸੇਵਾ ਐਵਾਰਡ' ਨਾਲ ਸਨਮਾਨਿਤ ਕੀਤਾ। ਸੈਮੀਨਾਰ ਦੀ ਰੂਪ-ਰੇਖਾ ਬਾਰੇ ਜਾਣ ਪਹਿਚਾਣ ਜਸਬੀਰ ਸਿੰਘ ਬੋਪਾਰਾਏ ਨੇ ਦਿੱਤੀ ਅਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਰਘੀ ਟੀ ਵੀ ਦੀ ਸੰਚਾਲਕਾ ਨਵਜੀਤ ਕੌਰ ਬਰਾੜ ਵਲੋਂ ਨਿਭਾਈ ਗਈ।


ਮੁੰਬਈ ਵਿਖੇ ਫੈਸ਼ਨ ਸ਼ੋਅ ਦੌਰਾਨ ਡਿਜ਼ਾਈਨਰਾਂ ਦੇ ਬਣਾਏ ਕੱਪੜਿਆਂ ਦਾ ਪ੍ਰਦਰਸ਼ਨ ਕਰਦੀਆਂ ਅਦਾਕਾਰਾ ਕਾਜੋਲ, ਸੇਲਿਨਾ ਜੇਤਲੀ ਅਤੇ ਦੀਆ ਮਿਰਜ਼ਾ।

ਫਸਟ ਸਕਿਊਰਿਟੀ ਕੰਪਨੀ ਨਿਊਜ਼ੀਲੈਂਡ ਨੇ ਪੱਗ ਦੇ ਇਕ ਮਾਮਲੇ 'ਚ ਮੰਗੀ ਮੁਆਫ਼ੀ

ਆਕਲੈਂਡ, 8 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਫਸਟ ਸਕਿਉਰਿਟੀ ਨਿਊਜ਼ੀਲੈਂਡ ਦੀ ਸਭ ਤੋਂ ਵੱਡੀਆਂ ਸੁਰੱਖਿਆ ਕੰਪਨੀਆਂ ਵਿਚੋਂ ਇਕ ਹੈ। ਪਿਛਲੇ ਦਿਨੀ ਕੁਝ ਸਿੱਖ ਨੌਜਵਾਨਾਂ ਨੇ, ਜਿਹੜੇ ਇਸ ਕੰਪਨੀ ਵਿਚ ਨੌਕਰੀ ਦੇ ਚਾਹਵਾਨ ਸਨ, ਨੇ ਕੰਪਨੀ ਦੇ ਇਕ ਸੈਮੀਨਾਰ ਵਿਚ ਹਾਜ਼ਰੀ ਭਰੀ। ਸੈਮੀਨਾਰ ਤੋਂ ਬਾਅਦ ਇਕ ਈਮੇਲ ਸਾਰਿਆਂ ਪ੍ਰਾਰਥੀਆਂ ਤੱਕ ਪਹੁੰਚੀ ਜਿਸ ਵਿਚ ਇਹ ਲਿਖਿਆ ਸੀ ਕਿ ਕਿਉਂਕਿ ਕੰਪਨੀ ਦੀ ਵਰਦੀ ਵਿਚ ਟੋਪੀ ਸ਼ਾਮਿਲ ਨਹੀਂ ਇਸ ਲਈ ਪੱਗੜੀ-ਧਾਰੀ ਬੰਦੇ ਨੌਕਰੀ ਦੀ ਅਰਜ਼ੀ ਨਾ ਦੇਣ। ਜਦੋਂ ਇਕ ਅਖ਼ਬਾਰ ਦੇ ਨੁਮਾਇੰਦੇ ਨੇ ਸਿੱਖ ਕੌਂਸਲ ਆਫ਼ ਨਿਊਜ਼ੀਲੈਂਡ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਈਮੇਲ ਤੇ ਇਸ ਸਬੰਧ ਵਿਚ ਕੰਪਨੀ ਤੋਂ ਹੋਰ ਜਾਣਕਾਰੀ ਮੰਗੀ। ਜਨਰਲ ਮੈਨੇਜਰ ਮਾਰਕ ਰਦਰਫੌਰਡ ਵਲੋਂ ਕੰਪਨੀ ਦੀ ਇਸ ਈਮੇਲ ਬਾਰੇ ਛਾਣਬੀਨ ਕਰਕੇ ਕੌਂਸਲ ਨੂੰ ਈਮੇਲ ਰਾਹੀਂ ਦੱਸਿਆ ਇਸ ਸਾਰੀ ਗਲਤ ਫਹਿਮੀ ਹੇਠਲੇ ਪੱਧਰ 'ਤੇ ਕੰਮ ਕਰ ਰਹੇ ਕੰਪਨੀ ਦੇ ਇਕ ਮੁਲਾਜ਼ਮ ਵੱਲੋਂ ਹੋਈ ਹੈ, ਜਿਸ ਦੀ ਉਨ੍ਹਾਂ ਸਿੱਖ ਕਮਿਊਨਿਟੀ ਤੋਂ ਮਾਫੀ ਮੰਗੀ ਤੇ ਇਹ ਵੀ ਲਿਖਿਆ ਕਿ ਜਿਹੜੇ ਸਿੱਖ ਪ੍ਰਾਰਥੀ ਇਸ ਈਮੇਲ ਤੋਂ ਉਚਾਟ ਹੋਏ ਹਨ ਉਹ ਰੁਦਰਫੋਰਡ ਨੂੰ ਸਿੱਧਾ ਮਿਲਣ ਤਾਂ ਕਿ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਭਰਤੀ ਕਾਰਵਾਈ ਵਿਚ ਮਦਦ ਹੋ ਸਕੇ।

ਨਿਊਜ਼ੀਲੈਂਡ 'ਚ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਮਨਰਾਜ ਕੌਰ ਤੇ ਸਿਮਰਨ ਕੌਰ ਕੀਰਤਨ ਕਰਦੀਆਂ ਹੋਈਆਂ ਤੇ ਭਾਈ ਪਰਮਿੰਦਰ ਸਿੰਘ ਕਥਾ ਕਰਦੇ ਹੋਏ। (ਹੇਠਾਂ) ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਸ਼ਬਦ ਕੀਰਤਨ ਕਰਦਿਆਂ ਅਤੇ ਸਭ ਤੋਂ ਹੇਠਾਂ ਸੰਗਤਾਂ ਸਜੀਆਂ ਹੋਈਆਂ।

ਆਕਲੈਂਡ, 8 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਤੋਂ ਲਗਪਗ 430 ਕਿਲੋਮੀਟਰ ਦੂਰ ઠਹੇਸਟਿੰਗ ਸ਼ਹਿਰ ਵਿਖੇ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ 'ਹੇਸਟਿੰਗ ਸਿੱਖ ਸੁਸਾਇਟੀ' ਵੱਲੋਂ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਦੀਵਾਨ ਦੀ ਸ਼ੁਰੂਆਤ ਮਨਰਾਜ ਕੌਰ ਤੇ ਸਿਮਰਨ ਕੌਰ ਨੇ ਕੀਰਤਨ ਕਰਕੇ ਕੀਤੀ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਨੇ ਸ਼ਬਦ ਕੀਰਤਨ ਅਤੇ ਮੁੱਖ ਗ੍ਰੰਥੀ ਭਾਈ ਪਰਮਿੰਦਰ ਸਿੰਘ ਨੇ ਕਥਾ ਨਾਲ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਂਬਰ ਸ: ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਂਦੇ ਸਨਿਚਰਵਾਰ 13 ਅਗਸਤ ਨੂੰ ਰੈਣ ਸਬਾਈ ਕੀਰਤਨ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।

ਬ੍ਰਿਸਬੇਨ ਕਲੱਬ ਨੇ ਕੇਨਜ਼ ਟੂਰਨਾਮੈਂਟ ਜਿੱਤਿਆ

ਬ੍ਰਿਸਬੇਨ ਕਬੱਡੀ ਕਲੱਬ ਦੇ ਸੁਖਜੀਤ ਜੌਹਲ ਤੇ ਕਲੱਬ ਸਪਾਂਸਰ ਨਿੰਦੀ ਸਿੰਘ (ਸਿੰਘ ਮਕੈਨੀਕਲ) ਆਪਣੀ ਜੇਤੂ ਟੀਮ ਨਾਲ। ਤਸਵੀਰ : ਮਹਿੰਦਰ ਪਾਲ ਸਿੰਘ ਕਾਹਲੋਂ

ਬ੍ਰਿਸਬੇਨ, 8 ਅਗਸਤ (ਮਹਿੰਦਰ ਪਾਲ ਸਿੰਘ ਕਾਹਲੋਂ)-ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਕੇਨਜ਼ (ਉੱਤਰੀ ਕੂਈਨਜ਼ਲੈਂਡ) ਵੱਲੋਂ ਕਰਵਾਇਆ ਪਹਿਲਾ ਖੇਡ ਮੇਲਾ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿਚ ਸੁਖਜੀਤ ਸਿੰਘ ਜੌਹਲ ਦੀ ਕਬੱਡੀ ਟੀਮ ਬ੍ਰਿਸਬੇਨ ਕਬੱਡੀ ਕਲੱਬ ਨੇ ਆਸਟ੍ਰੇਲੀਆ ਦੀ ਸਭ ਤੋਂ ਮਜ਼ਬੂਤ ਟੀਮ ਸਿੰਘ ਸਭਾ ਮੈਲਬੌਰਨ ਨੂੰ ਹਰਾ ਕੇ ਨਵਾਂ ਇਤਿਹਾਸ ਸਿਰਜਦੇ ਹੋਏ ਕੇਨਜ਼ ਟੂਰਨਾਮੈਂਟ ਜਿੱਤ ਲਿਆ। ਇਸ ਟੂਰਨਾਮੈਂਟ 'ਚ ਪੰਜਾਬੀ ਸਪੋਰਟਸ ਕਲੱਬ ਮੈਲਬੌਰਨ, ਸਿੱਖ ਸਪੋਰਟਸ ਕਲੱਬ ਸਿਡਨੀ, ਮਾਲਵਾ ਕਲੱਬ ਬ੍ਰਿਸਬੇਨ ਤੇ ਆਜ਼ਾਦ ਕਲੱਬ ਮੈਲਬੌਰਨ ਦੀਆਂ ਟੀਮਾਂ ਨੇ ਵੀ ਕਬੱਡੀ ਮੈਚਾਂ ਵਿਚ ਹਿੱਸਾ ਲਿਆ। ਫੁੱਟਬਾਲ ਦੇ ਮੈਚ ਵਿਚ ਕੇਨਜ਼ ਦੀ ਟੀਮ ਨੇ ਬ੍ਰਿਸਬੇਨ ਪੰਜਾਬੀ ਕਮਿਊਨਟੀ ਕਲੱਬ ਨੂੰ ਹਰਾ ਦਿੱਤਾ। ਪ੍ਰਧਾਨ ਗੁਰਿੰਦਰ ਸਿੰਘ ਮਾਵੀ, ਗੋਲਡੀ, ਪ੍ਰਸ਼ੋਤਮ ਸਿੰਘ, ਸਿਕੰਦਰ ਸਿੰਘ, ਸੋਨਾ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਸਪਾਂਸਰ ਮੇਜਰ ਸਿੰਘ ਗਿੱਲ (ਮੈਲਬੋਰਨ), ਅਦਾਰਾ 'ਦਾ ਪੰਜਾਬ ਤੋਂ ਮਨਜੀਤ ਬੋਪਾਰਾਏ, ਪੰਜਾਬੀ ਕਲਚਰਲ ਕੁਇਨਜ਼ਲੈਂਡ ਤੇ ਸ਼ੇਰੇ ਪੰਜਾਬ ਭੰਗੜਾ ਗਰੁੱਪ ਦੇ ਪ੍ਰਧਾਨ ਗੁਰਦੀਪ ਪਸਿੰਘ ਨਿੱਝਰ, ਬੀ. ਪੀ. ਸੀ. ਸੀ. (ਕਾਲਮਵੇਲ) ਦੇ ਪ੍ਰਧਾਨ ਰੋਕੀ ਭੁੱਲਰ, ਹਨੀ ਸਿੰਘ, ਨਿੰਦੀ ਸਿੰਘ, ਸਿੰਘ ਮਕੈਨੀਕਲ ਬ੍ਰਿਸਬੇਨ ਸਮੇਤ ਕਈ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਤਨਾਮ ਸੱਤਾ ਨੇ ਕਬੱਡੀ ਦੀ ਕੁਮੈਂਟਰੀ ਤੇ ਮਾਲਵਾ ਡਾਟ ਕਾਮ ਵੱਲੋਂ ਸਿੱਧਾ ਪ੍ਰਸਾਰਨ ਕੀਤਾ ਗਿਆ।

ਟੋਰਾਂਟੋ ਵਿਸ਼ਵ ਕੱਪ 'ਚ ਖੇਡਣਗੇ ਲਹਿੰਦੇ ਪੰਜਾਬ ਦੇ ਕਬੱਡੀ ਖਿਡਾਰੀ

ਇੰਟਰਨੈਸ਼ਨਲ ਕਬੱਡੀ ਐਂਡ ਸਪੋਰਟਸ ਕਲੱਬ ਕੈਲਗਰੀ ਦੇ ਪ੍ਰਧਾਨ ਕੁਰਸ਼ੀਦ ਆਲਮ ਸੰਧੂ ਜਾਣਕਾਰੀ ਦਿੰਦੇ ਹੋਏ ਨਾਲ ਗੁਰਚਰਨ ਸਿੰਘ ਧਾਲੀਵਾਲ ਵਾਈਸ ਪ੍ਰਧਾਨ ਅਲਬਰਟਾ ਕਬੱਡੀ ਫੈਡਰੇਸ਼ਨ। ਤਸਵੀਰ: ਜਸਜੀਤ ਸਿੰਘ ਧਾਮੀ

ਕੈਲਗਰੀ, 8 ਅਗਸਤ (ਜਸਜੀਤ ਸਿੰਘ ਧਾਮੀ)-ਇੰਟਰਨੈਸ਼ਨਲ ਕਬੱਡੀ ਐਂਡ ਸਪੋਰਟਸ ਕਲੱਬ ਕੈਲਗਰੀ ਦੇ ਪ੍ਰਧਾਨ ਕੁਰਸ਼ੀਦ ਆਲਮ ਸੰਧੂ ਨੇ ਦੱਸਿਆ ਹੈ ਕਿ 13 ਅਗਸਤ ਨੂੰ ਹੋ ਰਹੇ ਟੋਰਾਂਟੋ ਵਿਖੇ ਵਿਸ਼ਵ ਕਬੱਡੀ ਕੱਪ ਵਿਚ ਲਹਿੰਦੇ ਪੰਜਾਬ ਦੇ ਖਿਡਾਰੀ ਵੀ ਖੇਡ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਅਖਤਰ ਖਾਨ ਪਠਾਣ, ਸ਼ਫੀਕ ਬੱਟ, ਰਾਸ਼ਦ ਮਹਿਮੂਦ ਅਤੇ ਮਤਲੂਬ ਅਲੀ ਦੇ ਵੀਜ਼ੇ ਲੱਗ ਚੁੱਕੇ ਹਨ। ਉਹ ਅੱਜ ਸ਼ਾਮ ਤੱਕ ਟੋਰਾਂਟੋ ਵਿਖੇ ਪਹੁੰਚ ਜਾਣਗੇ। ਉਨ੍ਹਾਂ ਦੱਸਿਆ ਕਿ ਅਲਬਰਟਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜੌਰਜ ਬਰਾੜ ਅਤੇ ਉਨ੍ਹਾਂ ਦੇ ਸਾਥੀਆ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਬੁਲਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਵਿਚ ਐਡਵੋਕੇਟ ਦਵਿੰਦਰ ਸ਼ੋਰੀ ਸੰਸਦ ਮੈਂਬਰ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਅਲਬਰਟਾ ਕਬੱਡੀ ਫੈਡਰੇਸ਼ਨ ਦੇ ਟੂਰਨਾਮੈਂਟਾਂ 'ਚ ਵੀ ਇਹ ਖਿਡਾਰੀ ਖੇਡਣਗੇ।

ਭਾਰਤੀ ਵਿਦਿਆਰਥੀਆਂ ਦੀਆਂ ਕਾਰਾਂ ਦੇ ਟਾਇਰਾਂ 'ਚ ਮਾਰੇ ਚਾਕੂ

ਮੈਲਬੌਰਨ, 8 ਅਗਸਤ (ਸਰਤਾਜ ਸਿੰਘ ਧੌਲ)-ਭਾਰਤੀ ਵਿਦਿਆਰਥੀਆਂ ਦੀਆਂ ਘਰ ਦੇ ਬਾਹਰ ਖੜ੍ਹੀਆਂ ਕਾਰਾਂ ਦੇ ਟਾਇਰਾਂ ਨੂੰ ਚਾਕੂ ਮਾਰ ਕੇ ਫਲੈਟ ਕਰਨ ਦੀ ਖਬਰ ਮਿਲੀ ਹੈ। ਗੁਲਸ਼ਨ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਥੇ ਕਈ ਨਸ਼ੱਈ ਕਿਸਮ ਦੇ ਗੋਰੇ ਖੰਡੇ ਵਾਲੀਆਂ ਕਾਰਾਂ ਨਾਲ ਬਹੁਤ ਲੱਗਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸ਼ਨੀਵਾਰ ਨੂੰ ਰਾਤ ਦੇ ਸਮੇਂ ਉਨ੍ਹਾਂ ਦੀਆਂ ਕਾਰਾਂ ਦੇ ਚਾਰੇ ਟਾਇਰ ਚਾਕੂ ਮਾਰ ਕੇ ਫਲੈਟ ਕਰ ਦਿੱਤੇ। ਉਨ੍ਹਾਂ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਹੈ ਤੇ ਉਨ੍ਹਾਂ ਨੇ ਦੋਸ਼ੀਆਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।

ਆਸਟ੍ਰੇਲੀਆ 'ਚ ਮਰਦਮਸ਼ੁਮਾਰੀ ਅੱਜ

ਬ੍ਰਿਸਬੇਨ, 8 ਅਗਸਤ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ 'ਚ 9 ਅਗਸਤ ਨੂੰ ਮਰਦਮਸ਼ੁਮਾਰੀ (ਜਨਗਣਨਾ) ਹੋਣ ਜਾ ਰਹੀ ਹੈ। ਸਮੂਹ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਆਪਣੀ ਬੋਲੀ ਪੰਜਾਬੀ ਸਵਾਲ ਨੰਬਰ 16 'ਚ ਭਰਨ ਅਤੇ 18 ਤੇ 19 ਨੰਬਰ ਸਵਾਲ 'ਚ ਸਿੱਖ ਭਰਨ, ਸਵਾਲ 18 ਵਿਚ ਪਿਛੋਕੜ ਦਾ ਉੱਤਰ ਸਿੱਖ ਤੇ ਸਵਾਲ 19 'ਚ ਧਰਮ ਦਾ ਉੱਤਰ ਸਿੱਖ ਭਰਨ। ਪਰ ਜਿਨ੍ਹਾਂ ਲੋਕਾਂ ਦਾ ਧਰਮ ਹੋਰ ਹੈ ਉਹ ਪੰਜਾਬੀ ਬੋਲਦੇ ਹਨ ਤੇ ਉਹ ਜ਼ਰੂਰ ਪਰ ਜ਼ਰੂਰ ਆਪਣੀ ਤੇ ਆਪਣੇ ਬੱਚਿਆਂ ਦੀ ਬੋਲੀ ਪੰਜਾਬੀ ਭਰਨ। ਜੇਕਰ ਬੱਚਿਆਂ ਨੂੰ ਪੰਜਾਬੀ ਘੱਟ ਵੀ ਆਉਂਦੀ ਹੈ ਉਹ ਅੰਗ੍ਰੇਜ਼ੀ ਤੋਂ ਇਲਾਵਾ ਪੰਜਾਬੀ ਨੂੰ ਹੀ ਮਹੱਤਤਾ ਦੇਣ। ਇਸ ਜਨਗਣਨਾ 'ਚ ਸਾਰੇ ਵਿਦਿਆਰਥੀ (ਅੰਤਰਰਾਸ਼ਟਰੀ) ਭਾਰਤ ਸਣੇ ਅਗਰ ਕੋਈ ਪ੍ਰਾਹੁਣਾ ਵੀ ਆਇਆ ਹੈ ਉਸ ਨੂੰ ਵੀ ਜ਼ਰੂਰੀ ਦਰਜ ਕਰਨਾ ਨਾ ਭੁੱਲਣਾ। ਇਸ ਨਾਲ ਪੰਜਾਬੀ ਭਾਈਚਾਰੇ ਨੂੰ ਭਵਿੱਖ 'ਚ ਲਾਭ ਪਹੁੰਚੇਗਾ।

ਇੰਡੀਅਨ ਓਵਰਸੀਜ਼ ਕਾਂਗਰਸ ਮਾਨਤੋਵਾ ਵੱਲੋਂ ਅਹਿਮ ਨਿਯੁਕਤੀਆਂ

ਇੰਡੀਅਨ ਓਵਰਸੀਜ਼ ਕਾਂਗਰਸ ਮਾਨਤੋਵਾ ਦੀ ਹੋਈ ਮੀਟਿੰਗ ਦੌਰਾਨ ਕਮੇਟੀ ਦੇ ਅਹੁਦੇਦਾਰ।

ਮਿਲਾਨ (ਇਟਲੀ), 8 ਅਗਸਤ (ਇੰਦਰਜੀਤ ਸਿੰਘ ਲੁਗਾਣਾ)-'ਇੰਡੀਅਨ ਓਵਰਸੀਜ ਕਾਂਗਰਸ ਜ਼ਿਲ੍ਹਾ ਮਾਨਤੋਵਾ ਦੀ ਇਕ ਵਿਸ਼ੇਸ਼ ਮੀਟਿੰਗ ਮਾਨਤੋਵਾ ਦੇ ਸ਼ਹਿਰ ਆਜੋਲਾ ਵਿਖੇ ਪ੍ਰਧਾਨ ਸ: ਪੀ. ਐਸ. ਰਾਜੂ ਸੈਣੀ ਰੋਪੜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੋਲਦਿਆਂ ਰਾਜੂ ਸੈਣੀ ਨੇ ਕਿਹਾ ਕਿ ਯੂਰਪ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਅਤੇ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ ਵੱਲੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਰਾਤ-ਦਿਨ ਇਕ ਕਰ ਰਹੇ ਹਨ। ਇਸ ਮੌਕੇ ਸਰਬਸੰਮਤੀ ਨਾਲ ਮਾਨਤੋਵਾ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਦਲਜੀਤ ਸਿੰਘ ਪਾਸਟਾ ਨੂੰ ਮੀਤ ਪ੍ਰਧਾਨ, ਪ੍ਰੈੱਸ ਸਕੱਤਰ ਹਰਮੇਸ਼ ਕੁਮਾਰ ਜੰਗਲੀਆਣਾ, ਕੈਸ਼ੀਅਰ ਮੇਜਰ ਸਿੰਘ ਸਰਹੰਦ, ਜਨਰਲ ਸਕੱਤਰ ਮਨਮੋਹਣ ਸੈਣੀ ਰੋਪੜ ਅਤੇ ਸਰਬਜੀਤ ਸਿੰਘ, ਸੋਹਣ ਲਾਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਇਟਾਲੀਅਨ ਸਮਾਜ ਸੇਵਕ ਸੀਨੀਓਰੇ ਲੁਸਾਨੋ ਬੇਨੇਤੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।

ਸੰਦੀਪ ਸਿੰਘ ਕੈਨੇਡੀਅਨ ਇੰਗਲੈਂਡ ਪੁੱਜੇ

ਭਾਈ ਸੰਦੀਪ ਸਿੰਘ ਕੈਨੇਡੀਅਨ ਅਤੇ ਲਵਸ਼ਿੰਦਰ ਸਿੰਘ ਡੱਲੇਵਾਲ

ਲੰਡਨ, 8 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੁੰਦੇ ਸਾਰ ਸਿੱਖ ਜਥੇਬੰਦੀਆਂ ਵਿਦੇਸ਼ਾਂ ਵਿਚ ਵੀ ਸਰਗਰਮ ਹੋ ਗਈਆਂ ਹਨ। ਇਸੇ ਲੜੀ ਤਹਿਤ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਦੋ ਸਾਲ ਤੋਂ ਨਜ਼ਰਬੰਦ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਆਗੂ ਭਾਈ ਸੰਦੀਪ ਸਿੰਘ ਕੈਨੇਡੀਅਨ ਇੰਗਲੈਂਡ ਪੁੱਜ ਗਏ ਹਨ, ਜਿਨ੍ਹਾਂ ਦਾ ਯੂਨਾਈਟਿਡ ਖਾਲਸਾ ਦਲ ਯੂ.ਕੇ. ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਯੂ.ਕੇ. ਦੇ ਆਗੂਆਂ ਭਾਈ ਨਿਰਮਲ ਸਿੰਘ ਸੰਧੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਕ੍ਰਿਪਾਲ ਸਿੰਘ ਮੱਲ੍ਹਾ ਬੇਦੀਆਂ, ਭਾਈ ਸੁਖਵਿੰਦਰ ਸਿੰਘ ਖਾਲਸਾ, ਭਾਈ ਹਰਜਿੰਦਰ ਸਿੰਘ ਸੰਧੂ ਅਤੇ ਭਾਈ ਅਮਰਜੀਤ ਸਿੰਘ ਮਿਨਹਾਸ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।  ਜਦਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਪਹਿਲਾਂ ਹੀ ਦੋ ਮਹੀਨੇ ਤੋਂ ਇੰਗਲੈਂਡ ਦੇ ਸਿੱਖ ਆਗੂਆਂ ਨੂੰ ਲਾਮਬੰਦ ਕਰ ਰਹੇ ਹਨ।

ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵੱਲੋਂ ਖੇਡ ਮੇਲਾ

ਰਿਜੋਈਮੀਲੀਆ ਵਿਖੇ ਕਰਵਾਏ ਦੋ ਰੋਜ਼ਾ ਖੇਡ ਮੇਲੇ ਦਾ ਦ੍ਰਿਸ਼।

ਬਰੇਸ਼ੀਆ (ਇਟਲੀ), 8 ਅਗਸਤ (ਬਲਦੇਵ ਸਿੰਘ)-ਇਟਲੀ ਦੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਦੋ ਦਿਨਾ ਖੇਡ ਮੇਲਾ ਕਰਵਾਇਆ ਗਿਆ। ਇਹ ਖੇਡ ਮੇਲਾ ਨੋਵੇਲਾਰਾ ਜ਼ਿਲ੍ਹਾ ਰਿਜੋਇਮੀਲੀਆ ਦੀਆਂ ਗਰਾਊਂਡਾਂ ਵਿਚ ਕਰਵਾਇਆ ਗਿਆ। ਭਾਈ ਨਰਿੰਦਰ ਸਿੰਘ ਨੇ ਅਰਦਾਸ ਬੇਨਤੀ ਕਰਕੇ ਫੁੱਟਬਾਲ ਦੇ ਮੈਚਾਂ ਦੀ ਆਰੰਭਤਾ ਕੀਤੀ। ਫੁੱਟਬਾਲ ਦੀਆਂ ਕੁੱਲ 16 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 8 ਮੈਚ ਪਹਿਲੇ ਗੇੜ ਦੇ ਕਰਵਾਏ ਗਏ। ਦੂਜੇ ਦਿਨ ਸਵੇਰੇ 9 ਵਜੇ ਫੁੱਟਬਾਲ ਦਾ ਪਹਿਲਾ ਮੈਚ ਕਰਵਾਇਆ ਗਿਆ। ਸੈਮੀਫਾਈਨਲ ਫਾਬਰੀਕੋ, ਕੋਦੀਸੋਤੋ ਬਸੇਤੋ, ਕੋਰੇਜੋ ਅਤੇ ਲੁਸਾਰਾ ਸਪੋਰਟਸ ਕਲੱਬਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਫਾਈਨਲ ਮੁਕਾਬਲਾ ਸਪੋਰਟਸ ਕਲੱਬ ਕੋਦੀਸੋਤੋ ਬਸੇਤੋ ਅਤੇ ਸਪੋਰਟਸ ਕਲੱਬ ਫਾਬਰੀਕੋ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿਚ ਫਾਬਰੀਕੋ ਦੀ ਟੀਮ ਨੇ ਜਿੱਤ ਹਾਸਲ ਕਰਕੇ ਕੱਪ 'ਤੇ ਆਪਣਾ ਕਬਜ਼ਾ ਕੀਤਾ। ਦੂਜੇ ਪਾਸੇ ਇਸ ਟੂਰਨਾਮੈਂਟ ਵਿਚ 9 ਵਾਲੀਬਾਲ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦਾ ਸਾਰਾ ਪ੍ਰਬੰਧ ਕੋਚ ਸ਼ੀਤਲ ਸਿੰਘ ਨੇ ਕੀਤਾ। ਵਾਲੀਬਾਲ ਫਾਈਨਲ ਵਿਚ ਬੈਰਗਮੋ ਨੇ ਜਿੱਤ ਪ੍ਰਾਪਤ ਕੀਤੀ। ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। 50 ਸਾਲ ਤੋਂ ਉੱਪਰ ਦੀ ਉਮਰ ਦੇ ਖਿਡਾਰੀਆਂ ਦੀ 100 ਮੀਟਰ ਦੀ ਦੌੜ ਖਿੱਚ ਦਾ ਕੇਂਦਰ ਬਣੀ ਜਿਸ ਵਿਚ ਪਹਿਲੇ ਨੰਬਰ 'ਤੇ ਭਾਈ ਇਕਬਾਲ ਸਿੰਘ ਸੋਢੀ, ਦੂਜੇ ਨੰਬਰ 'ਤੇ ਜੱਸੀ ਅਤੇ ਤੀਜੇ ਨੰਬਰ 'ਤੇ ਭਾਈ ਦਰਬਾਰਾ ਸਿੰਘ ਰਹੇ। ਇਟਲੀ ਦੇ ਪ੍ਰਸਿੱਧ ਲੋਕ ਗਾਇਕ ਪੰਮਾ ਲਸਾੜੀਏ ਨੇ ਆਪਣੇ ਚੰਦ ਬੋਲ ਸਰੋਤਿਆਂ ਦੀ ਝੋਲੀ ਪਾਏ। ਇਸ ਮੌਕੇ ਲਾਲ ਸਿੰਘ ਸੁਰਤਾਪੁਰ ਦੀ ਅਗਵਾਈ ਹੇਠ ਪਹੁੰਚੀ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਗਤਕਾ ਅਕੈਡਮੀ ਦੇ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਇਸ ਟੂਰਨਾਮੈਂਟ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੋਵੇਲਾਰਾ, ਭਾਈ ਹਰਪਾਲ ਸਿੰਘ ਪ੍ਰਧਾਨ, ਭਾਈ ਇਕਬਾਲ ਸਿੰਘ ਸੋਢੀ, ਭਾਈ ਤਰਲੋਚਨ ਸਿੰਘ, ਭਾਈ ਚਰਨਜੀਤ ਸਿੰਘ ਕੋਰੇਜੋ, ਹਰਜੀਤ ਸਿੰਘ ਪਾਂਸ਼ਟਾ, ਸ: ਨਰਿੰਦਰ ਸਿੰਘ, ਸ: ਸਿਕੰਦਰ ਸਿੰਘ, ਸ: ਤਰਸੇਮ ਸਿੰਘ ਭੇਲਾ, ਸਤਵਿੰਦਰ ਸਿੰਘ ਟੀਟਾ, ਸੋਢੀ ਕੋਰੇਜੋ, ਤਾਰੀ ਮਾਮਾ, ਨਰਿੰਦਰ ਸਿੰਘ ਕੋਰੇਜੋ, ਮਿੰਟੂ, ਰਿੰਕੂ ਟੈਂਟ ਸਰਵਿਸ, ਪ੍ਰਦੀਪ ਸਿੰਘ, ਪਰਮਜੀਤ ਸਿੰਘ ਚਾਹਿਲ, ਟਹਿਲ ਸਿੰਘ ਬਰੇਸ਼ੀਆ, ਸੰਤਾਕਿਆਰਾ, ਕਾਰਾਬਨੇਰੀ ਦੀ ਨੋਵੇਲਾਰਾ, ਗਿਆਨੀ ਗੁਰਮੀਤ ਸਿੰਘ, ਸ: ਸੇਵਾ ਸਿੰਘ ਫੌਜੀ, ਭਾਈ ਦਰਬਾਰਾ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਪ੍ਰਿਥੀਪਾਲ ਸਿੰਘ ਅਤੇ ਹੋਰ ਅਨੇਕਾਂ ਸ਼ਖਸੀਅਤਾਂ ਨੇ ਆਪਣਾ ਯੋਗਦਾਨ ਪਾਇਆ।

ਗਾਇਕ ਸੁਖਵਿੰਦਰ ਘੁਮਾਣ ਦੀ ਡੀ. ਵੀ. ਡੀ. ਜਾਰੀ

ਸੁਖਵਿੰਦਰ ਘੁਮਾਣ ਦੀ ਡੀ. ਵੀ. ਡੀ. ਹਲੂਣਾ ਭਾਗ ਦੂਜਾ ਜਾਰੀ ਕਰਦੇ ਹੋਏ ਗੁਰਬਖਸ਼ ਸਿੰਘ ਮੱਲ੍ਹੀ, ਵਿੱਕੀ ਢਿੱਲੋਂ, ਹਰਿੰਦਰ ਮੱਲ੍ਹੀ ਅਤੇ ਹੋਰ। ਤਸਵੀਰ : ਹਰਜੀਤ ਸਿੰਘ ਬਾਜਵਾ

ਟੋਰਾਂਟੋ, 8 ਅਗਸਤ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਦੇ ਰਾਇਲ ਇੰਡੀਆ ਰੈਸਟੋਰੈਂਟ ਵਿਖੇ ਸਾਫ਼-ਸੁਥਰੇ ਪਰਿਵਾਰਕ ਗੀਤਾਂ ਦੇ ਗਾਇਕ ਸੁਖਵਿੰਦਰ ਘੁਮਾਣ ਦੇ ਗਾਏ ਗੀਤਾਂ ਦੀ ਡੀ. ਵੀ. ਡੀ. ਹਲੂਣਾ ਭਾਗ ਦੂਜਾ ਜਾਰੀ ਕੀਤੀ ਗਈ। ਇਸ ਮੌਕੇ ਬਲਵਿੰਦਰ, ਸਾਬਕਾ ਐਮ. ਪੀ.ਗੁਰਬਖਸ਼ ਸਿੰਘ ਮੱਲ੍ਹੀ, ਜਨਾਬ ਮੁਹੰਮਦ ਅਰਸ਼ਦ, ਡਾ: ਸਲਮਾਨ ਨਾਜ਼, ਰਿਟਾਇਰਡ ਸੈਸ਼ਨ ਜੱਜ (ਭਾਰਤ) ਅਵਤਾਰ ਸਿੰਘ ਗਿੱਲ, ਸਿਟੀ ਕੌਂਸਲਰ ਵਿੱਕੀ ਢਿੱਲੋਂ, ਸ਼ੇਰਦਿਲਜੀਤ ਸਿੰਘ ਢਿੱਲੋਂ, ਸਿਪਸਾ ਦੇ ਪ੍ਰਧਾਨ ਗੁਰਦਿਆਲ ਸਿੰਘ ਕੰਵਲ, ਪੂਰਨ ਸਿੰਘ ਪਾਂਧੀ, ਸੁਰਿੰਦਰ ਪਾਂਧੀ, ਹਰਚੰਦ ਸਿੰਘ ਬਾਸੀ, ਬਲਬੀਰ ਸਿੰਘ ਸਿਕੰਦ, ਗੁਰਸੰਤ ਸਿੰਘ ਬੋਪਾਰਾਏ, ਸਕੂਲ ਟਰੱਸਟੀ ਬੀਬਾ ਹਰਿੰਦਰ ਕੌਰ ਮੱਲ੍ਹੀ ਅਤੇ ਅਕਾਲ ਇੰਮੀਗਰੇਸ਼ਨ ਤੋਂ ਨਰਿੰਦਰਪਾਲ ਸਿੰਘ ਹਾਜ਼ਰ ਸਨ।

ਸਿੱਖ ਭਾਈਚਾਰੇ ਵੱਲੋਂ ਪਹਿਲੇ ਚਾਰਟਰ ਸਕੂਲ ਦਾ ਉਦਘਾਟਨ 15 ਨੂੰ

ਚਾਰਟਰ ਸਕੂਲ ਬਾਰੇ ਜਾਣਕਾਰੀ ਦੇ ਰਹੇ ਪ੍ਰਬੰਧਕ ਅਤੇ ਸਕੂਲ ਲੋਗੋ।

ਕੈਲੀਫੋਰਨੀਆਂ, 8 ਅਗਸਤ (ਹੁਸਨ ਲੜੋਆ ਬੰਗਾ)-ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਜੋ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੈਲੀਫੋਰਨੀਆ ਸਰਕਾਰ ਅਤੇ ਫੈਡਰਲ ਦੀ ਮਦਦ ਨਾਲ 15 ਅਗਸਤ ਨੂੰ ਆਰੰਭ ਹੋਣ ਜਾ ਰਿਹਾ ਹੈ, ਜਿਸ ਵਿਚ ਹਰ ਭਾਈਚਾਰੇ ਦਾ ਬੱਚਾ ਦਾਖਲਾ ਲੈ ਸਕਦਾ ਹੈ''। ਇਸ ਮੌਕੇ ਦਰਸ਼ਨ ਸਿੰਘ ਮੁੰਡੀ ਨੇ ਦੱਸਿਆ ਕਿ ਪ੍ਰਬੰਧਕ ਅਮਰ ਸਿੰਘ ਸ਼ੇਰ ਗਿੱਲ, ਹਰਜਿੰਦਰ ਮੱਟੂ, ਸੁਰਜੀਤ ਸਿੰਘ ਢਿੱਲੋਂ, ਦਰਸ਼ਨ ਮੁੰਡੀ, ਬਲਵੀਰ ਸਿੰਘ ਢਿੱਲੋਂ, ਡਾ: ਨਰਿੰਦਰ ਸਿੰਘ ਧਾਲੀਵਾਲ, ਡਾ: ਨਾਜਰ ਸਿੰਘ ਚੌਹਾਨ, ਗੋਲਡੀ ਸ਼ੇਰ ਗਿੱਲ, ਪਰਮਜੀਤ ਸੇਠੀ ਆਦਿ ਦੇ ਭਰਪੂਰ ਯਤਨਾਂ ਨਾਲ ਇਸ ਸਕੂਲ ਨੂੰ ਮਨਜ਼ੂਰੀ ਮਿਲੀ। ਇਸ ਮੌਕੇ ਹਰਜਿੰਦਰ ਮੱਟੂ ਚੇਅਰਮੈਨ, ਡਾ: ਨਰਿੰਦਰ ਸਿੰਘ ਧਾਲੀਵਾਲ, ਤੀਰਥਪਾਲ ਸਿੰਘ ਸੰਧੂ, ਡਾ: ਨਾਜਰ ਸਿੰਘ ਚੌਹਾਨ, ਪਰਮਜੀਤ ਸਿੰਘ ਸੇਠੀ, ਪ੍ਰਧਾਨ ਬਲਵੀਰ ਸਿੰਘ, ਪੀ.ਆਰ.ਓ. ਦਰਸ਼ਨ ਮੁੰਡੀ ਹਾਜ਼ਰ ਸਨ।

ਸ਼ਹੀਦਾਂ ਦੀ ਯਾਦ 'ਚ ਕਬੱਡੀ ਖੇਡ ਮੇਲਾ 20 ਤੇ 21 ਨੂੰ

ਪੰਜਾਬ ਸਪੋਰਟਸ ਕਲੱਬ ਫਰਾਂਸ ਆਪਣੀ ਕਬੱਡੀ ਟੀਮ ਨਾਲ। ਤਸਵੀਰ: ਹਰਪ੍ਰੀਤ ਕੌਰ

ਪੈਰਿਸ, 8 ਅਗਸਤ (ਹਰਪ੍ਰੀਤ ਕੌਰ)-ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਹਰ ਸਾਲ ਵਾਂਗ ਐਤਕੀਂ ਵੀ ਸਮੂਹ ਸਿੱਖ ਸ਼ਹੀਦਾਂ ਦੀ ਯਾਦ 'ਚ ਸ਼ਾਨਦਾਰ 10ਵਾਂ ਕਬੱਡੀ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਾ ਬੋਬੀਨੀ ਵਿਖੇ 20 ਤੇ 21 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਕਲੱਬ ਦੀ ਹੋਈ ਬੈਠਕ ਤੋਂ ਬਾਅਦ ਪ੍ਰੈੱਸ ਨੂੰ ਜਾਰੀ ਕੀਤੇ ਬਿਆਨ 'ਚ ਬਾਜ਼ ਸਿੰਘ ਵਿਰਕ ਪ੍ਰਧਾਨ, ਭਾਈ ਰਘਬੀਰ ਸਿੰਘ ਕੁਹਾੜ ਜਨਰਲ ਸਕੱਤਰ ਪੰਜਾਬ ਸਪੋਰਟਸ ਕਲੱਬ ਫਰਾਂਸ ਨੇ ਦੱਸਿਆ ਕਿ ਖੇਡ ਮੇਲਾ 20 ਅਗਸਤ ਨੂੰ 1 ਵਜੇ ਫੁੱਟਬਾਲ ਟੀਮਾਂ ਦੇ ਮੁਕਾਬਲਿਆਂ ਨਾਲ ਆਰੰਭ ਹੋਵੇਗਾ। ਬਾਅਦ ਵਿਚ 2 ਵਜੇ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ। 21 ਅਗਸਤ ਨੂੰ ਕਬੱਡੀ ਦੇ ਮੁਕਾਬਲਿਆਂ ਵਿਚ ਫਰਾਂਸ, ਹਾਲੈਂਡ, ਬੈਲਜੀਅਮ, ਇਟਲੀ, ਸਪੇਨ, ਨਾਰਵੇ, ਆਸਟਰੀਆ ਤੇ ਜਰਮਨ ਦੀਆਂ ਟੀਮਾਂ ਭਾਗ ਲੈਣਗੀਆਂ।

ਬਿੱਲਾ ਨੂੰ ਕਨਵੀਨਰ ਬਣਨ 'ਤੇ ਵਧਾਈ

ਲੂਵਨ (ਬੈਲਜੀਅਮ), 8 ਅਗਸਤ (ਅਮਰਜੀਤ ਭੋਗਲ)-ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਬੈਲਜੀਅਮ ਦੇ ਸੁਰਿੰਦਰ ਸਿੰਘ ਬਿੱਲਾ ਨੂੰ ਕਨਵੀਨਰ ਨਿਯੁਕਤ ਕਰਕੇ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਇਹ ਸ਼ਬਦ ਸਿਮਰਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕਰਦੇ ਹੋਏ ਬਿੱਲਾ ਨੂੰ ਵਧਾਈ ਦਿੱਤੀ। ਇਸ ਮੌਕੇ ਵਧਾਈ ਦੇਣ ਵਾਲਿਆਂ 'ਚ ਹਰਮੀਤ ਸਿੰਘ, ਗੁਰਜੀਤ ਸਿੰਘ, ਹਰਦੇਵ ਸਿੰਘ, ਬਹਾਦਰ ਸਿੰਘ ਆਦਿ ਸ਼ਾਮਿਲ ਸਨ।

ਸੋਨੀਆ ਗਾਂਧੀ ਦੀ ਤੰਦਰੁਸਤੀ ਲਈ ਅਰਦਾਸ

ਲੂਵਨ (ਬੈਲਜੀਅਮ), 8 ਅਗਸਤ (ਅਮਰਜੀਤ ਭੋਗਲ)-'ਇੰਡੀਅਨ ਓਵਰਸੀਜ਼ ਕਾਂਗਰਸ' ਯੂਰਪ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਨੇ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਤੰਦਰੁਸਤੀ ਦੀ ਅਰਦਾਸ ਕੀਤੀ। ਇਸ ਮੌਕੇ ਅਵਤਾਰ ਸਿੰਘ ਛੋਕਰ, ਤਰਸੇਮ ਸਿੰਘ ਸ਼ੇਰਗਿੱਲ, ਬਲਦੇਵ ਸਿੰਘ, ਰਮੇਸ਼ ਕੁਮਾਰ, ਮੈਡਮ ਦਲਮਾ, ਸੁਦੇਸ਼ ਕੁਮਾਰ ਠਾਕਰ, ਗੁਰਚਰਨ ਸਿੰਘ ਭਗਤਾਨਾ ਅਤੇ ਸੱਜਣ ਸਿੰਘ ਵਿਰਦੀ ਆਦਿ ਸ਼ਾਮਿਲ ਸਨ।

ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋਂ ਖੇਡ ਮੁਕਾਬਲੇ
* ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਜੇਤੂ

ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਕਬੱਡੀ 'ਚ ਜੇਤੂ ਤੇ ਵੱਖ-ਵੱਖ ਸਪੋਰਟਸ ਕਲੱਬ ਇਨਾਮ ਪ੍ਰਾਪਤ ਕਰਦੇ ਹੋਏ।

ਓਸਲੋ (ਨਾਰਵੇ), 8 ਅਗਸਤ (ਡਿੰਪਾ ਵਿਰਕ)-ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋਂ ਆਪਣਾ 7ਵਾਂ 2 ਰੋਜ਼ਾ ਸ਼ਾਨਦਾਰ ਖੇਡ ਮੇਲਾ ਇਥੋਂ ਦੀ ਰਾਜਧਾਨੀ ਕੋਪਨਹੈਗਨ ਦੇ ਗਰਉਨਡੈਲ ਸੈਂਟਰ ਨਜ਼ਦੀਕ ਗਰਾਊਂਡਾਂ ਵਿਚ 30-31 ਜੁਲਾਈ ਨੂੰ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਟੂਰਨਮੈਂਟ 'ਚ ਵਾਲੀਬਾਲ, ਬੱਚੇ ਬੱਚੀਆਂ ਦੀਆਂ ਰੇਸਾਂ, ਬੱਚਿਆਂ ਦੀ ਕਬੱਡੀ ਅਤੇ ਫੁੱਟਬਾਲ, ਦੌੜਾਂ, ਕੁਰਸੀ ਖੇਡ ਅਤੇ ਗੱਭਰੂਆਂ ਨੇ ਸ਼ਾਨਦਾਰ ਕਬੱਡੀ ਦਾ ਪ੍ਰਦਰਸ਼ਨ ਕੀਤਾ। ਸਵੀਡਨ ਤੇ ਨਾਰਵੇ ਤੋਂ ਵੱਖ-ਵੱਖ ਕਲੱਬਾਂ ਨੇ ਇਸ ਟੂਰਨਾਮੈਂਟ 'ਚ ਸ਼ਾਮਿਲ ਹੋ ਖੇਡ ਮੇਲੇ ਦੀ ਰੌਣਕ ਵਧਾਈ। ਵਾਲੀਬਾਲ ਸ਼ੂਟਿੰਗ 'ਚ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਪਹਿਲੇ ਅਤੇ ਆਜ਼ਾਦ ਸਪੋਰਟਸ ਕਲੱਬ ਨਾਰਵੇ ਦੂਜੇ ਨੰਬਰ ਤੇ ਰਿਹਾ ਅਤੇ ਵਾਲੀਬਾਲ ਸ਼ਮੈਸਿੰਗ 'ਚ ਸਵੀਡਨ ਦੇ ਪੰਜਾਬ ਸਪੋਰਟਸ ਕਲੱਬ ਦੇ ਗੱਭਰੂ ਬਾਜ਼ੀ ਮਾਰ ਗਏ ਅਤੇ ਦੂਜੇ ਨੰਬਰ ਤੇ ਆਜ਼ਾਦ ਸਪੱਰਟਸ ਕਲੱਬ ਨਾਰਵੇ ਵਾਲੇ ਰਹੇ। ਪੰਜਾਬੀਆਂ ਦੀ ਮਾਂ ਖੇਡ ਕਬੱਡੀ 'ਚ ਨਾਰਵੇ, ਡੈਨਮਾਰਕ ਅਤੇ ਸਵੀਡਨ ਤੋਂ ਟੀਮਾਂ ਨੇ ਭਾਗ ਲਿਆ, ਸ਼ੁਰੂਆਤੀ ਮੈਚਾਂ ਦੀ ਜਿੱਤ ਹਾਰ ਤੋਂ ਬਾਅਦ ਫਾਈਨਲ ਮੁਕਾਬਲੇ ਡੈਨਮਾਰਕ ਤੋਂ ਇੰਡੀਅਨ ਸਪੋਰਟਸ ਕਲੱਬ ਦੀ ਕਬੱਡੀ ਟੀਮ ਅਤੇ ਨਾਰਵੇ ਦੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਵਿਚਕਾਰ ਹੋਇਆ। ਜਿੱਤ ਨਾਰਵੇ ਦੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਦੀ ਹੋਈ। ਸਕੈਨਡੀਨੇਵੀਅਨ ਮੁਲਕਾਂ 'ਚ ਹੋਈਆਂ ਇਸ ਸਾਲ ਦੇ ਖੇਡ ਮੁਕਾਬਲਿਆਂ 'ਚ ਕਲੱਬ ਦੀ ਲਗਾਤਾਰ ਦੂਸਰੀ ਜਿੱਤ ਹੈ। ਜੇਤੂ ਟੀਮ ਵੱਲੋਂ ਬਲਜੀਤ ਬੱਗਾ, ਸਾਬੀ ਪੱਤੜ, ਸੋਨੀ ਖੰਨੇਵਾਲਾ, ਨਵੀਂ ਖੰਨੇ ਵਾਲਾ, ਪੰਮ ਗਰੇਵਾਲ, ਅੰਮ੍ਰਿਤ ਆਦਿ ਖਿਡਾਰੀ ਖੇਡੇ। ਕਬੱਡੀ ਮੁਕਾਬਲਿਆਂ ਦੌਰਾਨ ਰੈਫਰੀ ਦੀ ਭੂਮਿਕਾ, ਸੋਨੀ ਚੱਕਰ, ਸੋਨੀ ਖੰਨਾ, ਸਾਬੀ ਸੰਘਾ, ਜੀਤਾ ਸਿੱਧਵਾ ਆਦਿ ਵੱਲੋਂ ਨਿਭਾਈ ਗਈ। ਇਨਾਮ ਦੇਣ ਦੀ ਰਸਮ ਮੇਲੇ ਦੇ ਮੁੱਖ ਸਪੌਂਸਰ ਸੰਧੂ ਪਰਿਵਾਰ ਵੱਲੋਂ ਸੁਖਦੇਵ ਸਿੰਘ ਸੰਧੂ ਅਤੇ ਮਨਜੀਤ ਸਿੰਘ ਸੰਧੂ ਵੱਲੋਂ ਨਿਭਾਈ ਗਈ। ਟੂਰਨਾਮੈਂਟ ਮੌਕੇ ਆਪਣੇ ਸਮੇਂ ਦੇ ਮਸ਼ਹੂਰ ਖਿਡਾਰੀ ਜੀਤਾ ਸਿੱਧਵਾਂ (ਹਾਲ ਨਿਵਾਸੀ ਸਵੀਡਨ) ਵਾਲੇ ਨੂੰ ਭੋਲਾ ਅਤੇ ਪਿੰਦਾ ਜਨੇਤਪੁਰੀਆ ਸਮੇਤ ਸਮੂਹ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋਂ ਉਸ ਦੀਆਂ ਮਾਂ ਖੇਡ ਕਬੱਡੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਕਸ਼ਮੀਰ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਬੈਂਸ (ਤੱਲ੍ਹਣ), ਗੁਰਦਿਆਲ ਸਿੰਘ ਆਸਕਰ, ਰਾਜਵਿੰਦਰ ਸਿੰਘ ਦਰੋਬਕ, ਹਰਪਾਲ ਸਿੰਘ ਰਾਏਕੋਟ, ਹਰਵਿੰਦਰ ਪਰਾਸ਼ਰ, ਕੰਵਲਜੀਤ ਕੋੜਾ, ਗੁਰਦੀਪ ਕੋੜਾ, ਡਿੰਪੀ ਮੋਗਾ, ਮਨਵਿੰਦਰ ਸੱਦਰਪੁਰਾ, ਪ੍ਰੀਤਪਾਲ ਰਾਏਕੋਟ, ਸਵੀਡਨ ਤੋਂ ਮੱਖਣ ਸਿੰਘ, ਸਾਬੀ ਕਪੂਰ ਪਿੰਡ, ਪ੍ਰਿੰਸ ਮੋਗਾ, ਜੀਤਾ ਸਿੱਧਵਾਂ, ਸੁੱਖਾ ਗੰਜੀ ਗੁਲਾਬ ਸਿੰਘ ਅਤੇ ਹੋਰਾਂ ਨੇ ਆਨੰਦ ਮਾਣਿਆ। ਮੇਲੇ ਦੇ ਅੰਤ ਵਿਚ ਸਮੂਹ ਕਮੇਟੀ ਮੈਂਬਰਾਂ ਵੱਲੋਂ ਸਕੈਂਡੀਨੇਵੀਆ ਦੇ ਸਾਂਝੇ ਪੱਤਰਕਾਰ ਰੁਪਿੰਦਰ ਢਿੱਲੋਂ ਮੋਗਾ ਨੂੰ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਕੇ ਸਨਮਾਨਿਆ। ਇਸ ਦਾ ਸਿਹਰਾ ਕਲੱਬ ਡੈਨਮਾਰਕ ਦੇ ਸਮੂਹ ਕਮੇਟੀ ਮੈਂਬਰਾਂ, ਜਿਸ ਵਿਚ ਪ੍ਰਧਾਨ ਕੁਲਵਿੰਦਰ ਸਿੰਘ ਜੌਹਲ (ਜਨੇਤਪੁਰੀਆ), ਮੀਤ ਪ੍ਰਧਾਨ ਜੁਗਰਾਜ ਸਿੰਘ ਤੂਰ (ਰਾਜੂ ਸਵੱਦੀ ਵਾਲਾ), ਜਨਰਲ ਸਕੱਤਰ ਮਨਜੀਤ ਸਿੰਘ ਸੰਘਾ (ਮੋਗਾ), ਗੁਰਵਿੰਦਰ ਸਿੰਘ, ਰੁਪਿੰਦਰ ਸਿੰਘ ਬਾਵਾ, ਸ: ਲਾਭ ਸਿੰਘ ਰਾਉਕੇ ਮੋਗਾ, ਅਵਤਾਰ ਸਿੰਘ ਅਤੇ ਭਗਵਾਨ ਸਿੰਘ ਭਾਨਾ (ਮੋਗਾ ਵਾਲਾ) ਨੂੰ ਜਾਂਦਾ ਹੈ।

ਨਾਰਵੇਂ ਤੋਂ ਕਬੱਡੀ ਕਲੱਬ ਦੂਸਰੇ ਵਿਸ਼ਵ ਕਬੱਡੀ ਕੱਪ 'ਚ ਲੈਣਗੇ ਭਾਗ

ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਰਣਜੀਤ ਸਿੰਘ ਦਿੱਲੀ ਚੇਅਰਮੈਨ ਗੁਰਦਿਆਲ ਸਿੰਘ ਪੱਡਾ, ਚੇਅਰਮੈਨ ਸ: ਜਰਨੈਲ ਸਿੰਘ ਦਿਓਲ, ਪੰਜਾਬ ਕਬੱਡੀ ਐਸੋਸੀਏਸ਼ਨ ਨਾਰਵੇ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਰਵੇ ਪ੍ਰਗਟ ਸਿੰਘ ਸਿੱਧੂ ਜਲਾਲ, ਬਲਜੀਤ ਸਿੰਘ ਬੱਗਾ, ਹਰਪਾਲ ਸਿੰਘ, ਹਰਚਰਨ ਸਿੰਘ ਗਰੇਵਾਲ, ਪ੍ਰਧਾਨ ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਮਿੰਦਰ ਸਿੰਘ ਖਹਿਰਾ, ਬਲਵਿੰਦਰ ਸਿੰਘ ਸਿੱਧੂ, ਯਾਦਵਿੰਦਰ ਸਿੰਘ ਜਲਾਲ, ਮਹਿੰਦਰ ਸਿੰਘ ਚੇਅਰਮੈਨ ਕਸ਼ਮੀਰ ਸਿੰਘ ਬੋਪਾਰਾਏ, ਸਾਬੀ ਪੱਤੜ, ਦਵਿੰਦਰ ਸਿੰਘ ਜੌਹਲ।

ਓਸਲੋ/ਨਾਰਵੇ, 8 ਅਗਸਤ (ਡਿੰਪਾ ਵਿਰਕ)-ਨਾਰਵੇ 'ਚ ਉੱਘੇ ਸਮਾਜ ਸੇਵਕ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਰਵੇ ਪ੍ਰਗਟ ਸਿੰਘ ਸਿੱਧੂ ਜਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪੰਜਾਬ ਕਬੱਡੀ ਐਸੋਸੀਏਸ਼ਨ ਦੇੋ ਜੁਆਇੰਟ ਸੈਕਟਰੀ ਰਣਜੀਤ ਸਿੰਘ ਦਿੱਲੀ ਨਾਲ ਨਾਰਵੇ ਆਏ ਹੋਏ ਸਨ। ਉਨ੍ਹਾਂ ਦਾ ਨਾਰਵੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਨਾਰਵੇ ਨਾਲ ਸਾਂਝੇ ਰੂਪ ਵਿਚ ਮੀਟਿੰਗ ਕੀਤੀ ਗਈ ਤੇ ਨਾਰਵੇ ਦੇਸ਼ ਦੀ ਇਕ ਕਬੱਡੀ ਟੀਮ ਭੇਜਣ ਲਈ ਸੱਦਾ ਪੱਤਰ ਦਿੱਤਾ ਗਿਆ। ਇਸ ਮੀਟਿੰਗ 'ਚ ਚੇਅਰਮੈਨ ਗੁਰਦਿਆਲ ਸਿੰਘ ਪੱਡਾ, ਚੇਅਰਮੈਨ ਜਰਨੈਲ ਸਿੰਘ ਦਿਉਲ, ਪੰਜਾਬ ਕਬੱਡੀ ਐਸੋਸੀਏਸ਼ਨ ਨਾਰਵੇ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਉੱਘੇ ਸਮਾਜ ਸੇਵਕ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਰਵੇ ਪ੍ਰਗਟ ਸਿੰਘ ਸਿੱਧੂ ਜਲਾਲ, ਬਲਜੀਤ ਸਿੰਘ ਬੱਗਾ, ਹਰਪਾਲ ਸਿੰਘ, ਹਰਚਰਨ ਸਿੰਘ ਗਰੇਵਾਲ, ਪ੍ਰਧਾਨ ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਮਿੰਦਰ ਸਿੰਘ ਖਹਿਰਾ, ਬਲਵਿੰਦਰ ਸਿੰਘ ਸਿੱਧੂ, ਯਾਦਵਿੰਦਰ ਸਿੰਘ ਜਲਾਲ, ਮਹਿੰਦਰ ਸਿੰਘ, ਚੇਅਰਮੈਨ ਕਸ਼ਮੀਰ ਸਿੰਘ ਬੋਪਾਰਾਏ, ਸਾਬੀ ਪੱਤੜ, ਦਵਿੰਦਰ ਸਿੰਘ ਜੌਹਲ, ਫੈਡਰਿਕ ਗਿੱਲ ਆਦਿ ਹਾਜ਼ਰ ਸਨ।

ਦਸਤਾਰ ਮਸਲੇ ਦੇ ਸਬੰਧ 'ਚ ਅਰਦਾਸ 14 ਨੂੰ-ਮੁਹਾਰ

ਹਮਬਰਗ, 8 ਅਗਸਤ (ਅਮਰਜੀਤ ਸਿੰਘ ਸਿੱਧੂ)-ਗੁਰਦੁਆਰਾ ਸਿੰਘ ਸਭਾ ਹਮਬਰਗ ਗਰੰਢਵੇਗ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਉਪਰੰਤ ਹਫ਼ਤਾਵਾਰੀ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਪਹਿਲਾਂ ਬੱਚਿਆਂ ਨੇ ਕੀਰਤਨ ਕੀਤਾ। ਉਨ੍ਹਾਂ ਉਪਰੰਤ ਇੰਡੀਆ ਤੋਂ ਆਏ ਦਮਦਮੀ ਟਕਸਾਲ ਦੇ ਕਥਾਵਾਚਕ ਭਾਈ ਗੁਰਮੁੱਖ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਕੀਤੀ। ਅਰਦਾਸ ਤੋਂ ਮਗਰੋਂ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਦਲਵੀਰ ਸਿੰਘ ਮੁਹਾਰ ਨੇ ਦੱਸਿਆ ਕਿ 14 ਅਗਸਤ ਨੂੰ ਦੁਨੀਆ ਵਿਚ ਦਸਤਾਰ ਮਸਲੇ ਦੇ ਸਬੰਧ ਵਿਚ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਵਾਉਣ ਅਤੇ ਸਿੱਖ ਕੌਮ ਦੇ ਹੱਕਾਂ ਦੀ ਰਾਖੀ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਜਾਵੇਗੀ। ਇਸ ਸਬੰਧ ਵਿਚ 12 ਅਗਸਤ ਨੂੰ ਦਲਬੀਰ ਸਿੰਘ ਮੁਹਾਰ ਪ੍ਰਧਾਨ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ ਅਤੇ 14 ਅਗਸਤ ਨੂੰ ਭੋਗ ਪਾਏ ਜਾਣਗੇ। ਇਸ ਦਿਨ ਦੀਵਾਨਾਂ ਵਿਚ ਕਥਾ ਕੀਰਤਨ ਅਤੇ ਪੰਥਕ ਬੁਲਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਭਾਈ ਮੁਹਾਰ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ 14 ਅਗਸਤ ਨੂੰ ਗੁਰੂ ਸਾਹਿਬ ਦੇ ਚਰਨਾਂ ਵਿਚ ਸਿੱਖ ਕੌਮ ਦੇ ਕਕਾਰਾਂ ਦੀ ਰੱਖਿਆ ਲਈ ਸ੍ਰੀ ਚੌਪਈ ਸਾਹਿਬ ਦੇ ਪਾਠ ਤੇ ਅਰਦਾਸ ਕਰਨ।

ਕੰਗ ਸਾਹਬੂ ਨਿਵਾਸੀਆਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 14 ਨੂੰ

ਟੋਰਾਂਟੋ, 8 ਅਗਸਤ (ਹਰਜੀਤ ਸਿੰਘ ਬਾਜਵਾ)-ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਕੰਗ ਸਾਹਬੂ ਦੇ ਨਿਵਾਸੀਆਂ ਵੱਲੋਂ 14 ਅਗਸਤ ਦਿਨ ਐਤਵਾਰ ਨੂੰ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਬਾਬਾ ਬੁੱਢਾ ਸੁੱਟਾ ਦੀ ਯਾਦ ਵਿਚ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ ਜੋ ਕਿ 12 ਅਗਸਤ ਦਿਨ ਸ਼ੁੱਕਰਵਾਰ ਨੂੰ ਆਰੰਭ ਹੋਣਗੇ। ਸਬੰਧਤ ਪਿੰਡ ਦੇ ਨਿਵਾਸੀ ਕੁਲਵਿੰਦਰ ਸਿੰਘ ਕੰਗ ਅਨੁਸਾਰ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੌਕੇ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

ਪੰਜਾਬ ਪੀਪਲਜ਼ ਪਾਰਟੀ ਦੇ ਆਗੂ ਚੀਮਾ ਸਿਡਨੀ ਪਹੁੰਚੇ

ਕੁਲਦੀਪ ਸਿੰਘ ਚੀਮਾ ਸਿਡਨੀ ਵਾਸੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ।

ਸਿਡਨੀ, 8 ਅਗਸਤ (ਹਰਕੀਰਤ ਸਿੰਘ ਸੰਧਰ)-ਪੰਜਾਬ ਪੀਪਲਜ਼ ਪਾਰਟੀ ਦੀ ਨਵੀਂ ਸੋਚ ਨੂੰ ਸਿਡਨੀ ਵਾਸੀਆਂ ਨਾਲ ਸਨਮੁੱਖ ਕਰਨ ਲਈ ਕੁਲਦੀਪ ਸਿੰਘ ਚੀਮਾ ਇਨ੍ਹੀਂ ਦਿਨੀਂ ਸਿਡਨੀ 'ਚ ਹਨ। ਰਣਜੀਤ ਖੈੜਾ ਵੱਲੋਂ ਉਲੀਕੇ ਇਸ ਪ੍ਰੋਗਰਾਮ ਵਿਚ ਪਿਛਲੇ ਦਿਨੀਂ ਸਿਡਨੀ ਵਾਸੀ ਬਲੈਕਕਾਉਨ ਵਿਚ ਇਕੱਤਰ ਹੋਏ। ਚੀਮਾ ਨੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਇਸ ਨਵੀਂ ਸੋਚ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਉਪਰੰਤ ਆਏ ਹੋਏ ਸਿਡਨੀ ਵਾਸੀਆਂ ਵੱਲੋਂ ਸਵਾਲ ਜਵਾਬ ਪੁੱਛੇ ਗਏ ਤਾਂ ਜੋ ਪਾਰਟੀ ਦੇ ਸਹੀ ਅਰਥ ਸਮਝ ਆ ਸਕਣ।

ਜਰਨੈਲ ਸਿੰਘ ਵਾਹਦ ਨੂੰ ਮਾਰਕਫੈੱਡ ਦਾ ਚੇਅਰਮੈਨ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ

ਲੰਡਨ, 8 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼੍ਰੋਮਣੀ ਅਕਾਲੀ ਦਲ ਯੂ.ਕੇ. ਦੀ ਮੀਟਿੰਗ ਗੁਰਦੇਵ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਕੱਤਰ ਜਨਰਲ ਸੁਰਿੰਦਰ ਸਿੰਘ ਬੈਨੀਪਾਲ, ਜਤਿੰਦਰ ਸਿੰਘ ਸਮਰਾ ਆਦਿ ਸਮੇਤ ਦਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਫਗਵਾੜਾ ਸ਼ਹਿਰ ਨੂੰ ਕਾਰਪੋਰੇਸ਼ਨ ਬਣਾਉਣ 'ਤੇ ਸਰਕਾਰ ਦਾ ਧੰਨਵਾਦ ਕਰਦਿਆਂ ਸਾਬਕਾ ਮੰਤਰੀ ਸਵਰਨਾ ਰਾਮ, ਸਰਵਨ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ, ਅਵਤਾਰ ਸਿੰਘ ਭੂੰਗਰਨੀ, ਬਲਜਿੰਦਰ ਸਿੰਘ ਠੇਕੇਦਾਰ,ਪਲਵਿੰਦਰ ਸਿੰਘ ਲਾਡੀ, ਜਤਿੰਦਰ ਸਿੰਘ ਪਲਾਹੀ ਅਤੇ ਗੁਰਮੁੱਖ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਵੱਲੋਂ ਲੰਬੇ ਸਮੇਂ ਤੋਂ ਫਗਵਾੜਾ ਸ਼ਹਿਰ ਨੂੰ ਕਾਰਪੋਰੇਸ਼ਨ ਦਾ ਦਰਜਾ ਦਿਵਾਉਣ ਲਈ ਯਤਨ ਕੀਤੇ ਜਾ ਰਹੇ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਜਰਨੈਲ ਸਿੰਘ ਵਾਹਦ ਨੂੰ ਮੁੜ ਮਾਰਕਫੈੱਡ ਦਾ ਚੇਅਰਮੈਨ ਬਣਾਉਣ 'ਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ।

 ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਨੂੰ ਸਦਮਾ-ਤਾਈ ਦਾ ਦਿਹਾਂਤ

ਆਕਲੈਂਡ, 8 ਅਗਸਤ (ਅਜੀਤ ਬਿਉਰੋ)-'ਅਜੀਤ ਪ੍ਰਕਾਸ਼ਨ ਸਮੂਹ' ਦੇ ਨਿਊਜ਼ੀਲੈਂਡ ਤੋਂ ਪੱਤਰਕਾਰ ਸ: ਹਰਜਿੰਦਰ ਸਿੰਘ ਬਸਿਆਲਾ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਵੱਡੇ ਤਾਈ ਜੀ ਬੀਬੀ ਨਿਰੰਜਣ ਕੌਰ ਸੁਪਤਨੀ ਸ: ਸੁੱਚਾ ਸਿੰਘ ਪਿੰਡ ਬਸਿਆਲਾ (ਗੜ੍ਹਸ਼ੰਕਰ) ਜੋ ਕੁਝ ਦਿਨ ਪਹਿਲਾਂ ਪੌੜੀਆਂ ਤੋਂ ਡਿੱਗ ਕੇ ਸੱਟ ਲੱਗਣ ਨਾਲ ਬਿਮਾਰ ਪੈ ਗਏ ਸਨ, ਬੀਤੇ ਕੱਲ੍ਹ ਸ਼ਾਮ ਸੇਠੀ ਹਸਪਤਾਲ ਨਵਾਂਸ਼ਹਿਰ ਤੋਂ ਆਪਣੇ ਘਰ ਪਿੰਡ ਬਸਿਆਲਾ ਪਹੁੰਚ ਸਦਾ ਲਈ ਇਸ ਦੁਨੀਆ ਤੋਂ ਕੂਚ ਕਰ ਗਏ। ਉਨ੍ਹਾਂ ਦੀ ਉਮਰ ਤਕਬੀਨ 80 ਸਾਲ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਸੈਂਕੜੇ ਸੇਜਲ ਅੱਖਾਂ ਨਾਲ ਕਰ ਦਿੱਤਾ ਗਿਆ। ਮਾਤਾ ਨਿਰੰਜਣ ਕੌਰ ਅੰਤਿਮ ਅਰਦਾਸ 14 ਅਗਸਤ ਨੂੰ ਗੁਰਦੁਆਰਾ ਸਿੰਘ ਸਭਾ ਪਿੰਡ ਬਸਿਆਲਾ ਵਿਖੇ ਹੋਵੇਗੀ। ਸ: ਬਸਿਆਲਾ ਦੇ ਛੋਟੇ ਭਰਾ ਸ੍ਰੀ ਅਵਤਾਰ ਬਸਿਆਲਾ ਜੋ ਕਿ ਪਰਿਵਾਰ ਸਮੇਤ ਨਿਊਜ਼ੀਲੈਂਡ ਤੋਂ ਪੰਜਾਬ ਗਏ ਹੋਏ ਹਨ ਸਮੇਤ ਸ: ਗੁਰਜੀਤ ਸਿੰਘ, ਇੰਦਰਪਾਲ ਸਿੰਘ ਤੇ ਅਵਤਾਰ ਸਿੰਘ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੰਦਿਆਂ ਚਿਖਾ ਨੂੰ ਅਗਨ ਭੇਟ ਕੀਤਾ। ਉਹ ਨੇਕ ਸੁਭਾਅ ਵਾਲੇ ਅਤੇ ਸਾਰੀ ਉਮਰ ਮਿਹਨਤ ਕਰਕੇ ਪਰਿਵਾਰ ਨੂੰ ਖੁਸ਼ੀਆਂ ਵੰਡਦੇ ਰਹੇ। ਵਾਹਿਗੁਰੂ ਉਨ੍ਹਾਂ ਦਾ ਆਤਮਾ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।


ਖ਼ਬਰਾਂ ਸਬੰਧੀ ਜ਼ਰੂਰੀ ਸੂਚਨਾ

 ਰੋਜ਼ਾਨਾ 'ਅਜੀਤ' ਦੇ ਵਿਦੇਸ਼ਾਂ 'ਚੋਂ ਖ਼ਬਰਾਂ ਭੇਜਦੇ ਪੱਤਰਕਾਰਾਂ ਨੂੰ ਉਥੋਂ ਦੇ ਵੱਖ-ਵੱਖ ਆਗੂ ਅਕਸਰ ਹੀ ਪੁਰਾਣੇ ਜਾਂ ਪਹਿਲਾਂ ਛੱਪ ਚੁੱਕੇ ਬਿਆਨ 'ਅਜੀਤ' 'ਚ ਛੱਪਣ ਲਈ ਦੁਬਾਰਾ ਭੇਜ ਦਿੰਦੇ ਹਨ। ਇਸੇ ਤਰ੍ਹਾਂ ਅਕਸਰ ਹੀ ਇਕ ਸਮਾਗਮ ਦੀਆਂ ਕਈ-ਕਈ ਰਿਪੋਰਟਾਂ ਭੇਜ ਦਿੱਤੀਆਂ ਜਾਂਦੀਆਂ ਹਨ ਜੋ ਪਹਿਲਾਂ ਹੀ ਅਖ਼ਬਾਰਾਂ 'ਚ ਛੱਪ ਚੁੱਕੀਆਂ ਹੁੰਦੀਆਂ ਹਨ ਜਾਂ ਕਿਸੇ ਨਾ ਕਿਸੇ ਵੈੱਬਸਾਈਟ 'ਤੇ ਨਸ਼ਰ ਕੀਤੀਆਂ ਜਾ ਚੁੱਕੀਆਂ ਹੁੰਦੀਆਂ ਹਨ। ਵਿਦੇਸ਼ਾਂ 'ਚ ਸਮਾਗਮ ਕਰਵਾਉਣ ਵਾਲੇ ਪ੍ਰਬੰਧਕਾਂ ਤੇ ਆਗੂਆਂ ਨੂੰ ਬੇਨਤੀ ਹੈ ਕਿ 'ਅਜੀਤ' ਦੇ ਪੱਤਰਕਾਰਾਂ ਨੂੰ ਪਹਿਲਾਂ ਛਪੀ ਖ਼ਬਰ ਦੁਬਾਰਾ ਨਾ ਭੇਜੀ ਜਾਵੇ। ਕਿਸੇ ਸਮਾਗਮ ਦੀ ਖ਼ਬਰ 'ਅਜੀਤ' ਨੂੰ ਸਿੱਧੀ ਜਲੰਧਰ ਭੇਜੇ ਜਾਣ ਤੋਂ ਪ੍ਰਬੰਧਕ ਸਾਹਿਬਾਨ ਗੁਰੇਜ਼ ਕਰਨ। ਖ਼ਬਰਾਂ ਲਈ 'ਅਜੀਤ' ਦੇ ਵਿਦੇਸ਼ਾਂ 'ਚ ਨਿਯੁਕਤ ਪੱਤਰਕਾਰਾਂ ਨਾਲ ਹੀ ਸੰਪਰਕ ਕੀਤਾ ਜਾਵੇ।

 

-ਸੰਪਾਦਕ

                                         


 

© 2010-11 Ajit, Nehru Garden Road, Jalandhar (Pb.)  INDIA