òÅêà Öìð» ç¶ Ãë¶ Óå¶


 

ਲੋਕ-ਨਾਟ : ਸਵਾਂਗ
ਖੋਜ ਤੇ ਸੰਕਲਨ : ਹਰਜੀਤ ਕੌਰ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 260 ਰੁਪਏ, ਸਫ਼ੇ : 208.

ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਲੋਕਯਾਨ ਦੇ ਵੱਖ-ਵੱਖ ਰੂਪਾਂ ਬਾਰੇ ਕਾਫੀ ਮਹੱਤਵਪੂਰਨ ਕੰਮ ਹੋ ਰਿਹਾ ਹੈ। ਇਸ ਖੇਤਰ ਬਾਰੇ ਅਨੁਸ਼ਾਸਨਬੱਧ ਵਿਧੀ ਨਾਲ ਕੰਮ ਕਰਨ ਦੀ ਜਾਚ ਸਭ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਡਾ: ਹਰਜੀਤ ਸਿੰਘ ਗਿੱਲ ਨੇ ਦੱਸੀ ਸੀ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਡਾ: ਕਰਨੈਲ ਸਿੰਘ ਥਿੰਦ, ਡਾ: ਇਕਬਾਲ ਕੌਰ ਸੌਂਧ, ਡਾ: ਜੋਗਿੰਦਰ ਸਿੰਘ ਕੈਰੋਂ ਅਤੇ ਡਾ: ਗੁਰਮੀਤ ਸਿੰਘ ਨੇ ਇਸ ਕੰਮ ਨੂੰ ਅੱਗੇ ਵਧਾਇਆ। ਉਧਰ ਪੰਜਾਬ ਯੂਨੀਵਰਸਿਟੀ ਵਿਚ ਡਾ: ਨਾਹਰ ਿਿਸੰਘ ਨੇ ਇਕੱਲਿਆਂ ਹੀ ਡਾ: ਸੋਹਿੰਦਰ ਸਿੰਘ ਵਣਜਾਰਾ ਬੇਦੀ, ਦੇਵਿੰਦਰ ਸਤਿਆਰਥੀ, ਸੁਖਦੇਵ ਮਾਦਪੁਰੀ ਅਤੇ ਅਜੀਤ ਸਿੰਘ ਔਲਖ ਆਦਿ ਬਹੁਤ ਸਾਰੇ ਸੰਗ੍ਰਹਿਕਰਤਾਵਾਂ ਦੁਆਰਾ ਕੀਤੇ ਕਾਰਜ ਨੂੰ ਵਿਧੀਵਤ ਢੰਗ ਨਾਲ ਤੋਰਿਆ ਹੋਇਆ ਹੈ ਅਤੇ ਹੁਣ ਡਾ: ਹਰਜੀਤ ਕੌਰ ਨੇ ਵੀ ਅੱਗੇ ਆ ਕੇ ਆਪਣੀ ਪਛਾਣ ਦਰਜ ਕਰਵਾ ਲਈ ਹੈ। ਸਵਾਂਗ ਦੀ ਪੇਸ਼ਕਾਰੀ ਗਿੱਧੇ ਜਾਂ ਜਾਗੋ ਆਦਿ ਲੋਕਯਾਨਕ ਪੇਸ਼ਕਾਰੀਆਂ ਸਮੇਂ ਕੀਤੀ ਜਾਂਦੀ ਹੈ। ਨੱਚਦੀਆਂ-ਟੱਪਦੀਆਂ ਅਤੇ ਖ਼ਰੂਦ ਕਰਦੀਆਂ ਔਰਤਾਂ ਕਿਸੇ ਸਾਧ, ਬ੍ਰਾਹਮਣ, ਡੱਗੀ ਵਾਲੇ, ਛੜੇ ਜਾਂ ਜੇਠ ਅਥਵਾ ਸਹੁਰੇ ਦਾ ਸਵਾਂਗ ਧਾਰਨ ਕਰਕੇ ਪੰਜਾਬੀ ਸਮਾਜ ਦੀ ਅੰਦਰੂਨੀ ਸੰਰਚਨਾ ਨੂੰ ਉਘਾੜਦੀਆਂ ਅਤੇ ਉਧੇੜਦੀਆਂ ਹਨ।

ਡਾ: ਹਰਜੀਤ ਕੌਰ ਨੇ ਆਪਣੀ ਪੁਸਤਕ ਦੇ ਮੁਢਲੇ ਸੌ ਕੁ ਪੰਨਿਆਂ ਵਿਚ ਸਵਾਂਗ-ਨਾਟਕਾਂ ਵਿਚਲੀ ਵਸਤੂ-ਸਮੱਗਰੀ ਦਾ ਸਿਧਾਂਤਕ ਵਿਸ਼ਲੇਸ਼ਣ ਕੀਤਾ ਹੈ ਤੇ ਅਤੇ ਬਾਕੀ ਸੌ ਪੰਨਿਆਂ ਵਿਚ ਸਵਾਂਗ-ਨਾਟਕਾਂ ਦੀ ਮੂਲ ਟੈਕਸਟ ਦਿੱਤੀ ਹੈ। ਵਿਦਵਾਨ ਲੇਖਕਾ ਦਾ ਇਹ ਕੰਮ ਕਾਫੀ ਜੁਰਅੱਤ ਵਾਲਾ ਹੈ। ਸਪਸ਼ਟ ਹੈ ਕਿ ਇਸ ਪ੍ਰਸੰਗ ਵਿਚ ਉਸ ਨੂੰ ਆਪਣੇ ਜੀਵਨ-ਸਾਥੀ ਡਾ: ਗੁਰਮੀਤ ਸਿੰਘ ਦੀ ਹੱਲਾਸ਼ੇਰੀ ਵੀ ਨਿਰੰਤਰ ਮਿਲਦੀ ਰਹੀ ਹੋਵੇਗੀ। ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਲੋਕ ਸਾਹਿਤ ਦੇ ਪ੍ਰਸਿੱਧ ਨਮੂਨਿਆਂ ਨੂੰ ਇਕੱਤਰ ਅਤੇ ਵਿਸ਼ਲੇਸ਼ਿਤ ਕਰਨ ਦਾ ਕੰਮ ਤਾਂ ਬਹੁਤ ਸਾਰੀਆਂ ਖੋਜ-ਵਿਦਿਆਰਥਣਾਂ ਨੇ ਕੀਤਾ ਹੈ ਪਰ ਬਹੁਤੀਆਂ ਨੇ ਤਾਂ ਐਵੇਂ ਡਿਗਰੀ ਲੈਣ ਦੀ ਖਾਤਰ ਹੂਲਾ ਫੱਕਿਆ ਲਗਦਾ ਹੈ। ਇਸ ਕਾਰਜ ਲਈ ਜਿਹੜੇ ਨਿਸ਼ਠਾ, ਸਿਆਣਪ ਅਤੇ ਜੁਰਅੱਤ ਹੋਣੀ ਚਾਹੀਦੀ ਸੀ, ਉਹ ਮੈਨੂੰ ਉਨ੍ਹਆਂ ਵਿਚ ਨਜ਼ਰ ਨਹੀਂ ਆਈ। ਮੈਂ ਸੋਚਦਾ ਹਾਂ ਕਿ ਲੋਕ ਸਾਹਿਤ ਉੱਪਰ ਖੋਜ ਕਰਨ ਲਈ ਪੁਰਸ਼ਾਂ ਅਤੇ ਇਸਤਰੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਕ ਹੀ ਪ੍ਰਾਜੈਕਟ ਉੱਪਰ ਕੰਮ ਕਰਨ ਵਾਲੇ ਦੋਵਾਂ ਵਿਅਕਤੀਆਂ ਨੂੰ ਪੀ. ਐਚ. ਡੀ. ਦੇਣ ਦੀ ਸਹੂਲਤ ਮਿਲ ਜਾਵੇ ਤਾਂ ਬਹੁਤ ਚੰਗੇ ਖੋਜ ਕਾਰਜ ਦੀ ਆਸ਼ਾ ਰੱਖੀ ਜਾ ਸਕਦੀ ਹੈ। ਬਹਰਹਾਲ! ਮੈਂ ਡਾ: ਹਰਜੀਤ ਕੌਰ ਦੇ ਕੰਮ ਨੂੰ ਟਕਸਾਲੀ ਅਤੇ ਮਿਆਰੀ ਮੰਨਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਫੁੱਲਾਂ ਦੀ ਝਾਂਜਰ
ਗੀਤਕਾਰ : ਗੁਰਭਜਨ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 140 ਰੁਪਏ, ਸਫ਼ੇ : 112.

'ਫੁੱਲਾਂ ਦੀ ਝਾਂਜਰ' ਪੰਜਾਬੀ ਸਾਹਿਤ-ਜਗਤ ਦੇ ਮੁਮਤਾਜ਼ ਸ਼ਾਇਰ ਪ੍ਰੋ: ਗੁਰਭਜਨ ਗਿੱਲ ਦਾ ਬਾਰ੍ਹਵਾਂ ਕਾਵਿ ਸੰਗ੍ਰਹਿ ਹੈ। ਉਸ ਦਾ ਪ੍ਰਥਮ ਕਾਵਿ ਸੰਗ੍ਰਹਿ 'ਸ਼ੀਸ਼ਾ ਝੂਠ ਬੋਲਦਾ ਹੈ' ਪਹਿਲੀ ਵਾਰ 1978 ਈ: ਵਿਚ ਪ੍ਰਕਾਸ਼ਿਤ ਹੋਇਆ ਸੀ ਅਤੇ ਬੀਤੇ 33 ਕੁ ਵਰ੍ਹਿਆਂ ਵਿਚ ਉਹ ਨਿਰੰਤਰ ਕਾਵਿ-ਸਿਰਜਣਾ ਨਾਲ ਜੁੜਿਆ ਰਿਹਾ ਹੈ। ਉਸ ਦੀ ਹਰ ਪੁਸਤਕ ਦੇ ਕਈ-ਕਈ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ ਜੋ ਇਸ ਭ੍ਰਾਂਤੀ ਦਾ ਨਿਵਾਰਣ ਕਰਦੇ ਹਨ ਕਿ ਪੰਜਾਬੀ ਕਾਵਿ ਦੇ ਬਹੁਤੇ ਪਾਠਕ ਨਹੀਂ ਹਨ। ਇਸ ਪੁਸਤਕ ਦੇ ਆਰੰਭ ਵਿਚ ਮੋਹਾਲੀ ਵਾਲੇ ਡਾ: ਆਤਮਜੀਤ ਸਿੰਘ ਦੁਆਰਾ ਲਿਖਿਆ ਇਕ ਵਿਸਤ੍ਰਿਤ ਮੁਖਬੰਧ ਹੈ, ਜਿਸ ਵਿਚ ਪ੍ਰੋ: ਗਿੱਲ ਦੇ ਗੀਤ ਕਾਵਿ ਦਾ ਬੜਾ ਸਟੀਕ ਵਿਸ਼ਲੇਸ਼ਣ ਕੀਤਾ ਗਿਆ ਹੈ। ਪੁਸਤਕ ਦੇ ਅੰਤ ਵਿਚ ਗਿੱਲ ਦੇ ਇਕ ਕਵੀ ਮਿੱਤਰ ਪ੍ਰੋ: ਰਵਿੰਦਰ ਭੱਠਲ ਦੁਆਰਾ ਲਿਖਿਆ ਇਕ ਸੰਖੇਪ ਪਿਠਬੰਦ ਵੀ ਹੈ। ਇਹ ਦੋਵੇਂ ਆਲੋਚਨਾਤਮਕ ਲੇਖ ਇਸ ਪੁਸਤਕ ਦੇ ਮੁੱਲ ਅਤੇ ਮਹੱਤਵ ਵਿਚ ਬੜਾ ਨਿੱਗਰ ਵਾਧਾ ਕਰਦੇ ਹਨ। ਗੁਰਭਜਨ ਗਿੱਲ ਪੰਜਾਬੀਅਤ ਦਾ ਅਭਿਵਿਅੰਜਨ ਕਰਨ ਵਾਲਾ ਇਕ ਸੁਹਿਰਦ ਅਤੇ ਸੰਵੇਦਨਸ਼ੀਲ ਗੀਤਕਾਰ ਹੈ। ਸਭ ਤੋਂ ਪਹਿਲਾਂ ਉਹ ਪੰਜਾਬੀਆਂ ਦੇ ਸਮੂਹਿਕ ਅਵਚੇਤਨ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਉਪਰੰਤ ਇਸ ਅਵਚੇਤਨ ਦੇ ਉੱਘੜਵੇਂ ਕੰਟੂਰਜ਼ ਨੂੰ ਕਾਵਿਬੱਧ ਕਰਦਾ ਹੈ। ਕਈ ਲੋਕ ਰੋਮਾਂਸ ਭਾਵ ਤੋਂ ਮੁਕਤ ਨਹੀਂ ਹੋ ਸਕਦੇ, ਕਿਉਂਕਿ ਜੇ ਰੋਮਾਂਸ ਹੀ ਨਾ ਰਿਹਾ ਤਾਂ ਕਵਿਤਾ ਕਿਵੇਂ ਆਕਾਰਵੰਤ ਹੋਵੇਗੀ? ਇਸੇ ਰੋਮਾਂਸ ਭਾਵਨਾ ਦੇ ਅਧੀਨ ਉਹ ਉੱਤਰ-ਪੂੰਜੀਵਾਦ ਅਤੇ ਵਿਸ਼ਵੀਕਰਨ ਦੇ ਤੇਜ਼ ਝੱਖੜ ਵਿਚ ਟੁੱਟ-ਭੱਜ ਰਹੇ ਪੰਜਾਬ ਬਾਰੇ ਆਪਣਾ ਹੇਰਵਾ ਅਤੇ ਰੁਦਨ ਪੇਸ਼ ਕਰਦਾ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿਚ ਗੁਰਭਜਨ ਗਿੱਲ ਨੇ ਮੁਢਲੇ ਕਦਮ ਆਪਣੇ ਪਰਮ ਮਿੱਤਰ ਅਤੇ ਸਹਿਪਾਠੀ ਸ: ਸ਼ਮਸ਼ੇਰ ਸਿੰਘ ਸੰਧੂ ਨਾਲ ਮਿਲ ਕੇ ਪੁੱਟੇ ਸਨ। ਦੋਵਾਂ ਦੇ ਭਾਵਬੋਧ ਵਿਚ ਕਾਫੀ ਕੁਝ ਸਾਂਝਾ ਹੈ ਪ੍ਰੰਤੂ ਅਭਿਵਿਅਕਤੀ ਦੀ ਦ੍ਰਿਸ਼ਟੀ ਤੋਂ ਦੋਵਾਂ ਦੀ ਕਾਵਿ ਕਲਾ ਕਾਫੀ ਵੱਖਰੀ ਅਤੇ ਨਿੱਖੜਵੀਂ ਹੈ। ਤਾਂ ਵੀ ਇਨ੍ਹਾਂ ਦੋਵਾਂ ਕਵੀਆਂ ਨੂੰ ਇਕ-ਦੂਜੇ ਦੇ ਸਮਵਿੱਥ ਰੱਖ ਕੇ ਪੜ੍ਹਨਾ ਕਾਫੀ ਰੌਚਕ ਅਤੇ ਅਰਥਪੂਰਨ ਸਿੱਧ ਹੋਵੇਗਾ। ਗਰਭਜਨ ਗਿੱਲ ਦੇ ਇਸ ਗੀਤ ਸੰਗ੍ਰਹਿ ਵਿਚ ਪੰਜਾਬੀ ਬੋਲੀ, ਪੰਜਾਬੀ ਸੁਭਾਉ, ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਦੇ ਬੜੇ ਸੱਚੇ-ਸੁੱਚੇ ਦਰਸ਼ਨ ਹੁੰਦੇ ਹਨ। ਇਸ ਵਿਚ ਪੰਜਾਬੀ ਕਾਵਿ ਦੀ ਸਮੁੱਚੀ ਪਰੰਪਰਾ ਵੀ ਗਤੀਸ਼ੀਲ ਰੂਪ ਵਿਚ ਦੇਖੀ ਅਤੇ ਮਾਣੀ ਜਾ ਸਕਦੀ ਹੈ। ਮੈਂ ਇਸ ਪੁਸਤਕ ਵਿਚਲੇ ਗੀਤਾਂ ਦੇ ਖੰਡਿਤ ਦਰਸ਼ਨ-ਦੀਦਾਰ ਕਰਵਾਉਣ ਦੀ ਥਉਂ ਚਾਹਾਂਗਾ ਕਿ ਪਾਠਕ ਇਸ ਪੁਸਤਕ ਵਿਚਲੀ ਸਮੱਗਰੀ ਨੂੰ ਸਗਲ-ਸੰਪੂਰਨ ਰੂਪ ਵਿਚ ਮਾਣਨ। ਇਹ ਵਾਰ-ਵਾਰ ਪੜ੍ਹਨ ਅਤੇ ਮਾਣਨ ਵਾਲੀ ਰਚਨਾ ਹੈ। ਇਸ ਰਚਨਾ ਦਾ ਹਰ ਪਾਠ, ਪਾਠਕਾਂ ਦੇ ਭਾਵਬੋਧ ਅਤੇ ਸੰਵੇਦਨਸ਼ੀਲਤਾ ਨੂੰ ਵੱਖਰੀ ਤਰ੍ਹਾਂ ਨਾਲ ਅੰਦੋਲਿਤ ਕਰੇਗਾ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਸਾਡੇ ਵੇਖਦਿਆਂ ਵੇਖਦਿਆਂ
ਸ਼ਾਇਰ : ਦਿਨੇਸ਼ ਵਸ਼ਿਸ਼ਟ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 88.

ਇਸ ਪਲੇਠੇ ਕਾਵਿ ਸੰਗ੍ਰਹਿ ਵਿਚ ਕਵੀ ਨੇ ਵਿਭਿੰਨ ਅਤੇ ਵਿਵਿਧ ਵਿਸ਼ਿਆਂ ਬਾਰੇ ਸੁੰਦਰ ਕਾਵਿਮਈ ਵਿਚਾਰ ਪੇਸ਼ ਕੀਤੇ ਹਨ। ਇਸ ਵਿਚ ਆਸਤਕਤਾ, ਵਿਗਿਆਨ, ਚਿੰਤਨ, ਫਲਸਫ਼ਾ, ਇਤਿਹਾਸ, ਅਧਿਆਤਮ, ਸੱਭਿਆਚਾਰ ਅਤੇ ਕੁਦਰਤ ਦੇ ਵਿਸਮਾਦ ਦੀਆਂ ਝਲਕਾਂ ਹਨ। ਇਹ ਕਵਿਤਾਵਾਂ ਕਿਸੇ ਆਵੇਸ਼ ਅਤੇ ਵੇਗ ਵਿਚ ਵਹਿੰਦੀਆਂ ਹਨ, ਕਿਸੇ ਸੂਖਮ ਜਜ਼ਬੇ ਨਾਲ ਧੜਕਦੀਆਂ ਹਨ ਅਤੇ ਸਾਡੀ ਚੇਤਨਾ ਤੇ ਚਿੰਤਨ ਨੂੰ ਟੁੰਬਦੀਆਂ ਹਨ। ਕੁਝ ਝਲਕਾਂ ਦਾ ਰਸ ਤੁਸੀਂ ਵੀ ਮਾਣੋ-

-ਭੁੱਖ ਮਾਰਿਆਂ ਧੁੰਨੀ ਜਦ ਚਿੰਬੜ ਜਾਂਦੀ ਹੈ

ਰੀੜ੍ਹ ਨਾਲ

ਮੈਨੂੰ ਯੋਗ ਦੇ ਅਰਥ ਸਮਝ ਆ ਜਾਂਦੇ ਹਨ।

-ਮੇਰਾ ਬੇਹੋਸ਼ ਮਸਤਕ

ਮੇਰਾ ਮੋਇਆ ਦਿਲ

ਘੜਦਾ ਸੀ ਜੋ ਮਰਸੀਏ

ਅੱਜ ਗੀਤ ਸ਼ਗਨ ਦੇ ਰਚਦਾ ਹੈ।

ਮੇਰੀ ਸਿਰਫ ਜਾਨ ਪੰਜਾਬੀ 'ਚ ਨਿਕਲਦੀ ਹੈ

ਪਰ ਸਵਾਲ ਜਿਥੇ

ਇੱਜ਼ਤ ਦਾ ਹੈ, ਮਾਣ, ਰੁਤਬੇ ਹੋਂਦ ਦਾ ਹੈ

'ਆਈ ਐਮ ਸਾਰੀ'

ਮੈਨੂੰ ਪੰਜਾਬੀ ਨਹੀਂ ਆਉਂਦੀ।

ਇਨ੍ਹਾਂ ਰਚਨਾਵਾਂ ਵਿਚ ਬੇਬਾਕੀ, ਵਿਅੰਗ, ਸੰਜੀਦਗੀ, ਇਮਾਨਦਾਰੀ, ਸਵੱਛਤਾ ਅਤੇ ਪਾਰਦਰਸ਼ਤਾ ਹੈ। ਇਨ੍ਹਾਂ ਦੀ ਮੌਲਿਕਤਾ ਅਤੇ ਨਵੀਨਤਾ ਸਮਝਣ ਤੇ ਮਾਣਨ ਵਾਲੀ ਹੈ। ਇਹ ਮਨੋਰੰਜਨ ਭਾਵੇਂ ਨਾ ਹੋਣ ਪਰ ਚਿੰਤਨਸ਼ੀਲ ਦ੍ਰਿਸ਼ਟੀ ਜ਼ਰੂਰ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਵਿਚ ਸਮਾਜਿਕ, ਆਰਥਿਕ, ਰਾਜਨੀਤਕ ਸ਼ੋਸ਼ਣ ਅਤੇ ਦੁਰਾਚਾਰ ਪ੍ਰਤੀ ਸਾਡੀ ਸੰਵੇਦਨਾ ਜਾਗ੍ਰਿਤ ਹੁੰਦੀ ਹੈ। ਆਸ ਹੈ ਭਵਿੱਖ ਵਿਚ ਇਹ ਕਲਮ ਹੋਰ ਵੀ ਪ੍ਰਭਾਵਸ਼ਾਲੀ ਅਤੇ ਰਾਹ ਦਸੇਰੀਆਂ ਰਚਨਾਵਾਂ ਨਾਲ ਸਾਹਿਤ ਦੀ ਝੋਲੀ ਭਰਪੂਰ ਕਰੇਗੀ। ਇਸ ਪਲੇਠੇ ਕਾਵਿ-ਸੰਗ੍ਰਹਿ ਦਾ ਭਰਪੂਰ ਸੁਆਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਮਾਸਟਰ ਜੀ ਦਾ ਮੌਲਾ-ਬਖ਼ਸ਼
ਵਿਅੰਗਕਾਰ : ਕੇ. ਐਲ. ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 158.

ਕੇ. ਐਲ. ਗਰਗ ਪੰਜਾਬੀ ਦਾ ਸ਼੍ਰੋਮਣੀ ਅਤੇ ਹਰਮਨ-ਪਿਆਰਾ ਵਿਅੰਗਕਾਰ ਹੈ। ਆਪਣੇ ਹਾਸ-ਵਿਅੰਗ ਰਾਹੀਂ ਉਹ ਵੱਡੀ ਤੋਂ ਵੱਡੀ ਸਿੱਖਿਆ ਅਤੇ ਸੇਧ ਬੜੇ ਹੀ ਰੌਚਕ ਢੰਗ ਨਾਲ ਦੇ ਦਿੰਦਾ ਹੈ। ਅੱਜ ਦੇ ਗੰਭੀਰ, ਚਿੰਤਾਤੁਰ ਅਤੇ ਫ਼ਿਕਰਾਂ ਮਾਰੇ ਮਨੁੱਖ ਨੂੰ ਇਹੋ ਜਿਹੇ ਹਾਸ ਵਿਅੰਗ ਦਾਰੂ ਦੀ ਸਖ਼ਤ ਲੋੜ ਹੈ। ਹਾਸਿਆਂ ਵਿਚ ਲਪੇਟੀ ਕੌੜੀ ਦਵਾਈ ਨੂੰ ਬੰਦਾ ਹੱਸਦਿਆਂ-ਹਸਦਿਆਂ ਖਾ ਕੇ ਤੰਦਰੁਸਤ ਹੋ ਜਾਂਦਾ ਹੈ। ਸ਼ਿਵਰਾਂ ਵਿਚ ਜਾ ਕੇ ਬਨਾਉਟੀ ਹਾਸੇ ਹੱਸਣ ਨਾਲੋਂ ਅਜਿਹੀਆਂ ਰਚਨਾਵਾਂ ਦਾ ਪਠਨ ਕਿਤੇ ਬਿਹਤਰ ਹੈ। ਹਥਲੀ ਪੁਸਤਕ ਵਿਚ 50 ਹਾਸ ਵਿਅੰਗ ਲੇਖ ਹਨ। ਇਨ੍ਹਾਂ ਵਿਚ ਸਮਾਜ, ਸੱਭਿਆਚਾਰ, ਘਰ-ਬਾਰ ਅਤੇ ਰਾਜਨੀਤੀ ਦੇ ਮਸਲਿਆਂ ਨੂੰ ਹਲਕੇ-ਫੁਲਕੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਕੁਝ ਝਲਕਾਂ ਦੇਖੋ-

-'ਜਨਤਾ ਬਿਮਾਰ ਹੋਵੇ ਤਾਂ ਡਾਕਟਰਾਂ ਦਾ ਹੈਲਦੀ ਸੀਜ਼ਨ ਹੁੰਦਾ ਹੈ'

-'ਅਲਖ ਨਿਰੰਜਨ, ਕਰੋ ਮਨੋਰੰਜਨ, ਚਿਮਟਾ ਖੜਕੇ, ਦਰ ਦਰ ਜਾ ਕੇ ਖੰਘਣ,

ਰੱਬ ਦੇ ਨਾਂਅ 'ਤੇ ਮੰਗਣ...'

-ਜੁੱਤੇ ਦੀ ਬਹਿਰ ਕੁੱਤੇ ਨਾਲ ਮਿਲਦੀ ਹੈ। ਛੋਟੀ ਬਹਿਰ ਦਾ ਗ਼ਜ਼ਲਗੋ ਇਨ੍ਹਾਂ ਦੋਵਾਂ ਨੂੰ ਇਸ ਤਰ੍ਹਾਂ ਬੰਨ੍ਹੇਗਾ-

ਲੋਕੀਂ ਪਾਵਣ ਜੁੱਤੇ, ਨੰਗੇ ਪੈਰੀਂ ਕੁੱਤੇ

ਜਾਂ ਬੰਦਾ ਖਾਵੇ ਜੁੱਤੇ, ਭੌਂਕੀ ਜਾਵਣ ਕੁੱਤੇ।

ਇਨ੍ਹਾਂ ਲੇਖਾਂ ਵਿਚ ਅਲੋਪ ਹੁੰਦੇ ਜਾ ਰਹੇ ਸੱਭਿਆਚਾਰ, ਰਾਜਨੀਤੀ ਦੀ ਤਿਲਕਣ, ਜਾਤੀਵਾਦ, ਮਾਇਆਵਾਦ, ਬਿਮਾਰ ਰਹੁ-ਰੀਤਾਂ ਅਤੇ ਵਿਗੜਦੇ ਜਾ ਰਹੇ ਸਮਾਜ ਪ੍ਰਤੀ ਸਾਨੂੰ ਜਾਗਰੂਕ ਕੀਤਾ ਗਿਆ ਹੈ। ਵਿਅੰਗ ਲੇਖਕ ਦੀ ਵੇਦਨਾ ਤੰਦਰੁਸਤ ਸਮਾਜ ਅਤੇ ਉਸਾਰੂ ਨਿਜ਼ਾਮ ਦਾ ਨਿਰਮਾਣ ਕਰਨਾ ਚਾਹੁੰਦੀ ਹੈ। ਉਸ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਉਸ ਨੇ ਕੋਈ ਉਪਦੇਸ਼ਾਤਮਿਕ ਅਤੇ ਸਦਾਚਾਰਕ ਲਿਖਣ ਢੰਗ ਨਹੀਂ ਵਰਤਿਆ ਕਿਉਂਕਿ ਗੰਭੀਰ ਉਪਦੇਸ਼ ਸੁਣਨ ਦੀ ਅੱਜ ਕਿਸੇ ਨੂੰ ਵਿਹਲ ਅਤੇ ਜਗਿਆਸਾ ਨਹੀਂ। ਹਰ ਬੰਦਾ ਮਨੋਰੰਜਨ ਲਈ ਹਲਕਾ-ਫੁਲਕਾ, ਹਾਸਿਆਂ ਭਰਪੂਰ ਸਾਹਿਤ ਪੜ੍ਹਨਾ ਲੋੜਦਾ ਹੈ। ਲੇਖਕ ਨੇ ਬਹੁਤ ਦਿਲਚਸਪ ਅਤੇ ਮਨੋਰੰਜਨ ਢੰਗ ਨਾਲ ਸਾਡੇ ਆਲੇ-ਦੁਆਲੇ ਦੇ ਜੀਵਨ ਵਿਚੋਂ ਬਿਰਤਾਂਤ ਲੈ ਕੇ ਉਨ੍ਹਾਂ ਨੂੰ ਸਿਰਫ ਚੁਟਕਲਿਆਂ ਵਾਂਗ ਪੇਸ਼ ਨਹੀਂ ਕੀਤਾ ਸਗੋਂ ਸਾਡੀ ਅੰਤਰ-ਆਤਮਾ ਨੂੰ ਹਲੂਣ ਕੇ ਜਗਾਇਆ ਹੈ। ਇਨ੍ਹਾਂ ਨਿਬੰਧਾਂ ਵਿਚੋਂ ਇਕੋ ਸਮੇਂ ਰਸ, ਸਿੱਖਿਆ, ਚਿੰਤਨ ਅਤੇ ਸੇਧ ਮਿਲਦੇ ਹਨ। ਹਰ ਵਰਗ, ਹਰ ਉਮਰ ਅਤੇ ਹਰ ਤਬਕੇ ਦੇ ਲੋਕਾਂ ਨੂੰ ਇਹ ਪੁਸਤਕ ਪੜ੍ਹਨੀ, ਸਮਝਣੀ ਅਤੇ ਮਾਣਨੀ ਚਾਹੀਦੀ ਹੈ। ਅਜਿਹੀਆਂ ਉਸਾਰੂ ਪੁਸਤਕਾਂ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।

ਤਨ ਮਨ ਦੋਵੇਂ ਅੱਥਰੇ
ਸ਼ਾਇਰਾ : ਸੁਰਿੰਦਰ ਕੌਰ ਬਿੰਨਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 79.

ਕਵਿਤਾ ਮਨੋਭਾਵਾਂ ਨੂੰ ਵਿਅਕਤ ਕਰਨ ਦਾ ਬਹੁਤ ਹੀ ਪਿਆਰਾ ਅਤੇ ਪ੍ਰਭਾਵਸ਼ਾਲੀ ਮਾਧਿਅਮ ਹੈ। ਜੀਵਨ ਖੇਤਰ ਵਿਚ ਸੁੱਖ-ਦੁੱਖ, ਖੁਸ਼ੀ-ਗ਼ਮੀ, ਮੇਲ ਤੇ ਵਿਛੋੜੇ ਦੇ ਪਲ ਆਉਂਦੇ ਰਹਿੰਦੇ ਹਨ। ਕਾਵਿਮਈ ਪ੍ਰਤਿਭਾ ਰੱਖਣ ਵਾਲੇ ਲੋਕ ਇਨ੍ਹਾਂ ਸਰਬਸਾਂਝੇ ਤਜਰਬਿਆਂ ਨੂੰ ਸ਼ਬਦਾਂ ਵਿਚ ਗੁੰਦ ਕੇ, ਕੁਝ ਕਲਪਨਾ ਅਤੇ ਕੁਝ ਹਕੀਕਤ ਦੀ ਪੁੱਠ ਚਾੜ੍ਹ ਕੇ ਏਨੀ ਸੁੰਦਰਤਾ ਨਾਲ ਪੇਸ਼ ਕਰਦੇ ਹਨ ਕਿ ਸਾਰਿਆਂ ਨੂੰ ਜਾਪਦਾ ਹੈ ਕਿ ਸਾਡੀ ਹੀ ਗੱਲ ਹੋ ਰਹੀ ਹੈ। ਕਾਵਿ ਦੇ ਭਰ ਵਗਦੇ ਦਰਿਆ ਵਿਚੋਂ ਕੁਝ ਲਹਿਰਾਂ ਤੇ ਛੱਲਾਂ ਨੂੰ ਸਮੇਟ ਕੇ ਕਵਿੱਤਰੀ ਨੇ ਬਹੁਤ ਭਾਵਪੂਰਤ ਰਚਨਾਵਾਂ ਦੀ ਸਿਰਜਣਾ ਕੀਤੀ ਹੈ। ਕੁਝ ਕੁ ਸਤਰਾਂ ਦੀ ਝਲਕ ਤੁਸੀਂ ਵੀ ਮਾਣੋ-

-ਜਦੋਂ ਕੋਈ ਯਾਦ ਆ ਜਾਵੇ

ਲਹੂ ਫਿਰ ਰੀਂਗ ਉਠਦਾ ਹੈ

ਤੇ ਪੋਟੇ ਮਹਿਕ ਉਠਦੇ ਨੇ

ਤੇ ਪੰਛੀ ਚਹਿਕ ਉਠਦੇ ਨੇ।

-ਤੂੰ ਦੋ ਬੋਲ ਸਾਂਝੇ ਕਰ

ਸ਼ਾਇਦ ਸਾਡੀ ਵੀ

ਸੁਰਤ ਅਹਿਲਿਆ ਦੇ

ਯੁੱਗ ਤੋਂ ਪਿਛਾਂਹ ਮੁੜ ਆਵੇ।

-ਇਹ ਤਨ ਮਨ ਕੈਸੇ ਅੱਥਰੇ

ਇਹ ਦੋਨੋਂ ਹੋਣ ਖੁਆਰ

ਕੋਈ ਤਨ ਨੂੰ ਲਾ ਦਿਓ ਜੰਦਰੇ

ਪਰ ਮਨ ਤਾਂ ਘੋੜ-ਸੁਆਰ।

ਇਨ੍ਹਾਂ ਕਾਵਿ ਰਚਨਾਵਾਂ ਵਿਚ ਇਤਿਹਾਸ, ਮਿਥਿਹਾਸ, ਇਕਲਾਪਾ, ਦਰਦ, ਪਿਆਰ, ਬਿਰਹਾ ਅਤੇ ਰੂਹਾਨੀ ਰੰਗ ਵਿਦਵਾਨ ਹਨ। ਤਨ ਅਤੇ ਮਨ ਦਾ ਦਵੰਦ, ਨਿੱਜੀ ਅਤੇ ਪਰਾਈ ਪੀੜ ਦਾ ਅਨੁਭਵ, ਕਿੱਸੇ ਕਾਵਿ ਦੀਆਂ ਨਾਇਕਾਵਾਂ-ਸੱਸੀ, ਸੋਹਣੀ, ਹੀਰ, ਸਾਹਿਬਾਂ, ਸ਼ੀਰੀ, ਦਰੋਪਤੀ ਅਤੇ ਲੂਣਾ ਦਾ ਦਰਦ, ਮੀਨਾ ਕੁਮਾਰੀ ਅਤੇ ਅੰਮ੍ਰਿਤਾ ਦੇ ਪ੍ਰੇਮ ਪ੍ਰਸੰਗਾਂ ਨੂੰ ਛੋਂਹਦੀ ਉਸ ਦੀ ਸੋਚ ਸੁੰਦਰ ਕਾਵਿ-ਸੰਵਾਦ ਰਚਾਉਂਦੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਦਰਦਾਂ ਦੀ ਪੂਣੀ ਕਤਦੀ ਹੋਈ ਵੀ ਉਹ ਜ਼ਿੰਦਗੀ ਤੋਂ ਉਦਾਸ ਨਹੀਂ ਸਗੋਂ ਦੁੱਖ ਨੂੰ ਦਾਰੂ ਬਣਾਉਣ ਦੀ ਜਾਚ ਸਿਖਾਉਂਦੀ ਹੈ। ਇਨ੍ਹਾਂ ਕਵਿਤਾਵਾਂ ਦਾ ਉਸਾਰੂ ਅਤੇ ਸਿਰਜਣਾਤਮਿਕ ਗੁਣ ਸ਼ਾਇਰੀ ਦੀ ਪ੍ਰਾਪਤੀ ਹੈ। ਇਹ ਨਜ਼ਮਾਂ ਉੱਚੇ ਨੀਵੇਂ ਰਸਤੇ ਪਾਰ ਕਰਕੇ ਜ਼ਿੰਦਗੀ ਦੇ ਡੂੰਘੇ ਅਰਥ ਸਮਝਾਉਂਦੀਆਂ ਹਨ। ਵੇਦਨਾ-ਸੰਵੇਦਨਾ, ਸੁਚੱਜ ਅਤੇ ਸੁਹਜ ਦੀ ਇਸ ਚੰਗੇਰ ਦਾ ਭਰਪੂਰ ਸੁਆਗਤ ਕਰਨਾ ਬਣਦਾ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਕਿਹੜੇ ਦੇਸੀਂ ਜਾਣਾ
ਲੇਖਕ : ਰਾਬਿੰਦਰ ਸਿੰਘ ਅਟਵਾਲ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 160.

'ਕਿਹੜੇ ਦੇਸੀਂ ਜਾਣਾ' ਭਾਰਤੀ ਪੰਜਾਬੀ ਜੀਵਨ ਦੇ ਚੱਜ-ਆਚਾਰ, ਵਿਹਾਰ ਅਤੇ ਪਸਾਰ ਨੂੰ ਪੱਛਮੀ ਜੀਵਨ ਸ਼ੈਲੀ ਦੇ ਟਾਕਰੇ ਤੇ ਰੱਖ ਕੇ, ਉਚੇਰੇ ਅਤੇ ਸੇਧ-ਮੂਲਕ ਸਰੋਕਾਰਾਂ ਨੂੰ ਉਭਾਰਨ ਵਾਲਾ ਨਾਵਲ ਹੈ। ਗਲਪ ਦੇ ਉਚੇਚੇ ਅਤੇ ਉਚੇਰੇ ਸਿਧਾਂਤਕ ਮਾਨਦੰਡਾਂ ਨਾਲੋਂ ਵਧੇਰੇ ਇਹ ਨਾਵਲ ਵਿਚਾਰਧਾਰਕ ਪਹਿਲੂਆਂ ਦਾ ਸਾਰਥਕ ਨਿਰੂਪਣ ਕਰਦਾ ਹੈ।

ਭਾਰਤੀ ਅਤੇ ਪੱਛਮੀ ਜੀਵਨ-ਸ਼ੈਲੀ ਦੀ ਅੰਤਰ-ਦਵੰਦਤਾ ਨੂੰ ਨਾਵਲਕਾਰ ਰਾਬਿੰਦਰ ਸਿੰਘ ਅਟਵਾਲ ਨੇ ਆਪਣੀਆਂ ਪਹਿਲੀਆਂ ਗਲਪ ਰਚਨਾਵਾਂ 'ਅੱਗ ਦਾ ਸਫ਼ਰ' (ਨਾਵਲ), 'ਤੇਰੀ ਮੇਰੀ ਧਰਤੀ ਤੇ ਹੋਰ ਕਹਾਣੀਆਂ' ਅਤੇ 'ਦੋ ਦੇਸ਼ ਇਕ ਕਹਾਣੀ' ਨਾਵਲ ਰਾਹੀਂ ਪਹਿਲਾਂ ਹੀ ਪ੍ਰਸਤੁਤ ਕੀਤਾ ਹੋਇਆ ਹੈ। ਪ੍ਰੰਤੂ ਹਥਲੀ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ ਨਾਇਕਾ ਪ੍ਰਧਾਨ ਨਾਵਲ ਦੀ ਸਿਰਜਣਾ ਕਰਕੇ ਉਨ੍ਹਾਂ ਤੱਥਾਂ, ਸੱਚਾਂ ਅਤੇ ਕਿਤੇ-ਕਿਤੇ ਕਲਪਨਾਵਾਂ ਨੂੰ ਵਿਅਕਤ ਕੀਤਾ ਹੈ, ਜਿਨ੍ਹਾਂ ਤੋਂ ਪਾਠਕ ਵਰਗ ਬਹੁਤ ਕੁਝ ਚੰਗਾ ਚੰਗਾ ਸਿੱਖ ਸਕਦਾ ਹੈ ਅਤੇ ਵਿਦੇਸ਼ੀਂ ਜਾ ਕੇ ਵੱਸਣ ਦੀ ਅੰਨ੍ਹੀ-ਦੌੜ 'ਚ ਲੱਗਣ ਤੋਂ ਸੁਚੇਤ ਹੋ ਸਕਦਾ ਹੈ। ਬਾਹਰ (ਵਿਦੇਸ਼) ਦੀ ਚਮਕ-ਦਮਕ ਵਾਲੀ ਜੀਵਨ-ਸ਼ੈਲੀ ਵਿਚ ਕਿੰਨਾ ਕੁ ਕੁਹਜ ਹੈ, ਕਿੰਨਾ ਕੁ ਦੰਭ ਹੈ, ਕਿੰਨਾ ਕੁ ਫਰੇਬ ਹੈ, ਕਿੰਨਾ ਕੁ ਬਨਾਉਟੀਪਣ ਹੈ, ਕਿੰਨਾ ਕੁ ਭੋਗ-ਵਿਲਾਸ ਤੇ ਲੁੱਟ-ਖਸੁੱਟ ਹੈ, ਰਿਸ਼ਤਿਆਂ ਵਿਚ ਕਿੰਨਾ ਕੁ ਚਿੱਟਾ ਖੂਨ ਬਣ ਚੁੱਕਾ ਹੈ? ਆਦਿ ਜਿਹੇ ਸਰੋਕਾਰ ਇਸ ਨਾਵਲ ਦੇ ਕਥਾਨਕ ਦਾ ਵਿਸ਼ਾ-ਵਸਤੂ ਹਨ। ਪ੍ਰੰਤੂ ਕੁਝ ਲੋਕ ਨੇਕ-ਇਨਸਾਨੀਅਤ ਦੇ ਗੁਣ-ਲੱਛਣਾਂ ਦੇ ਵੀ ਧਾਰਨੀ ਹਨ, ਜਿਨ੍ਹਾਂ ਨੂੰ ਲੇਖਕ ਨੇ ਬੜੀ ਰੀਝ ਨਾਲ ਚਿਤਰਿਆ ਹੈ, ਜੋ ਆਦਰਸ਼ਕ ਵੀ ਲਗਦਾ ਹੈ। ਕੰਵਲ ਨਾਂਅ ਦੀ ਲੜਕੀ ਛੋਟੇ ਤੇ ਗਰੀਬ ਕਿਸਾਨੀ ਪਰਿਵਾਰ ਵਿਚੋਂ ਹੈ, ਜੋ ਬੜੀ ਬੇਬਾਕ, ਸੁੰਦਰ ਅਤੇ ਉਸਾਰੂ ਸੋਚ ਦੀ ਧਾਰਨੀ ਹੈ ਪਰ ਘਰੇਲੂ ਗਰੀਬੀ ਦੇ ਖ਼ਾਤਮੇ ਖਾਤਰ ਵਿਦੇਸ਼ੀ ਲੜਕੇ ਜਸਜੀਤ ਨਾਲ ਜੋ ਆਪਣੇ ਘਰ ਤੋਂ ਅਲੱਗ ਰਹਿ ਰਿਹਾ ਹੈ, ਦੀ ਫੋਟੋ ਵੇਖ ਕੇ ਹੀ ਵਿਆਹ ਕਰਵਾ ਲੈਂਦੀ ਹੈ ਅਤੇ ਨਾਲ ਕਈ ਝੰਜਟਾਂ 'ਚ ਫਸ ਜਾਂਦੀ ਹੈ।

ਪ੍ਰੀਤਮ ਸਿੰਘ ਵਰਗਾ ਨੇਕ ਇਨਸਾਨ ਜੋ ਕੇ ਕੰਵਲ ਦੇ ਦਾਦੇ ਦਾ ਹਾਣੀ ਹੈ, ਕੰਵਲ ਵਿਚੋਂ ਆਪਣੇ ਬੱਚਿਆਂ ਵਰਗਾ ਰੂਪ ਦੇਖਦਾ ਹੈ ਤੇ ਕਾਗਜ਼ੀ ਵਿਆਹ ਕਰਵਾ ਕੇ, ਕੰਵਲ ਨੂੰ ਸੈੱਟ ਕਰ ਦਿੰਦਾ ਹੈ। ਅਸਲ ਵਿਚ ਪ੍ਰੀਤਮ ਸਿੰਘ ਦੀ ਪਤਨੀ ਤੇ ਪੁੱਤਰ ਉਸ ਨੂੰ ਛੱਡ ਚੁੱਕੇ ਹੁੰਦੇ ਹਨ। ਪ੍ਰੀਤਮ ਸਿੰਘ ਦੇ ਯਤਨਾਂ ਸਦਕਾ ਹੀ ਅੰਤ ਨੂੰ ਕੰਵਲ ਦਾ ਵਿਆਹ ਰਣਧੀਰ ਸਿੰਘ ਜੋ ਪ੍ਰੀਤਮ ਸਿੰਘ ਦਾ ਪੋਤਰਾ ਹੈ, ਨਾਲ ਹੋ ਜਾਂਦਾ ਹੈ। ਪਰ ਇਹ ਕਹਾਣੀ ਏਨੀ ਸੰਖੇਪ ਨਹੀਂ ਹੈ, ਇਹ ਨਾਵਲ ਕਈ ਤਰ੍ਹਾਂ ਦੇ ਸਥਾਨਕ ਰੰਗ ਜਿਨ੍ਹਾਂ 'ਚ ਇੰਗਲੈਂਡ ਦਾ ਵਿੰਡਸਰ ਕੈਸਲ, ਡਿਊਕ ਆਫ ਵਲਿੰਗਟਨ, ਪਾਰਲੀਮੈਂਟ ਹਾਊਸ, ਬਿਕਿੰਘਮ ਪੈਲੇਸ, ਬ੍ਰਿਟਿਸ਼ ਮਿਊਜ਼ੀਅਮ ਆਦਿ ਹਨ, ਦਾ ਬੜੀ ਨੀਝ ਨਾਲ ਵਰਨਣ ਕੀਤਾ ਹੈ। ਕਥਾ ਵਸਤੂ ਭਾਵੇਂ ਆਦਰਸ਼ਕ ਬਿਆਨਾਂ ਨਾਲ ਭਰਪੂਰ ਹੈ, ਪ੍ਰੰਤੂ ਮਨੁੱਖੀ ਮਨ 'ਚ ਲੁਪਤ ਅਤੇ ਪ੍ਰਗਟ ਭਾਵਨਾਵਾਂ ਦਾ ਵਿਸ਼ਲੇਸ਼ਣ ਲੇਖਕ ਨੇ ਯਥਾਰਥਕ ਰੂਪ ਵਿਚ ਕੀਤਾ ਹੈ। ਵਿਦੇਸ਼ਾਂ ਚ ਵਿਆਹ ਕਰਵਾ ਕੇ ਜਾਣ ਵਾਲੇ ਜਾਂ ਉਥੇ ਜਾ ਕੇ ਸੈਟਲ ਹੋਣ ਵਾਲੀ ਨੌਜਵਾਨ ਪੀੜ੍ਹੀ ਵਾਸਤੇ ਇਹ ਨਾਵਲ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਦਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਕਬਰ ਦਾ ਫੁੱਲ
ਲੇਖਕ : ਐਸ. ਮਨਜੀਤ
ਪ੍ਰਕਾਸ਼ਕ : ਡਾਨ ਪਬਲੀਕੇਸ਼ਨਜ਼, ਜਲੰਧਰ
ਮੁੱਲ : 150 ਰੁਪਏ, ਸਫ਼ੇ : 112.

ਧਰਮ ਦਾ ਪੁੱਤਰ ਇਨਸਾਨ ਅੱਜ

ਆਪਣੇ ਲਹੂ ਦਾ ਧਿਆਇਆ ਏ

ਇਹ ਕੈਸਾ ਆਲਮ ਆਇਆ ਏ

ਹਰ ਪਾਸੇ ਮੌਤ ਦਾ ਸਾਇਆ ਏ

ਦੇਸ਼ ਦੀ ਮਾੜੀ ਹਾਲਤ, ਆ ਰਹੀ ਗਿਰਾਵਟ, ਨਸ਼ੇ, ਭ੍ਰਿਸ਼ਟਾਚਾਰ, ਵੋਟ ਬਦਲੇ ਨੋਟ, ਭਰਾ ਭਰਾ ਦਾ ਦੁਸ਼ਮਣ ਤੇ ਘਟੀਆ ਮਨੁੱਖੀ ਸੋਚ ਨੂੰ ਚਿਤਰਨ ਵਾਲਾ ਐਸ. ਮਨਜੀਤ ਇਸ ਪੁਸਤਕ ਵਿਚ ਦਰਜ ਕਵਿਤਾਵਾਂ ਰਾਹੀਂ ਸਮਾਜ ਨੂੰ ਵੰਗਾਰਦਾ ਹੈ। ਪਿਆਰ, ਮੁਹੱਬਤ, ਬਿਰਹਾ, ਗ਼ਮ, ਹੰਝੂ, ਪੀੜ ਵੀ ਉਸ ਦੀਆਂ ਨਜ਼ਮਾਂ, ਗੀਤਾਂ ਵਿਚੋਂ ਉੱਭਰ ਕੇ ਸਾਹਮਣੇ ਆਉਂਦੀ ਹੈ ਜਦੋਂ ਉਹ ਲਿਖਦਾ ਹੈ :

ਤਾਰਿਆਂ ਨਾਲੋਂ ਵੱਧ ਪੀੜਾਂ ਦਿਲ ਮਰ ਜਾਣਾ ਜਰਦਾ ਏ। ਉਹ ਇਸ਼ਕ ਨੂੰ ਮੁਰਸ਼ਦ ਮੰਨਦਾ ਹੋਇਆ ਖ਼ੁਦਾ ਨੂੰ ਸਿਜਦਾ ਕਰਨ ਤੋਂ ਇਨਕਾਰੀ ਹੈ, ਜ਼ਿੰਦਗੀ ਦੇ ਤਿੱਖੇ ਕੰਡਿਆਂ ਨੂੰ ਮਹਿਸੂਸਦਾ ਹੋਇਆ ਉਹ ਰੱਬ ਨੂੰ ਭੁੱਲ ਕੇ ਮਸ਼ੂਕਾ ਦਾ ਹੋਣਾ ਲੋਚਦਾ ਹੈ। ਉਸ ਦੀ ਸੋਚ ਉਡਾਰੀ ਵੇਖੋ ਜਦੋਂ ਉਹ ਕਹਿੰਦਾ ਹੈ:

ਖਿੜਿਆ ਫੁੱਲ ਟਾਹਣੀ ਉਤੋਂ ਕਦੇ ਨਾ ਤੋੜੀ ਦਾ

ਉਡਦੇ ਪਰਿੰਦੇ ਨਾ ਅੰਬਰ ਤੋਂ ਲਾਹੀ ਦੇ।

ਪਿਆਰ ਵਿਚ ਕੁਰਬਾਨੀ, ਬਿਰਹਾ ਤੇ ਵੈਰਾਗ ਨੂੰ 'ਮੁਲਾਕਾਤ', ਆਖਰੀ ਸਤਰ, ਸੰਗ ਦਿਲ, ਠੋਕਰ ਤੇ ਪਿਅਰ ਕਵਿਤਾਵਾਂ ਵਿਚ ਖੂਬਸੂਰਤੀ ਨਾਲ ਉਲੀਕਿਆ ਹੈ। ਸੱਚਾ ਪਿਆਰ ਸੂਫ਼ੀ ਰੰਗਣ ਵਾਲਾ ਹੈ, ਜੋ ਬੁੱਲ੍ਹੇ ਸ਼ਾਹ ਦੀ ਦੇਣ ਹੈ। ਉਸ ਨੇ ਧੀ ਦੀ ਹੱਤਿਆ ਨੂੰ ਨਿੰਦਿਆ ਹੈ ਕਿ ਉਥੇ ਤਾਂ ਪੁਰੇ ਦੀ ਠੰਢੀ ਹਵਾ ਵੀ ਵੜਨ ਤੋਂ ਸੰਗਦੀ ਹੈ ਅਤੇ ਹੋਰ :

ਤੂੰ ਕੰਜਕਾਂ ਦਾ ਗਲ ਘੁੱਟ ਦਿੱਤਾ

ਤੂੰ ਦਾਨ ਨੂੰ ਖੂਹ ਵਿਚ ਸੁੱਟ ਦਿੱਤਾ

ਤੂੰ ਮੂੰਹ ਤੋਂ ਵੱਖ ਜ਼ਬਾਨ ਕੀਤੀ

ਤ੍ਰਿੰਝਣਾਂ ਦੀ ਧਰਤੀ ਸ਼ਮਸ਼ਾਨ ਕੀਤੀ।

ਉਸ ਨੇ ਯਾਰਾਂ ਨਾਲ ਬਹਾਰਾਂ, ਮੌਤ, ਖ਼ੁਦਾ ਦੀ ਜਾਤ, ਮਹਿਫ਼ਲ, ਇੰਤਹਾ ਰਿਸ਼ਤੇ ਦੀ, ਸਮਾਜ ਦੀ ਗਿਰਾਵਟ, ਧੋਖਾ ਤੇ ਕੁਰਬਾਨੀ ਵਿਸ਼ਿਆਂ ਨੂੰ ਬਾਖੂਬੀ ਚਿਤਰਿਆ ਹੈ। ਮੌਤ ਬਾਰੇ ਵਿਚਾਰ ਵੇਖੋ :

ਮਿੱਟੀ ਦਾ ਕੱਚਾ ਭਾਂਡਾ ਹੈ ਇਹ ਜ਼ਿੰਦਗੀ ਮਾਨਵ ਦੀ

ਵਕਤ ਦੀ ਬਾਰਸ਼ ਵਿਚ ਜਿਹਨੇ ਖੁਰ ਹੀ ਜਾਣਾ ਏ।

ਬਹੁਤ ਹੀ ਖੂਬਸੂਰਤ ਅਲੰਕਾਰਕ ਭਾਸ਼ਾ, ਸਾਦਾ ਬੋਲੀ ਤੇ ਸ਼ੈਲੀ, ਲੈਅਬੱਧ ਕਵਿਤਾਵਾਂ ਲੇਖਕ ਦੀ ਵਡਮੁੱਲੀ ਦੇਣ ਹੈ।

ਗੱਲਾਂ ਕੈਨੇਡਾ ਦੀਆਂ
ਲੇਖਕ : ਪਿਆਰਾ ਸਿੰਘ ਰਛੀਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 232.

ਬਹੁਤ ਸਾਰੀਆਂ ਪੁਸਤਕਾਂ ਨਾਲ ਸਾਹਿਤ ਜਗਤ ਦੀ ਝੋਲੀ ਭਰਨ ਵਾਲੇ ਪਿਆਰਾ ਸਿੰਘ ਰਛੀਨ ਨੇ ਹਥਲੀ ਪੁਸਤਕ ਵਿਚ ਪਾਠਕਾਂ ਨਾਲ ਕੈਨੇਡਾ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ ਅਤੇ ਭਾਰਤ ਤੇ ਕੈਨੇਡਾ ਵਿਚਲੇ ਅੰਤਰ ਨੂੰ ਬਾਖੂਬੀ ਬਿਆਨ ਕੀਤਾ ਹੈ। ਅਜੋਕੇ ਪੰਜਾਬੀਆਂ ਜਾਂ ਭਾਰਤੀਆਂ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਕਿਵੇਂ ਘਰਾਂ ਦੇ ਘਰ ਬਰਬਾਦ ਕਰ ਰਿਹਾ ਹੈ, ਲੇਖਕ ਨੇ ਮੁੱਢ ਵਿਚ ਹੀ ਖੁੱਲ੍ਹ ਕੇ ਬਿਆਨ ਕੀਤਾ ਹੈ।

ਕੈਨੇਡਾ ਵਿਚ (ਵਿਦੇਸ਼ਾਂ ਵਿਚ) ਬਿਨਾਂ ਸ਼ੱਕ ਨਾਗਰਿਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਹਨ, ਜੀਵਨ ਦੀ ਹਰ ਸੁਖ ਸੁਵਿਧਾ ਪ੍ਰਾਪਤ ਹੈ, ਐਸ਼ੋ-ਆਰਾਮ ਹੈ, ਮਨੋਰੰਜਨ ਦੇ ਸਾਧਨ ਹਨ ਅਤੇ ਇਹੀ ਕਾਰਨ ਹੈ ਕਿ ਭਾਰਤੀ ਖਿੱਚੇ ਤੁਰੇ ਜਾਂਦੇ ਹਨ। ਪਰ ਹੁਣ ਵਧਦੀ ਮਹਿੰਗਾਈ ਦੀ ਮਾਰ ਹੇਠ ਕੈਨੇਡਾ ਵੀ ਆ ਗਿਆ ਹੈ ਤੇ ਪੰਜਾਬੀਆਂ ਦੀ ਹਾਲਤ ਇਹ ਹੈ:

ਵਿਚ ਫੈਕਟਰੀ ਕਰਨ ਨੌਕਰੀ

ਜਿਵੇਂ ਭਈਏ ਕਰਨ ਵਿਚਾਰੇ।

ਲੋਕ ਟੈਕਸੀ ਚਲਾਉਂਦੇ, ਬੇਰੀਆਂ ਤੋੜਦੇ, ਮਜ਼ਦੂਰੀ ਕਰਦੇ ਤੇ ਫਿਰ ਵੀ ਹਰ ਚੀਜ਼ ਸੁਖ-ਸੁਵਿਧਾ ਕਿਸ਼ਤਾਂ 'ਤੇ ਜੋ ਲਾਹੁੰਦਿਆਂ-ਲਾਹੁੰਦਿਆਂ ਉਮਰ ਬੀਤ ਜਾਂਦੀ ਹੈ, ਨੌਜਵਾਨ ਹੀ ਨਹੀਂ ਮਾਪੇ-ਧੀਆਂ ਨੂੰ ਵੀ ਬਾਹਰ ਭੇਜਣ ਲਈ ਵਿਦੇਸ਼ੀ ਮੁੰਡਿਆਂ ਨਾਲ ਵਿਆਹ ਰਹੇ ਹਨ ਅਤੇ ਉਨ੍ਹਾਂ ਧੀਆਂ ਦਾ ਕੀ ਹਸ਼ਰ ਹੁੰਦਾ ਹੈ, ਅਸੀਂ ਰੋਜ਼ ਅਖ਼ਬਾਰਾਂ ਵਿਚ ਪੜ੍ਹਦੇ ਹਾਂ, ਇਸ ਬਾਰੇ ਬਹੁਤ ਸਾਰਾ ਸਾਹਿਤ ਵੀ ਲਿਖਿਆ ਜਾ ਰਿਹਾ ਹੈ। ਲੇਖਕ ਨੇ ਵੀ ਚਿਤਾਵਨੀ ਦਿੱਤੀ ਹੈ:

ਪੈਸਿਆਂ ਪਿੱਛੇ ਲਗ ਕੇ ਵੀਰਨੋ ਜਾਨੇ ਓ ਦੇਸ਼ ਵਿਸਾਰੀ।

ਮਾਂ ਮਿੱਟੀ ਨੂੰ ਭੁੱਲ ਕੇ ਬਹਿ ਗਏ, ਕਿਉਂ ਥੋਡੀ ਮੱਤ ਮਾਰੀ।

ਸਿੱਖ ਧਰਮ ਵਿਸਾਰਿਆਂ ਮਨ 'ਚੋਂ ਮੁੰਨੀ ਫਿਰੈ ਸਿਰ ਦਾੜ੍ਹੀ।

ਗੱਲ ਮੇਰੀ ਦਾ ਮੰਨਣਾ ਨਾ ਗੁੱਸਾ, ਮੁੱਲ ਨਾ ਮਿਲੇ ਸਰਦਾਰੀ।

ਲੇਖਕ ਨੇ ਪੁਸਤਕ ਵਿਚ ਕੈਨੇਡਾ ਵਿਚ ਪੰਜਾਬੀਆਂ ਦਾ ਸਮਾਜਿਕ ਪੱਧਰ, ਕਮਾਈ ਤੇ ਵਸਦੇ ਸਿੱਖਾਂ ਦਾ ਵੇਰਵਾ ਦਿੱਤਾ ਹੈ। ਆਰੰਭ ਵਿਚ ਕੈਨੇਡਾ, ਉਥੋਂ ਦੀਆਂ ਰਿਆਸਤਾਂ, ਉਂਟਾਰੀਓ, ਕਿਉਲਿਕ, ਬੀ. ਸੀ., ਸਸਕੈਚਵਿਨ, ਯੂਕੋਨ, ਨੌਰਥਵੈਸਟ ਟੈਰੇਟਰੀ ਆਦਿ ਦਾ ਵਿਸਤਾਰ ਨਾਲ ਵਰਨਣ ਕੀਤਾ ਹੈ। ਉਥੋਂ ਦਾ ਤਾਪਮਾਨ, ਮੌਸਮ, ਸਾਧਨ, ਆਰਥਿਕਤਾ, ਸੰਸਥਾਵਾਂ, ਇਤਿਹਾਸ, ਮੀਡੀਆ, ਖੇਡਾਂ ਆਦਿ। ਦੂਸਰੇ ਭਾਗ ਵਿਚ ਕੈਨੇਡਾ ਤੇ ਭਾਰਤ ਵਿਚਲੀ ਅਰਥ-ਵਿਵਸਥਾ, ਕਾਨੂੰਨ, ਰਹਿਣ-ਸਹਿਣ ਤੇ ਜੀਵਨ-ਜਾਚ ਦੇ ਅੰਤਰ ਨੂੰ ਬਾਖੂਬੀ ਪੇਸ਼ ਕੀਤਾ ਹੈ। ਦੋਵਾਂ ਦੇਸ਼ਾਂ ਵਿਚ ਟੈਕਸ ਦੀ ਦਰ, ਮਾਪਿਆਂ ਤੋਂ ਦੂਰੀ, ਕਾਨੂੰਨ ਤੇ ਭ੍ਰਿਸ਼ਟਾਚਾਰ, ਤਿਉਹਾਰ, ਅਖ਼ਬਾਰਾਂ, ਖਰੀਦੋ-ਫਰੋਖਤ, ਨੰਗੇਜਵਾਦ, ਪੁਲਿਸ ਪ੍ਰਬੰਧ, ਖਜ਼ਾਨਾ, ਟੂਰਿਜ਼ਮ ਤੇ ਪੈਦਾਵਾਰ ਆਦਿ ਹਰ ਵਿਸ਼ੇ ਨੂੰ ਵੇਰਵਿਆਂ ਸਾਹਿਤ ਉਲੀਕਿਆ ਹੈ ਜਿਸ ਵਿਚੋਂ ਪਾਠਕ ਨੂੰ ਕੈਨੇਡਾ ਤੇ ਭਾਰਤ ਵਿਚਲੀ ਸਥਿਤੀ ਵਿਚਲਾ ਅੰਤਰ ਸਪੱਸ਼ਟ ਹੋ ਜਾਂਦਾ ਹੈ।

ਬਹੁਤ ਹੀ ਸਰਲ ਤੇ ਸੁਭਾਵਿਕ ਢੰਗ ਨਾਲ ਪੇਸ਼ ਕੀਤੀ ਜਾਣਕਾਰੀ ਲੇਖਕ ਦੀ ਡੂੰਘੀ ਸੂਝ-ਬੂਝ ਦੀ ਲਖਾਇਕ ਹੈ ਪਰ ਨਾਲ ਹੀ ਉਹ ਪੰਜਾਬੀ ਨੌਜਵਾਨਾਂ ਨੂੰ ਸੁਚੇਤ ਕਰਦਾ ਹੈ ਕਿ ਘਰ ਦੀ ਅੱਧੀ ਚੰਗੀ ਬਾਹਰ ਦੀ ਸਾਰੀ ਨਾਲੋਂ। ਵਿਦੇਸ਼ਾਂ ਦੀ ਬਾਹਰੀ ਚਮਕ-ਦਮਕ ਤੋਂ ਬਚੋ ਤੇ ਆਪਣੇ ਖੇਤ ਖਲਿਆਣ ਵੇਚ ਕੇ ਮਾਪਿਆਂ ਨੂੰ ਬਰਬਾਦ ਨਾ ਕਰੋ। ਬਹੁਤ ਹੀ ਵਧੀਆ ਉਪਰਾਲਾ ਹੈ ਸਮਾਜ ਨੂੰ, ਮਾਨਵਤਾ ਨੂੰ ਸਹੀ ਸੇਧ ਦੇਣ ਦਾ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਨਮਸਕਾਰ
ਲੇਖਕ : ਦਰਸ਼ਨ ਜੋਗਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 130 ਰੁਪਏ, ਸਫ਼ੇ : 103.

'ਨਮਸਕਾਰ' ਦਰਸ਼ਨ ਜੋਗਾ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ ਜੋ ਉਸ ਨੇ ਆਪਣੀ ਆਯੂ ਦੇ ਪਚਵੰਜਵੇਂ ਵਰ੍ਹੇ ਵਿਚ ਪ੍ਰਕਾਸ਼ਿਤ ਕਰਵਾਇਆ। ਹਥਲੇ ਸੰਗ੍ਰਹਿ ਦੀਆਂ ਕੁਝ ਕਹਾਣੀਆਂ ਪੰਜਾਬੀ ਦੇ ਮਿਆਰੀ ਮੈਗਜ਼ੀਨਾਂ ਵਿਚ ਛਪ ਚੁੱਕੀਆਂ ਹਨ। ਇਸ ਪੁਸਤਕ ਵਿਚ ਨੌਂ ਕਹਾਣੀਆਂ ਸ਼ਾਮਿਲ ਹਨ। ਇਹ ਹਨ-ਨਮਸਕਾਰ, ਫੇਰ ਕੀ, ਟੈਂਅ, ਗੁਆਚਿਆ ਹੋਇਆ ਘਰ, ਪੌੜੀ, ਜਾਏ ਵੱਢੀ, ਟੰਡਲੀ ਅਜੇ ਵੀ ਸਾਹਮਣੇ ਖੜ੍ਹੀ ਹੈ, ਛਲ, ਕੱਚੀਆਂ ਇੱਟਾਂ ਆਦਿ। ਇਨ੍ਹਾਂ ਕਹਾਣੀਆਂ ਵਿਚ ਪੰਜਾਬ ਦੇ ਯਥਾਰਥਕ ਜੀਵਨ ਦੀਆਂ ਝਲਕਾਂ ਪ੍ਰਸਤੁਤ ਹੋਈਆਂ ਹਨ। 'ਨਮਸਕਾਰ' ਕਹਾਣੀ ਦੀ ਨਾਇਕਾ ਆਪਣੀ ਮੰਮੀ ਦਾ ਜਿਊਂਦੇ-ਜੀਅ ਨਿਰਾਦਰ ਹੁੰਦਾ ਵੇਖਦੀ ਹੈ ਪਰ ਭੋਗ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਅੱਗੇ ਜਦ ਨਿੱਕੀ ਜਿਹੀ ਫੋਟੋ ਰੱਖ ਦਿੱਤੀ ਜਾਂਦੀ ਹੈ ਤਾਂ ਉਹ ਅਜਿਹੇ ਨਿਰਾਦਰ ਨੂੰ ਸਹਿਣ ਨਹੀਂ ਕਰਦੀ ਅਤੇ ਵੱਡੇ ਆਕਾਰ ਦੀ ਸੁਨਹਿਰੀ ਫਰੇਮ ਵਾਲੀ ਫੋਟੋ ਲਿਆ ਕੇ ਰੱਖ ਦਿੰਦੀ ਹੈ। 'ਫਿਰ ਵੀ' ਕਹਾਣੀ ਦਾ ਬਜ਼ੁਰਗ ਪੁੱਤਰਾਂ ਵਿਚ ਪਏ ਮੱਤਭੇਦ ਤੋਂ ਤੰਗ ਹੈ ਪਰ ਉਸ ਦੇ ਦੁਖੀ ਮਨ ਨੂੰ ਪੋਤੇ ਦੀ ਖੁੱਲ੍ਹਦਿਲੀ ਨਾਲ ਰਾਹਤ ਮਿਲਦੀ ਹੈ, 'ਟੈਂਅ' ਕਹਾਣੀ ਵਿਚ ਦਾਦੇ ਦੀ ਪੁਰਾਣੀ ਪੀੜ੍ਹੀ ਅਤੇ ਪੋਤਿਆਂ ਦੀ ਕੰਪਿਊਟਰ ਯੁੱਗ ਦੀ ਪੀੜ੍ਹੀ ਵਿਚ ਪਾੜਾ ਰੂਪਮਾਨ ਹੋਇਆ ਹੈ। 'ਗੁਆਚਿਆ ਘਰ ਦੀ ਨਾਇਕਾ' ਨੂੰਹ-ਪੁੱਤਰ ਦੇ ਵਿਵਹਾਰ ਤੋਂ ਤੰਗ ਹੈ ਪਰ ਪੋਤੇ-ਪੋਤੀ ਦੇ ਮੋਹ ਕਾਰਨ ਘਰ ਨਾਲ ਜੁੜੀ ਰਹੇ ਜਾਂ ਨਾ-ਦੁਚਿੱਤੀ ਵਿਚ ਹੈ। 'ਪੌੜੀ' ਕਹਾਣੀ ਦੀ ਨਾਇਕਾ ਵਿਸ਼ਾ-ਮਾਹਰ ਪ੍ਰੋਫੈਸਰ ਨੂੰ ਬਲੈਕਮੇਲ ਕਰਕੇ ਲੈਕਚਰਾਰ ਦੀ ਨਿਯੁਕਤੀ ਪ੍ਰਾਪਤ ਕਰਨ ਵਿਚ ਸਫਲ ਰਹਿੰਦੀ ਹੈ। 'ਜਾਏ ਵੱਢੀ' ਕਹਾਣੀ ਦੀ ਨਾਇਕਾ ਆਪਣੀ ਮਰਜ਼ੀ ਦੇ ਲੜਕੇ ਨਾਲ ਅੰਤਰ-ਜਾਤੀ ਸ਼ਾਦੀ ਕਰਵਾਉਣ ਦੀ ਦਲੇਰੀ ਕਰਦੀ ਹੈ। 'ਟੰਡਲੀ...' ਕਹਾਣੀ ਦਾ ਨਾਇਕ ਦਾਦਾ ਆਪਣੇ ਨਸ਼ਈ ਪੁੱਤ ਨੂੰ ਛੱਡ ਕੇ ਆਪਣੀ ਜ਼ਮੀਨ ਦਾ ਇੰਤਕਾਲ ਪੋਤੇ-ਪੋਤੀ ਦੇ ਨਾਂਅ ਕਰਵਾ ਦਿੰਦਾ ਹੈ। 'ਛਲ' ਕਹਾਣੀ ਵਿਚ ਤੇਜੋ ਦੇ ਪਰਿਵਾਰ ਦੀ ਸਹਾਇਤਾ ਤਾਂ ਚਾਚਾ ਤਾਰਾ ਸਿੰਘ ਕਰਦਾ ਰਿਹਾ ਪਰ ਤੇਜੋ ਦੀ ਮੌਤ 'ਤੇ ਦੁਖੀ ਹਿਰਦਿਆਂ ਵਿਚ ਕਾਰਡ 'ਤੇ ਉਸ ਦਾ ਨਾਂਅ ਨਹੀਂ ਛਾਪਿਆ ਗਿਆ। 'ਕੱਚੀਆਂ ਇੱਟਾਂ' ਵਿਚ ਪਿਤਾ ਦੀ ਦੁਰਘਟਨਾ ਵਿਚ ਮੌਤ ਕਾਰਨ ਪੁੱਤਰ ਕੋਠੀਆਂ ਨੂੰ ਰੰਗ-ਰੋਗਨ ਦਾ ਕੰਮ ਸ਼ੁਰੂ ਕਰਦਾ ਹੈ।

'ਦਰਸ਼ਨ ਜੋਗਾ' ਦੀਆਂ ਕਹਾਣੀਆਂ ਦਾ ਗਲਪੀ ਪੈਰਾਡਾਈਮ ਮੌਤ ਹੈ। 'ਨਮਸਕਾਰ' ਵਿਚ ਮਾਂ ਦੀ, 'ਫੇਰ ਕੀ', ਵਿਚ ਇਕ ਨੂੰਹ ਦੀ, 'ਟੈਂਅ' ਵਿਚ ਪੁੱਤਰ ਦੀ, 'ਗੁਆਚਿਆ ਘਰ' ਵਿਚ ਪਤੀ ਦੀ, 'ਪੌੜੀ' ਵਿਚ ਨਾਇਕ ਦੀ ਜ਼ਮੀਰ ਦੀ, 'ਜਾਏ ਵੱਢੀ' ਵਿਚ ਸ਼ਰਾਬੀ ਪਿਤਾ ਦੀ, 'ਟੰਡਲੀ...' ਵਿਚ ਪੁੱਤਰ 'ਜਿਊਂਦਾ ਮਰਿਆ' ਸਮਝਦਾ ਹੈ, 'ਛਲ' ਵਿਚ ਨਾਇਕ ਦੀ ਭਰਜਾਈ ਦੀ, 'ਕੱਚੀਆਂ ਇੱਟਾਂ' ਵਿਚ ਇਕੱਲੇ ਕਮਾਊ ਦੀ ਮੌਤ ਦੁਖਾਂਤਕ ਮਾਹੌਲ ਸਿਰਜਦੀ ਹੈ। ਕਹਾਣੀਆਂ ਵਿਚ ਪੀੜ੍ਹੀ-ਪਾੜਾ ਭਰਵੇਂ ਰੂਪ ਵਿਚ ਉਜਾਗਰ ਹੋਇਆ ਹੈ।

ਬਿਰਤਾਂਤਕ ਸ਼ੈਲੀ ਉੱਤਮ ਪੁਰਖੀ ਹੈ। ਚੇਤਨਧਾਰਾ, ਪਿਛਲਝਾਤ, ਅਗਲਝਾਤ ਅਤੇ ਮਲਵਈ ਆਂਚਲਿਕਤਾ ਦਾ ਪ੍ਰਯੋਗ ਹੈ। ਕਹਾਣੀਕਾਰ ਨੂੰ ਗਾਲਪਨਿਕ ਵਿਵੇਕ ਹਾਸਲ ਹੈ, ਦਰਸ਼ਨ ਜੋਗਾ ਪਾਸੋਂ ਹੋਰ ਕਲਾਤਮਿਕ ਕਿਰਤਾਂ ਦੀ ਉਮੀਦ ਰਹੇਗੀ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਮੇਰੇ ਹਿੱਸੇ ਦੇ ਵਰਕੇ
ਲੇਖਕ : ਹਰਿਭਜਨ ਸਿੰਘ ਰੇਣੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 75.

ਸ: ਹਰਿਭਜਨ ਸਿੰਘ ਰੇਣੂ ਪੰਜਾਬੀ ਸਾਹਿਤ ਜਗਤ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ ਜੋ 1970 ਤੋਂ ਆਪਣੇ ਪਹਿਲੇ ਕਾਵਿ ਸੰਗ੍ਰਹਿ 'ਭੁੱਖ' ਤੋਂ ਸ਼ੁਰੂ ਹੋ ਕੇ ਅੱਜ ਤੱਕ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ 7 ਕਾਵਿ-ਸੰਗ੍ਰਹਿ ਪਾ ਚੁੱਕਾ ਹੈ। ਹਥਲੇ ਇਸ ਸਤਵੇਂ ਕਾਵਿ-ਸੰਗ੍ਰਹਿ 'ਮੇਰੇ ਹਿੱਸੇ ਦੇ ਵਰਕੇ' ਰਾਹੀਂ ਪਾਠਕਾਂ ਦੇ ਰੂਬਰੂ ਹੋਣ ਤੋਂ ਪਹਿਲਾਂ ਉਹ ਹਰਿਆਣਾ ਸਰਕਾਰ ਵੱਲੋਂ ਚਾਰ ਪੁਰਸਕਾਰ ਵੀ ਪ੍ਰਾਪਤ ਕਰ ਚੁੱਕਾ ਹੈ। ਇਸ ਕਾਵਿ-ਸੰਗ੍ਰਹਿ ਦੇ 75 ਸਫ਼ਿਆਂ ਵਿਚੋਂ 66 ਸਫ਼ੇ ਖੁੱਲ੍ਹੀ ਕਵਿਤਾ ਨਾਲ ਸ਼ਿੰਗਾਰੇ ਗਏ ਹਨ ਅਤੇ ਉਹ ਬਹੁਤ ਵੱਡੀ ਗੱਲ ਨੂੰ ਕੁਝ ਕੁ ਸ਼ਬਦਾਂ ਵਿਚ ਹੀ ਆਪਣੀ ਕਾਵਿ ਸ਼ੈਲੀ ਰਾਹੀਂ ਪਾਠਕਾਂ ਦੇ ਦਿਲ 'ਤੇ ਸਦੀਵੀ ਅਸਰ ਛੱਡਣ ਦਾ ਮਾਣ ਪ੍ਰਾਪਤ ਕਰਦਾ ਹੈ ਜਿਵੇਂ ਕਿ ਉਸ ਦੀਆਂ ਛੋਟੀਆਂ ਕਵਿਤਾਵਾਂ ਜੋ ਸਿਰਫ 15-20 ਸ਼ਬਦਾਂ ਦੀਆਂ ਵੱਖ-ਵੱਖ ਸਫ਼ਿਆਂ 'ਤੇ ਬਿਰਾਜਮਾਨ ਹਨ। ਉਹ ਆਪਣਾ ਰਾਹ ਆਪ ਬਣਾਉਂਦਾ ਹੈ ਅਤੇ ਸਫਰ ਮੁਕਾਉਣ ਲਈ ਖ਼ੁਦ ਨੂੰ ਮੁਕਾਉਣ ਨੂੰ ਤਰਜੀਹ ਦਿੰਦਾ ਹੈ। ਹਰ ਕਵੀ ਆਪਣੇ ਤੌਰ-ਤਰੀਕੇ ਨਾਲ ਆਪਣੀ ਰਚਨਾ ਰਚਦਾ ਹੈ ਜਿਹੜੀ ਕਿ ਆਮ ਪਾਠਕ ਦੀ ਸਮਝਣਵਾਲੀ ਜਾਂ ਮਨੋਵਿਗਿਆਨਕ ਅਤੇ ਜਾਂ ਫਿਰ ਸਿਰਫ ਉੱਚ ਕੋਟੀ ਦੇ ਵਿਦਵਾਨ ਲਈ ਹੁੰਦੀ ਹੈ। ਰੇਣੂ ਦੀ ਇਸ ਪੁਸਤਕ ਵਿਚਲੀ ਕਵਿਤਾ ਆਮ ਪਾਠਕ ਦੀ ਸਮਝ ਤੋਂ ਬਾਹਰ ਜਾਪਦੀ ਹੈ ਜਾਂ ਇੰਜ ਕਹਿ ਲਓ ਕਿ ਆਮ ਪਾਠਕ ਲਈ ਇਹ ਕਵਿਤਾ, ਕਵਿਤਾ ਨਹੀਂ ਪਰ ਉੱਚ ਕੋਟੀ ਦੇ ਵਿਦਵਾਨ ਆਪਣੀ ਆਪਣੀ ਸੂਝ-ਬੂਝ ਨਾਲ ਇਸ ਵਿਚੋਂ ਮਨੁੱਖੀ ਜਜ਼ਬਿਆਂ, ਪੀੜਾਂ ਨੂੰ ਸਮਝ ਕੇ ਇਸ ਨੂੰ ਉੱਚ ਪੱਧਰੀ ਕਵਿਤਾ ਕਹਿ ਸਕਦੇ ਹਨ। ਜਿਸ ਤਰ੍ਹਾਂ 'ਬਨਵਾਸ' ਕਵਿਤਾ ਵਿਚ ਉਹ ਮਨੁੱਖੀ ਹਕੀਕਤ ਨੂੰ ਬਿਆਨ ਕਰਦਾ ਕਹਿੰਦਾ ਹੈ, 'ਅਸੀਂ ਆਪਣੇ ਅੰਦਰਲੇ ਜੰਗਲ ਵਿਚ ਪਲਾਂ ਵਿਚ ਵਰ੍ਹਿਆਂ ਦਾ ਭੋਗ ਲੈਂਦੇ ਹਾਂ ਬਨਵਾਸ।' ਅਤੇ 'ਤੁਹਾਨੂੰ ਹੱਕ ਹੈ' ਵਿਚ ਮਨੁੱਖੀ ਤੜਪ ਨੂੰ ਇੰਜ ਬਿਆਨਦਾ ਹੈ, 'ਕਿਉਂਕਿ ਮੈਂ ਤੇ ਖ਼ੁਦ ਭੀੜ 'ਚੋਂ ਤਲਾਸ਼ਦਾ ਫਿਰਨਾ, ਬੰਦੇ ਦੀ ਜਾਤ।' ਅਜੋਕੇ ਸਮਾਜ ਵਿਚ ਪਦਾਰਥਵਾਦੀ ਅਤੇ ਵਿਅਕਤੀਗਤ ਬਣ ਰਹੇ ਰਿਸ਼ਤਿਆਂ ਨੂੰ 'ਕੌਣ ਜਾਵੇ' ਕਵਿਤਾ ਵਿਚ ਬੜੀ ਬੇਬਾਕੀ ਨਾਲ ਇੰਜ ਚਿਤਰਦਾ ਹੈ ਕਿ ਹਰ ਵਿਅਕਤੀ ਨੂੰ ਇਹ ਆਪ ਬੀਤੀ ਦੀ ਝਲਕ ਪੈਂਦੀ ਹੈ ਜਿਵੇਂ ਕਿ 'ਹੁਣ ਤੇ ਇਹ ਤੰਦਾਂ, ਜੋੜਦੀਆਂ ਨਹੀਂ, ਤੋੜਦੀਆਂ ਹਨ, ਥੋੜ੍ਹਾ ਬਾਹਰੋਂ, ਬਹੁਤਾ ਅੰਦਰੋਂ'। ਇਨਸਾਨ ਦੀ ਆਪਣੀ ਚਾਹਤ ਲਈ ਦੂਸਰੇ ਦੀ ਲਈ ਸਹਾਇਤਾ ਅਤੇ ਫਿਰ ਮਤਲਬ ਨਿਕਲ ਜਾਣ ਤੇ ਫਿਰ ਕਿਸੇ ਹੋਰ ਤੋਂ ਆਪਣਾ ਮਤਲਬ ਹੱਲ ਕਰਕੇ ਪਹਿਲੇ ਨੂੰ ਭੁੱਲ ਜਾਣਾ ਅੱਜ ਦੀ ਮਤਲਬਪ੍ਰਸਤ ਅਤੇ ਸਵਾਰਥੀ ਰਿਸ਼ਤਿਆਂ ਦੀ ਦਾਸਤਾਨ ਹੈ ਜਿਹੜੀ ਕਿ 'ਪੌੜੀ' ਕਵਿਤਾ ਪੇਸ਼ ਕਰਦੀ ਹੈ, 'ਇਕ ਉਚਾਈ ਤੋਂ ਬਾਅਦ ਤਲਾਸ਼ਦੈ, ਦੂਸਰੀ ਪੌੜੀ, ਤੇ ਹਰ ਉਚਾਈ ਤੋਂ ਬਾਅਦ, ਨਕਾਰਦੇ ਪਹਿਲੀ ਪੌੜੀ', ਵਿਸ਼ਵੀਕਰਨ ਦੇ ਭਿਆਨਕ ਸਿੱਟਿਆਂ ਤੋਂ ਵੀ ਉਹ ਜਾਣੂ ਹੈ ਤੇ ਪਾਠਕਾਂ ਨੂੰ ਜਾਗਰੂਕ ਕਰਦਾ ਹੋਇਆ ਕਹਿੰਦਾ ਹੈ, 'ਕਦੇ ਉਸ 'ਚੋਂ ਨਿਕਲਣ, ਚੰਗਿਆੜੇ, ਬਣ ਬਣ, ਏ. ਕੇ. ਸੰਤਾਲੀ, ਰਾਕਟ ਮਿਜ਼ਾਈਲਾਂ ਤੇ ਜ਼ਹਿਰੀ ਗੈਸਾਂ ਦੇ ਗੁਬਾਰ', ਉਹ ਪਾਠਕਾਂ ਨੂੰ ਆ ਰਹੇ ਮਾੜੇ ਸਮੇਂ ਤੋਂ ਸੁਚੇਤ ਕਰਦਾ ਹੋਇਆ, ਉਨ੍ਹਾਂ ਨੂੰ ਸੰਘਰਸ਼ ਲਈ ਵੀ ਪ੍ਰੇਰਦਾ ਹੈ, 'ਤੂੰ ਜਾਗ, ਵਿਨਾਸ਼ ਲਈ ਨਹੀਂ, ਵਿਕਾਸ ਲਈ ਜਾਗ', ਦੌੜ ਭੱਜ ਤੇ ਪੈਸੇ ਦੀ ਹਵਸ ਵਿਚ ਆਪੇ ਤੇ ਟੁੱਟੇ ਮਨੁੱਖ ਜਿਸ ਕੋਲ ਕਿਸੇ ਲਈ ਦੋ ਬੋਲ ਹਮਦਰਦੀ ਤੇ ਦੋ ਪਲ ਦੁੱਖ ਵੰਡਾਉਣ ਲਈ ਵੀ ਨਹੀਂ ਪਰ ਸੰਸਾਰਕ ਬੰਧਨਾਂ ਕਰਕੇ ਮੂੰਹ ਵਿਖਾਲੀ ਜ਼ਰੂਰ ਹੈ ਜੋ, ਕੁਝ ਪਲਾਂ ਲਈ ਆਉਣ, ਮਾਤਮ ਮਨਾਉਣ, ਆਪਣੇ ਲੋਕ'। ਰੇਣੂ ਨੇ ਜੋ ਆਪਣੇ ਇਸ ਕਾਵਿ ਸੰਗ੍ਰਹਿ ਵਿਚ ਬਦਲਦੀਆਂ ਪ੍ਰਸਥਿਤੀਆਂ ਵਿਚ ਅਜੋਕੇ ਸਮਾਜ ਤੇ ਗਿਰਦੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਖੁੱਲ੍ਹੀ ਕਵਿਤਾ ਰਾਹੀਂ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਆਮ ਪਾਠਕ ਉਸ ਦੀਆਂ ਕਵਿਤਾਵਾਂ ਬਾਰੇ ਕੋਈ ਮੀਨ-ਮੇਖ ਕੱਢਣ ਦੀ ਹਿੰਮਤ ਵੀ ਨਹੀਂ ਕਰ ਸਕਦਾ।

-ਗੁਰਬਖਸ਼ ਸਿੰਘ ਸੈਣੀ
ਮੋ: 98880-24143.

ਦੀਵੇ ਜਗਦੇ ਰਹਿਣਗੇ
ਨਾਵਲਕਾਰ : ਅਵਤਾਰ ਸਿੰਘ ਬਿਲਿੰਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 312.

ਨਾਵਲ ਜ਼ਿੰਦਗੀ ਵਿਚੋਂ ਪੈਦਾ ਹੋ ਕੇ ਜ਼ਿੰਦਗੀ ਲਈ ਵਿਚਾਰਧਾਰਾ ਪ੍ਰਸਤੁਤ ਕਰਦਾ ਰਹਿੰਦਾ ਹੈ। ਵਿਚਾਰਧਾਰਾ ਦਾ ਹੀ ਮੁੱਲ ਪੈਂਦਾ ਹੈ, ਬਾਕੀ ਦੀਆਂ ਗੱਲਾਂ-ਬਾਤਾਂ ਤਾਂ ਵਿਸਥਾਰ ਵਜੋਂ ਵਿਆਖਿਆ ਦਾ ਹੀ ਰੂਪ ਧਾਰਨ ਕਰਦੀਆਂ ਰਹਿੰਦੀਆਂ ਹਨ। 'ਦੀਵੇ ਜਗਦੇ ਰਹਿਣਗੇ' ਨਾਵਲ ਵਿਚ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਨੇ ਗ੍ਰਾਮੀਣ ਜੀਵਨਧਾਰਾ ਦੇ ਕਮਲੱਛ ਅਤੇ ਕੁਚੱਜ ਵਿਚੋਂ ਸੁਚੱਜ, ਸਿਆਣਪ, ਸੇਧ ਅਤੇ ਸਾਰਥਿਕਤਾ ਦੇ ਪ੍ਰਯੋਜਨ ਨੂੰ ਪ੍ਰਕਰਨ ਬਣਾਉਣ ਦਾ ਯਤਨ ਕੀਤਾ ਹੈ। ਇਸ ਪ੍ਰਜੋਯਨ ਨੂੰ ਆਪਣੀ ਪੂਰਤੀ ਲਈ ਇਧਰ-ਉਧਰ ਕਈ ਪਾਸਿਆਂ ਵੱਲ ਘੁੰਮ ਕੇ ਆਪਣੇ ਬਿੰਦੂ ਵੱਲ ਆਉਣਾ ਪੈਂਦਾ ਹੈ। ਇਸ ਕਾਰਨ ਨਾਵਲ ਦੇ ਕਥਾਨਕ ਵਿਚ ਘੜਮੱਸ ਜਿਹਾ ਵੀ ਪੈਂਦਾ ਰਹਿੰਦਾ ਹੈ। ਨਿੱਕੀਆਂ-ਨਿੱਕੀਆਂ ਸਮਾਜਿਕ ਵਾਰਦਾਤਾਂ ਦੇ ਉਲਝਾ ਕਾਰਨ ਨਾਵਲ ਦੇ ਕਥਾਨਕ ਵੀ ਇਕਾਗਰਤਾ ਵਿਚ ਰੁਕਾਵਟ ਪੈਦਾ ਹੁੰਦੀ ਰਹਿੰਦੀ ਹੈ। ਨਿਰਸੰਦੇਹ ਨਾਵਲਕਾਰ ਨੇ ਘਟਨਾਵਾਂ ਦੇ ਦਾਅ-ਪੇਚਾਂ ਨੂੰ ਬੜੀ ਖੂਬਸੂਰਤੀ ਨਾਲ ਚਿੱਤਰਿਆ ਹੈ।

ਨਿਰਸੰਦੇਹ ਪੇਂਡੂ ਤੇ ਕਿਰਸਾਨੀ ਰਹਿਤਲ ਦੀਆਂ ਘਟਨਾਵਾਂ ਦੀ ਸੁਭਾਵਿਕਤਾ ਨੂੰ ਬਿਆਨ ਕਰਨ ਵਾਲਾ ਇਹ ਨਾਵਲ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਭਾਵਬੋਧ ਨੂੰ ਵੀ ਦਰਸਾਉਂਦਾ ਹੈ। ਕੁਵੈੜੇ ਸੁਭਾਅ ਅਤੇ ਕੁਰਖਤ ਵਿਵਹਾਰ ਵਾਲਾ ਕਠੋਰ ਵਤੀਰਾ ਪੁਸ਼ਤੈਨੀ ਦੁਸ਼ਮਣੀ ਦੇ ਕਿਰਦਾਰ ਵੱਲ ਵੀ ਹੋ ਤੁਰਦਾ ਹੈ। ਅਵਤਾਰ ਸਿੰਘ ਬਿਲਿੰਗ ਤੱਥਾਂ ਦੀ ਪਛਾਣ ਕਰਵਾਉਣ ਲਈ ਵਿਲੱਖਣ ਕਿਸਮ ਦੀ ਗਲਪ ਵਿਧੀ ਨੂੰ ਅਪਣਾਉਂਦਾ ਹੈ।

ਕਦੇ-ਕਦੇ ਇਸ ਨਾਵਲ ਦਾ ਕਥਾਨਕ ਭੈਅਭੀਤ ਕਿਸਮ ਦੇ ਪ੍ਰਭਾਵ ਨੂੰ ਪੈਦਾ ਕਰਦਾ ਹੋਇਆ ਜਾਸੂਸੀਨੁਮਾ ਥਿਰਕਣ ਵੱਲ ਹੋ ਤੁਰਦਾ ਹੈ। ਪਰ ਨਾਵਲਕਾਰ ਦੀ ਸੁਹਿਰਦ ਕਲਪਨਾ ਇਸ ਔਖ ਨੂੰ ਕਲਾਤਮਿਕ ਢੰਗ ਨਾਲ ਸੌਖ ਵਿਚ ਤਬਦੀਲ ਕਰ ਦਿੰਦੀ ਹੈ।

ਮਨ ਹੁਜਰਾ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 139.

ਜ਼ਿੰਦਗੀ ਦੀਆਂ ਵੰਨ-ਸੁਵੰਨੀਆਂ ਸਮਾਜਿਕ ਹੋਣੀਆਂ ਅਤੇ ਅਣਹੋਣੀਆਂ ਦੀ ਭਾਵਨਾਤਮਿਕ ਇਬਾਰਤ ਦੀ ਇਕ ਸੰਖੇਪ ਇਕਾਈ ਨੂੰ ਕਹਾਣੀ ਕਿਹਾ ਜਾ ਸਕਦਾ ਹੈ। ਇੰਜ ਹਰ ਇਕ ਕਹਾਣੀ ਕਲਾਤਮਿਕ ਸਪਰਸ਼ ਦੁਆਰਾ ਕਿਸੇ ਨਾ ਕਿਸੇ ਸਮਾਜਿਕ ਸੰਵਾਦ ਨੂੰ ਦਰਸਾਉਂਦੀ ਰਹਿੰਦੀ ਹੈ। ਜਸਬੀਰ ਭੁੱਲਰ ਦਾ 'ਮਨਹੁਜਰਾ' ਕਹਾਣੀ ਸੰਗ੍ਰਹਿ ਕਈ ਕਿਸਮਾਂ ਦੇ ਜ਼ਖਮੀ ਅਹਿਸਾਸ ਨੂੰ ਦਰਸਾਉਂਦਾ ਹੋਇਆ ਸੰਵੇਦਨਾਤਮਿਕ ਚੇਤਨਾ ਨੂੰ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ।

ਜਸਬੀਰ ਭੁੱਲਰ ਦੀਆਂ ਕਹਾਣੀਆਂ ਵਿਚ ਥਾਂ ਪੁਰ ਥਾਂ ਤੇ ਵੱਖ-ਵੱਖ ਕਿਸਮ ਦੇ ਖੌਫ਼ਨਾਕ ਅਹਿਸਾਸ ਉਜਾਗਰ ਹੁੰਦੇ ਰਹਿੰਦੇ ਹਨ। ਇਸ ਦੇ ਨਾਲ-ਨਾਲ ਭੁੱਲਰ ਦੀਆਂ ਕਹਾਣੀਆਂ ਦੇ ਕਥਾਨਕ ਸੂਝ ਦੀ ਉਤਪਤੀ ਨੂੰ ਪੈਦਾ ਕਰਨ ਵਾਲੇ ਕਾਰਨ ਵੀ ਬਣਦੇ ਰਹਿੰਦੇ ਹਨ। ਜਸਬੀਰ ਭੁੱਲਰ ਦੀਆਂ ਕਹਾਣੀਆਂ ਵਿਚਲੇ ਕਾਰਨ ਏਨਾ ਕੁਝ ਕਹਿ ਜਾਂਦੇ ਹਨ ਕਿ ਪਾਠਕ ਸੋਚਦਾ-ਸੋਚਦਾ ਕਿਸੇ ਨਾ ਕਿਸੇ ਸਿਆਣਪ ਤੱਕ ਪੁੱਜ ਜਾਂਦਾ ਹੈ। ਨਿਰਸੰਦੇਹ ਇਸ ਸਿਆਣਪ ਲਈ ਕਦੇ-ਕਦੇ ਸੇਧ ਦੀ ਅਣਹੋਂਦ ਬਣੀ ਰਹਿੰਦੀ ਹੈ। ਕਈ ਵਾਰ ਕਈ ਲੇਖਕ 'ਸੇਧ' ਨੂੰ ਪ੍ਰਤੀਬੱਧਤਾ ਸਮਝ ਕੇ ਅਣਡਿੱਠ ਵੀ ਕਰਨ ਲੱਗ ਪੈਂਦੇ ਹਨ।

ਆਦਮ-ਖੋਰ ਹਾਲਾਤ ਨੂੰ ਜਸਬੀਰ ਭੁੱਲਰ ਨਿਰਭੈਅ-ਸੁਹਿਰਦਤਾ ਨਾਲ ਚਿਤਰਦਾ ਹੋਇਆ ਲਹੂ-ਲੁਹਾਣ ਜ਼ਿੰਦਗੀ ਦੇ ਨੈਣ-ਨਕਸ਼ਾਂ ਨੂੰ ਬੜੀ ਸ਼ਿੱਦਤ ਨਾਲ ਵਿਖਾਉਂਦਾ ਹੈ। ਉਸ ਸ਼ਿੱਦਤ ਨੂੰ ਹੀ ਭੁੱਲਰ ਦੀ ਕਹਾਣੀ-ਕਲਾ ਦਾ ਕਮਾਲ ਆਖਿਆ ਜਾ ਸਕਦਾ ਹੈ। ਜਸਬੀਰ ਭੁੱਲਰ ਦੀਆਂ ਕਹਾਣੀਆਂ ਵਿਚ ਬੋਧਸ਼ੀਲ ਭਾਵਨਾਵਾਂ ਨੂੰ ਵੀ ਭਲੀ ਪ੍ਰਕਾਰ ਪ੍ਰਸਤੁਤ ਕੀਤਾ ਪਿਆ ਹੁੰਦਾ ਹੈ। ਬੋਧਸ਼ੀਲ ਭਾਵਨਾ ਦੀ ਤਰਜਮਾਨੀ ਕਰਨ ਵਾਲੇ ਇਸ ਕਹਾਣੀਕਾਰ ਦੇ ਕਈ ਵਾਕ ਤਾਂ ਕਵਿਤਾ ਵਰਗੇ ਹੁੰਦੇ ਹਨ। ਹਾਦਸਿਆਂ ਤੇ ਹਾਉਕਿਆਂ ਦੀ ਸਮਾਜਿਕਤਾ ਨੂੰ ਦਰਸਾਉਣ ਵਾਲੀਆਂ ਜਸਬੀਰ ਭੁੱਲਰ ਦੀਆਂ ਕੁਝ ਕੁ ਕਹਾਣੀਆਂ ਜ਼ਿੰਦਗੀ ਦੇ ਯਥਾਰਥ ਨੂੰ ਪਰਛਾਵਿਆਂ ਵਾਂਗ ਵੀ ਪੇਸ਼ ਕਰ ਜਾਂਦੀਆਂ ਹਨ। ਇਹ ਪਰਛਾਵਾਂ, ਮਨੁੱਖ ਮੂਰਖਤਾ, ਮੌਤ ਅਤੇ ਮਾਤਮ ਦੇ ਦਿਸਹੱਦਿਆਂ ਦੀ ਦਾਸਤਾਂ ਬਣਾ ਬੈਠਦੇ ਹਨ। ਇਨ੍ਹਾਂ ਦਿਸਹੱਦਿਆਂ ਨੂੰ ਜ਼ਖਮੀ ਜ਼ਿਕਰ ਦੀ ਹਾਹਾਕਾਰ ਕਿਹਾ ਜਾ ਸਕਦਾ ਹੈ।

-ਓਮ ਪ੍ਰਕਾਸ਼ ਗਾਸੋ
ਮੋ: 94635-61123.

ਅੰਨ੍ਹੀ ਕਦੋਂ ਤੀਕ ਪੀਹੇਗੀ...?
ਲੇਖਕ : ਗੁਰਮੇਲ ਮਡਾਹੜ
ਪ੍ਰਕਾਸ਼ਕ : ਓਡਾਨ ਪਬਲੀਕੇਸ਼ਨ ਮਾਨਸਾ
ਮੁੱਲ : 130 ਰੁਪਏ, ਸਫ਼ੇ : 112.

ਕਹਾਣੀ ਸੰਗ੍ਰਿਹ 'ਅੰਨ੍ਹੀ ਕਦੋਂ ਤੀਕ ਪੀਹੇਗੀ?' ਪੰਜਾਬੀ ਸਾਹਿਤ ਜਗਤ ਦੇ ਉੱਘੇ ਹਸਤਾਖਰ ਗੁਰਮੇਲ ਮਡਾਹੜ ਦੇ ਜੀਵਨ ਵਿਚਾਰਧਾਰਾ ਦੀ ਮਾਲਾ ਦਾ ਆਖਰੀ ਮਣਕਾ ਹੈ। ਭਾਵੇਂ ਕਿ ਉਹ ਹੁਣ 'ਹੈ' ਤੋਂ 'ਸੀ' ਬਣ ਚੁੱਕਾ ਹੈ ਪਰ ਉਸ ਦੀ ਜੀਵਨ ਵਿਚਾਰਧਾਰਾ ਦੇ ਮੋਤੀਆਂ ਚਮਕ ਹਮੇਸ਼ਾ ਬਰਾਈਆਂ ਦੇ ਹਨੇਰੇ ਨੂੰ ਟੁੰਬਦੀ ਹੀ ਰਹੇਗੀ। ਹਥਲਾ ਇਹ ਕਹਾਣੀ ਸੰਗ੍ਰਹਿ ਖੇਡ ਜਗਤ ਵਿਚ ਆ ਰਹੇ ਜਿਥੇ ਨਿਘਾਰਾਂ ਦੇ ਕਾਰਨਾਂ ਤੇ ਨਤੀਜੀਆਂ ਨੂੰ ਕਰੜੇ ਹੱਥੀਂ ਲੈਂਦਾ ਹੋਇਆ ਬੇਪਰਦਾ ਕਰਦਾ ਹੈ ਉਥੇ ਹਿੰਮਤੀ ਖਿਡਾਰੀਆਂ ਤੇ ਉਨ੍ਹਾਂ ਦੇ ਗੁਰੂ ਸਮਾਨ ਕੋਚਾਂ ਦੇ ਸਾਰਥਕ ਜੀਵਨ-ਸ਼ੈਲੀ ਨੂੰ ਸ਼ਾਬਾਸ਼ ਦਾ ਥਾਪੜਾ ਵੀ ਦਿੰਦਾ ਹੈ।

ਕੋਚ ਤੇ ਖਿਡਾਰੀ ਦੇ ਸਬੰਧ ਗੁਰੂ ਚੇਲੇ ਵਾਲੇ ਹੁੰਦੇ ਹਨ। ਜਿਥੇ ਕੁਝ ਕੋਚ ਲਾਲਚ/ਹਵਸ ਵੱਸ ਖਿਡਾਰੀਆਂ ਦਾ ਮਾਨਸਿਕ ਤੇ ਜਿਸਮਾਨੀ ਸ਼ੋਸ਼ਣ ਕਰਦੇ ਹੋਏ ਇਸ ਪਾਕਿ-ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ (ਕਲੰਕਿਤ) ਕਰਕੇ ਰੱਖ ਦਿੰਦੇ ਹਨ, ਉਥੇ ਬਹਤੇ ਕੋਚ ਖਿਡਾਰੀਆਂ ਦੀ ਭਲਾਈ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਤਨੋਂ-ਮਨੋਂ ਤੇ ਪੂਰਾ ਤਾਣ ਲਾ ਕੇ ਇਕ ਸੱਚੇ ਗੁਰੂ ਦਾ ਸਬੂਤ ਦਿੰਦੇ ਹਨ। ਇਸ ਤਰ੍ਹਾਂ ਬਹੁਤੇ ਖਿਡਾਰੀ ਆਪਣੀ ਮਿਹਨਤ ਨਾਲ ਬੱਲੇ-ਬੱਲੇ ਕਰਵਾ ਕੇ ਜਿਥੇ ਉੱਚੇ ਰੁਤਬੇ ਵੀ ਮਾਣਦੇ ਹਨ ਉਥੇ ਖੇਡਾਂ ਦੇ ਅਭਿਆਸ ਤੋਂ ਮਿਲੇ ਤਜਰਬੇ ਲੋਕ ਭਲਾਈ ਦੇ ਕੰਮਾਂ ਵਰਤ ਕੇ ਹੋਰ ਵੀ ਜਗ ਸੋਭਾ ਪਾਉਂਦੇ ਹਨ। ਕਹਾਣੀ 'ਹੜ੍ਹ, ਤਲਾਕ ਤੇ ਲੋਕ' ਤੈਰਾਕ ਗਵਿੰਦਰ ਸਿੰਘ ਹੜ੍ਹਾਂ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਕਈ ਡੁਬਦੇ ਲੋਕਾਂ ਦਾ ਜਾਨ ਬਚਾਉਂਦਾ ਹੈ ਅਤੇ ਕਹਾਣੀ' ਬੋਣੀ ਘੋੜੀ ਦਾ ਸਵਾਰ' ਵਿਚ ਕਬੱਡੀ ਦਾ ਖਿਡਾਰੀ ਕਾਨੂੰਨੀ ਬਾਗੀ ਅਜੈਬ ਸਿੰਘ ਨੂੰ ਆਪਣੇ ਪਿੰਡ ਦੀ ਟੀਮ ਹਾਰਦੀ ਨਜ਼ਰ ਆਉਂਦੀ ਹੈ ਤਾਂ ਆਪਣੇ ਗ੍ਰਿਫ਼ਤਾਰੀ ਵਰੰਟਾਂ ਦੀ ਪ੍ਰਵਾਹ ਨਾ ਕਰਦਾ ਹੋਇਆ ਖੇਡ ਦੇ ਮੈਦਾਨ ਵਿਚ ਕੁੱਦ ਪੈਂਦਾ ਹੈ।

ਕਿਸੇ ਮੁਹਾਜ਼ ਹੁੰਦੀ ਬੇਇਨਸਾਫ਼ੀ ਖਿਡਾਰੀ ਲਈ ਅਸਿਹ ਹੁੰਦੀ ਹੈ ਤੇ ਉਸ ਦੀ ਇਕ ਤ੍ਰਾਸਦੀ ਹੋ ਨਿੱਬੜਦੀ ਹੈ। ਕਹਾਣੀ 'ਅੰਦਰਲੀ ਮੌਤ' ਦੇ ਪਾਤਰ ਥਾਣੇਦਾਰ ਜ਼ਾਲਮ ਸਿੰਘ, 'ਰੰਗ ਬਦਲਦੇ ਮੌਸਮ' ਵਿਚ ਤੇਜਾ ਸਿੰਘ ਵਰਗਿਆਂ ਦੇ ਜੀਵਨ ਦੇ ਯਥਾਰਥਵਾਦ ਦਾ ਵਰਨਣ ਇਸ ਕਹਾਣੀ ਸੰਗ੍ਰਹਿ ਦਾ ਸਿਖਰ ਹੋ ਨਿੱਬੜਦਾ ਹੈ। ਕਹਾਣੀ ਸੰਗ੍ਰਹਿ ਵਿਚਲੀ ਹਰ ਕਹਾਣੀ ਹਰ ਪਾਠਕ ਖਾਸ ਕਰਕੇ ਕੋਚ ਤੇ ਖਿਡਾਰੀਆਂ ਨੂੰ ਝੰਜੋੜ ਕੇ ਇਕ ਨਰੋਆ ਤੇ ਸਾਰਥਕ ਸੰਦੇਸ਼ ਦੇਣ ਦੇ ਸਮਰੱਥ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858.

ਅਸਾਂ ਕੱਲ੍ਹ ਤੁਰ ਜਾਣਾ...
ਲੇਖਕ: ਖੁਸ਼ਦਿਲ ਭੁੱਲਰ -ਕਾਲਾ ਤੂਰ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 104.

'ਅਸਾਂ ਕੱਲ੍ਹ ਤੁਰ ਜਾਣਾ' ਖੁਸ਼ਦਿਲ ਭੁੱਲਰ ਅਤੇ ਕਾਲਾ ਤੂਰ ਦਾ ਸਾਂਝਾ ਤੇ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਪੁਸਤਕ ਵਿਚ ਦੋਵਾਂ ਦੀਆਂ 84 ਕਵਿਤਾਵਾਂ ਦਰਜ ਹਨ। ਦੋਵਾਂ ਲੇਖਕਾਂ ਨੇ ਪ੍ਰੇਮ-ਪਿਆਰ, ਬਿਰਹੋ ਦੇ ਦਰਦ ਨੂੰ ਜਿਵੇਂ ਹੱਡੀਂ ਹੰਢਾਇਆ ਹੈ, ਉਵੇਂ ਉਨ੍ਹਾਂ ਦੇ ਦਿਲਾਂ ਵਿਚ ਸਮਾਜਿਕ ਸਰੋਕਾਰਾਂ ਅਤੇ ਪਿਆਰ, ਬਿਰਹੋ ਦੀ ਪੀੜ ਸਾਫ਼ ਵਿਖਾਈ ਦਿੰਦੀ ਹੈ। ਉਹ ਅਮੀਰ ਲੋਕਾਂ ਦੇ ਮੁਕਾਬਲੇ ਜਲਾਲਤ ਭਰੀ ਜ਼ਿੰਦਗੀ ਜਿਊਂਦੇ ਗਰੀਬ ਲੋਕਾਂ ਦਾ ਡਟ ਕੇ ਪੱਖ ਪੂਰਦੇ ਹਨ। 'ਦੋ ਟੁਕੜੇ' ਕਵਿਤਾ ਵਿਚ ਉਹ ਧਰਮਾਂ ਦੇ ਨਾਵਾਂ 'ਤੇ ਵੰਡੀਆਂ ਦਾ ਸਖ਼ਤ ਵਿਰੋਧ ਕਰਦੇ ਹਨ, ਕਿਤੇ-ਕਿਤੇ ਉਹ ਆਪਣਾ ਬਚਪਨ ਵੀ ਯਾਦ ਕਰਦੇ ਹਨ।

ਦੋਵਾਂ ਲੇਖਕਾਂ ਦੀਆਂ ਰਚਨਾਵਾਂ ਬਰਾਬਰ ਤੁਰਦੀਆਂ ਹਨ ਜਿਥੇ ਦੋਵਾਂ ਨੇ 'ਦੋ ਟੁਕੜੇ' ਘਰ ਅੰਦਰ, ਉਡੀਕ, ਲਾਰੇ, ਕੌਣ ਪਾਵੇ ਚੂਰੀ, ਸਾਂਝ, ਹਿਜਰਾਂ ਦੀ ਭੱਠੀ, ਕਬੀਲਦਾਰੀ ਨੇ, ਤਾਰਾ ਸੀ ਮੈਂ, ਹਝੂੰਆਂ ਦੀ ਝੜੀ, ਇਤਬਾਰ, ਚਲਦੇ-ਚਲਦੇ, ਨਾ ਤੋੜੋ, ਦਿਲ ਦੀ ਕਿਆਰੀ, ਸ਼ਾਇਰ, ਪਿਆਰ ਦਾ ਖਜ਼ਾਨਾ, ਤੇਰੇ ਦਰਦ, ਕੋਰੇ ਕਾਗਜ਼, ਇਸ਼ਕ ਦੀ ਖੇਡ, ਕਬਰਾਂ, ਚਾਲ ਸੋਹਣਿਆਂ ਦੀ, ਕੱਫਣ, ਕੱਵਾਲੀ, ਜੋਤ ਨੈਣਾਂ ਦੀ, ਮੇਰੀ ਜਿੰਦ, ਖੁਸ਼ੀ, ਸੱਜਣਾ, ਆਦਿ ਕਰੀਬ ਚਾਰ ਦਰਜਨ ਕਵਿਤਾਵਾਂ ਦੇ ਵਿਸ਼ੇ ਪ੍ਰੇਮੀ ਮਨਾਂ ਦੀ ਤੜਪਨਾ, ਬਿਰਹੋਂ ਨਾਲ ਲਿਪੇਟੇ ਹੋਏ ਹਨ।

ਇਸੇ ਤਰ੍ਹਾਂ ਇਸ਼ਕ, ਮੁਹੱਬਤ, ਬਿਰਹੋਂ ਸਦਕਾ ਉਪਜੇ ਲਫ਼ਜ਼ਾਜ (ਸ਼ੈਲੀ) ਨੇ ਉਨ੍ਹਾਂ ਨੂੰ ਕਵੀ ਬਣਨ ਵੱਲ ਮੋੜਿਆ ਜਿਥੇ ਉਨ੍ਹਾਂ ਨੇ 'ਗਾਉਣ ਵਾਲਿਉ' ਕਵਿਤਾ ਵਿਚ ਆਪਣੇ ਦੁੱਖ-ਦਰਦ, ਵਿਛੋੜੇ, ਪਿਆਰ, ਬਿਰਹੋਂ ਦੇ ਸੁਪਨਮਈ ਸੰਸਾਰ ਨੂੰ ਸ਼ਿੱਦਤ ਨਾਲ ਮਹਿਸੂਸ ਕਰਕੇ ਸਰਲ ਬੋਲੀ ਵਿਚ ਆਪਣੀਆਂ ਕਵਿਤਾਵਾਂ ਨੂੰ ਘੜਿਆ ਹੈ। ਸੰਬੋਧਨੀ ਸੁਰ ਵਿਚ ਲਿਖੀਆਂ ਕਵਿਤਾਵਾਂ ਵਿਚ ਉਨ੍ਹਾਂ ਨੇ ਭਾਵੁਕਤਾ ਦਾ ਥਾਂ-ਥਾਂ ਪ੍ਰਗਟਾਵਾ ਕੀਤਾ ਹੈ। ਉਥੇ ਆਪਣੀ ਗਰੀਬੀ, ਤੰਗੀਆਂ-ਤੁਰਸ਼ੀਆਂ ਭਰੀ ਜ਼ਿੰਦਗੀ ਜਿਊਣ ਦੇ ਦਰਦ ਦੀ ਭੜਾਸ ਵੀ ਕਵਿਤਾਵਾਂ ਰਾਹੀ ਕੱਢਣ ਦਾ ਯਤਨ ਕੀਤਾ ਹੈ। 'ਵੇਲਾ' ਕਵਿਤਾ ਵਿਚ ਕਾਲਾ ਤੂਰ ਨੇ ਪ੍ਰਦੂਸ਼ਿਤ ਵਾਤਾਵਰਨ, ਭਰੂਣ-ਹੱਤਿਆਵਾਂ, ਬੇਰੁਜ਼ਗਾਰੀ, ਮਹਿੰਗਾਈ, ਨਸ਼ੇ, ਦੂਸ਼ਿਤ ਪਾਣੀ ਤੇ ਰੁੱਖਾਂ ਦੀ ਕਟਾਈ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਇਨ੍ਹਾਂ ਦੇ ਦੁਰਪ੍ਰਭਾਵ ਦੀ ਗੱਲ ਕੀਤੀ ਹੈ। 'ਗੱਭਰੂ' ਕਵਿਤਾ ਵਿਚ ਖੁਸ਼ਦਿਲ ਨੇ ਨਸ਼ਿਆਂ ਦੀ ਬੁਰਾਈ ਤੇ ਅਜੋਕੇ ਨਸ਼ੇੜੀ ਪੰਜਾਬੀ ਗੱਭਰੂ 'ਤੇ ਵਿਅੰਗ ਕੱਸੇ ਹਨ। ਨਸ਼ਿਆਂ ਬਾਰੇ ਉਹ ਸੰਜੀਦਗੀ ਨਾਲ ਆਖਦੇ ਹਨ, 'ਜੇ ਨਸ਼ੇ ਲੋਕਾਂ ਨੇ ਤਿਆਗੇ ਨਾ, ਜੇ ਸੁੱਤੇ ਲੋਕੀਂ ਜਾਗੇ ਨਾ, ਕਦੇ ਐਸਾ ਵੇਲਾ ਵੀ ਆਉਣਾ ਏ, ਜਦ ਕੋਈ ਗੱਭਰੂ ਨਾ ਥਿਆਉਣਾ ਏ।

ਲੇਖਕਾਂ ਦੀ ਸਾਹਿਤਕ ਸਾਂਝ ਤੇ ਵਿਚਾਰਾਂ ਤੋਂ ਸਪੱਸ਼ਟ ਹੈ ਕਿ ਉਹ ਭਵਿੱਖ ਵਿਚ ਵਧੀਆ ਲੇਖਕ ਬਣ ਸਕਦੇ ਹਨ। ਕਿਤੇ-ਕਿਤੇ ਅਡੋਲਤਾ ਤੇ ਨਿਰਾਸ਼ਾਵਾਦੀ ਰੁਝਾਨ ਤੋਂ ਬਚਣ ਦੀ ਲੋੜ ਹੈ। ਲੇਖਕਾਂ ਨੂੰ ਜਜ਼ਬਾਤ ਪ੍ਰਗਟਾਉਣ ਦੀ ਜਾਂਚ ਆ ਚੁੱਕੀ ਹੈ ਤੇ ਉਨ੍ਹਾਂ ਦੀ ਕਾਵਿ-ਸਿਰਜਣ ਪ੍ਰਕਿਰਿਆ ਸਫਲਤਾ ਨਾਲ ਸਾਹਮਣੇ ਆਈ ਹੈ।

-ਰਮੇਸ਼ ਤਾਂਗੜੀ
ਮੋ ਨੰ:9463079655

ਗੁਸਤਾਖ਼ੀ ਮੁਆਫ਼
ਲੇਖਕ : ਰਜਿੰਦਰ ਪਾਲ ਸ਼ਰਮਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 128.

ਪੰਜਾਬੀ ਸਾਹਿਤਕ ਖੇਤਰ ਵਿਚ ਹਾਸ ਵਿਅੰਗ ਵਿਧਾ ਨੂੰ ਅਜੇ ਵੀ 'ਹਲਕਾ ਫੁਲਕਾ ਸਾਹਿਤ' ਹੀ ਸਮਝਿਆ ਜਾਂਦਾ ਹੈ। ਇਹ ਠੀਕ ਹੈ ਕਿ ਕੇ. ਐਲ. ਗਰਗ, ਨਿਰੰਜਨ ਸ਼ਰਮਾ, ਮੋਨੋਜੀਤ, ਬਲਦੇਵ ਸਿੰਘ ਆਜ਼ਾਦ ਵਰਗੇ ਲੇਖਕਾਂ ਨੇ ਅਹਿਮ ਪ੍ਰਾਪਤੀਆਂ ਕੀਤੀਆਂ ਹਨ, ਪਰ ਸਮੁੱਚੇ ਤੌਰ 'ਤੇ ਵਿਦਵਾਨਾਂ ਦੀ ਨਜ਼ਰ ਵਿਚ ਇਹ 'ਨਿਮਨ ਸ਼੍ਰੇਣੀ ਦੀ ਵਿਧਾ' ਹੀ ਹੈ। ਇਸ ਖੇਤਰ ਵਿਚ ਰਾਜਿੰਦਰ ਪਾਲ ਸ਼ਰਮਾ ਇਕ ਉੱਘਾ ਨਾਂਅ ਹੈ ਜਿਹੜਾ ਹਾਸ-ਵਿਅੰਗ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਇਸ ਤੋਂ ਪਹਿਲਾਂ ਉਸ ਦੀਆਂ ਤਿੰਨ ਵਿਅੰਗ ਪੁਸਤਕਾਂ, ਅਕਲ ਤੇ ਐਕਟਿੰਗ, ਚਲਦੇ ਚਲਦੇ, ਗੰਜੀ ਮਾਸੀ ਸਲਾਮ ਛਪ ਚੁੱਕੀਆਂ ਹਨ। ਇਸ ਤਰ੍ਹਾਂ 'ਗੁਸਤਾਖ਼ੀ ਮੁਆਫ਼' ਚੌਥੀ ਹੈ ਜਿਹੜੀ ਪਹਿਲੀ ਵਾਰ 2010 ਵਿਚ ਪ੍ਰਕਾਸ਼ਿਤ ਹੋਈ ਸੀ। ਸ਼ਰਮਾ ਨੇ ਮਨੁੱਖੀ ਮਨ ਦੀਆਂ ਉਨ੍ਹਾਂ ਕਮਜ਼ੋਰੀਆਂ ਵੱਲ ਇਸ਼ਾਰਾ ਕੀਤਾ ਹੈ, ਜਿਨ੍ਹਾਂ ਕਾਰਨ ਉਸ ਦਾ ਸੁਭਾਅ ਸੜੀਅਲ, ਆਕੜ ਵਾਲਾ ਅਤੇ ਹਾਸੋਹੀਣਾ ਬਣ ਜਾਂਦਾ ਹੈ। ਅਧਿਕ ਹਾਸ-ਨਿਬੰਧ ਜਾਪਦਾ ਹੈ ਜਿਵੇਂ ਉਸ ਨੇ ਆਪਣੀ ਸੇਵਾ-ਮੁਕਤੀ ਤੋਂ ਬਾਅਦ ਲਿਖੇ ਹਨ, (ਰਿਟਾਇਰ ਕਾਹਦੇ ਹੋਏ, ਰਿਟਾਇਰ ਹੋਇਆ ਅਫਸਰ) ਰਿਸ਼ਵਤ, ਲੀਡਰੀ, ਲਾਰਾ ਲੱਪਾ, ਰਿਸ਼ਵਤ, ਦਰਸ਼ਨਾਂ ਦੀ ਭੁੱਖ, ਫੂਕ, ਟੋਹਰ, ਵਡਿਆਈ, ਹਾਰ ਫੜ ਕੇ ਖਲੋਣਾ ਆਦਿ ਅਜਿਹੇ ਵਿਸ਼ੇ ਹਨ ਜਿਹੜੇ ਬਹੁਤ ਹੀ ਸੂਖ਼ਮ ਹਨ ਪਰ ਲੇਖਕ ਦੀ ਸ਼ੈਲੀ ਕਾਰਨ ਵਧੇਰੇ ਅਹਿਮੀਅਤ ਪ੍ਰਾਪਤ ਕਰ ਗਏ ਹਨ। ਸ਼ਰਮਾ ਦਾ ਹਾਸ-ਵਿਅੰਗ ਉਨ੍ਹਾਂ ਲੇਖਾਂ ਵਿਚ ਉੱਘੜਦਾ ਹੈ ਜਿਨ੍ਹਾਂ ਵਿਚ ਉਸ ਨੇ ਪਤੀ-ਪਤਨੀ ਦੇ ਸਬੰਧਾਂ ਉੱਪਰ ਕਟਾਖਸ਼ ਕੀਤਾ ਹੈ, (ਘਰ ਵਾਲੀ ਦਾ ਮੂਡ, ਮਾਰ ਖੋਰੇ ਪਤੀ, ਪਤੀਆਂ ਦੀਆਂ ਕਿਸਮਾਂ, ਮੂੰਹ ਜ਼ੋਰ ਪਤਨੀ) ਦਰਸ਼ਨ ਦੀ ਭੁੱਖ, ਖ਼ਤਰੇ ਦੇ ਖੇਤਰ, ਲਾਹਾ ਤੱਕਣਾ, ਡੱਬੇ ਦੀ ਲੀਲਾ, ਵਡਿਆਈ ਦੇ ਗੱਫੇ, ਤਰਦੀ ਤਰਦੀ ਰੱਬ ਰੱਬ ਕਰਦੀ ਵਰਗੇ ਹਾਸ-ਵਿਅੰਗ ਠੱਠਾ, ਮਖੌਲ ਦੀ ਕੜੀ ਵਿਚ ਆਉਂਦੇ ਹਨ। ਲੇਖਕ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਦਾ ਉਦੇਸ਼ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ, ਸਗੋਂ ਸਮਾਜਿਕ, ਧਾਰਮਿਕ, ਰਾਜਨੀਤਕ, ਸੱਭਿਆਚਾਰਕ ਵਿਸੰਗਤੀਆਂ ਉੱਪਰ ਵਿਅੰਗ ਪ੍ਰਹਾਰ ਕਰਕੇ ਸਮਾਜ ਨੂੰ ਸੰਤੁਲਿਤ ਬਣਾਉਂਦਾ ਹੈ। ਏਦਾਂ ਕਰਦਿਆਂ ਕਈ ਵਾਰ ਉਹ ਖ਼ੁਦ ਵੀ ਵਿਅੰਗ ਦਾ ਨਿਸ਼ਾਨਾ ਬਣ ਜਾਂਦਾ ਹੈ। ਲੇਖਕ ਦੀ ਸ਼ੈਲੀ ਸਰਲ, ਸੁਭਾਵਿਕ ਤੇ ਸਹਿਜ ਹੈ।

ਐਟਸੈਟਰਾ-4
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 410 ਰੁਪਏ, ਸਫ਼ੇ : 272.

ਪੰਜਾਬੀ ਪਾਠਕਾਂ ਲਈ ਰਵਿੰਦਰ ਰਵੀ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ਸੱਠਵਿਆਂ ਵਿਚ ਚੱਲੀ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿਚ ਉਸ ਦਾ ਨਾਂਅ ਸ਼ੁਮਾਰ ਕੀਤਾ ਜਾਂਦਾ ਹੈ। ਸੰਤੋਖ ਦੀ ਗੱਲ ਹੈ ਕਿ ਉਹ ਤਦ ਤੋਂ ਹੀ ਸਾਹਿਤ ਸਿਰਜਣਾ ਅਤੇ ਪੁਸਤਕ ਪ੍ਰਕਾਸ਼ਨਾ ਨਾਲ ਲਗਾਤਾਰ ਜੁੜਿਆ ਹੋਇਆ ਹੈ। ਉਸ ਦਾ ਰਚਨਾ-ਸੰਸਾਰ ਵਿਸ਼ਾਲ ਅਤੇ ਵਿਲੱਖਣ ਹੈ। ਹਥਲੀ ਪੁਸਤਕ ਵਿਚ ਜਿਥੇ ਵੱਖ-ਵੱਖ ਲੇਖਕਾਂ ਵੱਲੋਂ ਉਸ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਹਨ, ਉਥੇ ਫੁਟਕਲ ਲਿਖਤਾਂ ਵੀ ਸ਼ਾਮਿਲ ਹਨ। ਪੁਸਤਕ ਦਰਸ਼ਨ ਭਾਗ ਵਿਚ ਉਸ ਦੀਆਂ ਕੁਝ ਪੁਸਤਕਾਂ ਦੇ ਰੀਵਿਊਜ਼ ਅਤੇ ਅੰਤਿਕਾ ਵਿਚ ਲੇਖਕ ਬਾਰੇ ਵੇਰਵੇ ਦਰਜ ਹਨ। ਜਿਥੋਂ ਤੱਕ ਮੁਲਾਕਾਤਾਂ ਦਾ ਸਵਾਲ ਹੈ, ਇਹ 1955 ਤੋਂ 2011 ਤੱਕ ਦੇ ਸਾਲਾਂ ਵਿਚ ਫੈਲੇ ਹੋਏ ਉਸ ਦੇ ਰਚਨਾ ਕਾਲ ਦੇ ਨਾਲ-ਨਾਲ ਉਸ ਦੀ ਸ਼ਖ਼ਸੀਅਤ ਨੂੰ ਨੇੜਿਉਂ ਵੇਖਣ ਦਾ ਸਮਾਂ ਮਿਲਦਾ ਹੈ। ਡਾ: ਅਮਰਜੀਤ ਕੌਂਕੇ ਵਾਲੀ ਮੁਲਾਕਾਤ ਦੌਰਾਨ ਰਵੀ ਨੇ ਜੋ ਇੰਕਸ਼ਾਫ਼ ਕੀਤਾ ਹੈ, ਉਹ ਉਸ ਨੂੰ 'ਵਿਦਰੋਹੀ ਕਵੀ' ਵਜੋਂ ਪ੍ਰਸਤੁਤ ਕਰਦਾ ਹੈ। ਪੱਤਰਕਾਰੀ, ਪ੍ਰਕਾਸ਼ਨ, ਪ੍ਰਯੋਗਸ਼ੀਲ ਲਹਿਰ ਦੇ ਉਥਾਨ ਤੇ ਪਤਨ ਬਾਰੇ ਰਵੀ ਦੇ ਵਿਚਾਰ ਵਡਮੁੱਲੇ ਹਨ। ਮਨਮੀਤ ਕੌਰ (ਡਾ:) ਨੇ ਰਵੀ ਦੇ ਜੀਵਨ ਨਾਲ ਸੰਬੰਧਿਤ ਸਵਾਲ ਕੀਤੇ ਹਨ ਜਿਹੜੇ ਪ੍ਰਵਾਸੀ ਲੇਖਕਾਂ ਦੇ ਸ਼ਾਂਤ ਆਚਾਰ ਬਾਰੇ ਪ੍ਰਕਾਸ਼ ਪਾਉਂਦੇ ਹਨ। ਗੁਰਮੀਤ ਦੇ ਪ੍ਰਸ਼ਨ ਰਵੀ ਦੀ ਸਾਹਿਤਕ ਚੇਤਨਾ ਬਾਰੇ ਹਨ। ਦਰਸ਼ਨ ਦਰਵੇਸ਼ ਦੇ ਸਵਾਲ ਸੰਖੇਪ ਹਨ ਜਿਨ੍ਹਾਂ ਦੇ ਉੱਤਰ ਲੇਖਕ ਨੇ ਤਰਕਸ਼ੀਲਤਾ ਨਾਲ ਦਿੱਤੇ ਹਨ। ਨਿਰੂਪਮਾ ਦੱਤ, ਰਾਮ ਸਰੂਪ ਅਣਖੀ, ਹਲਵਾਰਵੀ ਆਦਿ ਨੇ ਆਪਣੇ ਸਵਾਲਾਂ ਵਿਚ ਰਵੀ ਦੇ ਕਾਵਿ-ਸੁਹਜ ਨੂੰ ਮੂਰਤੀਮਾਨ ਕਰਨ ਦਾ ਯਤਨ ਕੀਤਾ ਹੈ। ਬਰਜਿੰਦਰ ਸਿੰਘ ਹਮਦਰਦ (ਵਿਸ਼ਵ ਪੰਜਾਬੀ ਭਵਨ ਦਾ ਨਿਰਮਾਤਾ) ਡਾ: ਐਮ. ਐਸ. ਰੰਧਾਵਾ (ਸਰਕਾਰ ਵਿਚ ਸਮਾਨ ਅੰਤਰ ਸਰਕਾਰ), ਮਹਿਰਮ ਯਾਰ (ਸ਼ਾਪ ਵੱਲ ਜਾਂਦੀ ਸੜਕ), ਡਾ: ਜਗਤਾਰ (ਅਲਵਿਦਾ) ਸਤੀ ਕੁਮਾਰ (ਇਕ ਅਸ਼ਾਂਤ ਆਤਮਾ), ਰਵੀ ਦੀ ਸਾਹਿਤਕ ਸ਼ੈਲੀ ਦੇ ਸੰਖੇਪ ਪਰ ਉੱਤਮ ਨਮੂਨੇ ਹਨ। ਓਮ ਪ੍ਰਕਾਸ਼ ਗਾਸੋ, ਜਗਦੀਸ਼ ਕੌਰ ਵਾਡੀਆ, ਕੇ. ਐਲ. ਗਰਗ, ਦਰਸ਼ਨ ਸਿੰਘ ਆਸ਼ਟ, ਨਿਰੰਜਨ ਬੋਹਾ, ਡਾ: ਸਰਬਜੀਤ ਸੰਧਾਵਾਲੀਆ ਦੇ ਰੀਵਿਊ ਰਵਿੰਦਰ ਰਵੀ ਦੀਆਂ ਪੁਸਤਕਾਂ ਬਾਰੇ ਭਾਵਪੂਰਤ ਉਲੇਖ ਹਨ। ਪੁਸਤਕ ਪੜ੍ਹ ਕੇ ਅਸੀਂ ਕਹਿ ਸਕਦੇ ਹਾਂ ਕਿ ਰਵੀ ਇਕ ਬਹੁ-ਵਿਧਾਈ ਲੇਖਕ ਹੈ। ਉਹ ਪਹਿਲਾ ਹੈ ਜਿਸ ਨੇ ਪੰਜਾਬੀ ਕਾਵਿ-ਜਗਤ ਵਿਚ ਬ੍ਰਹਿਮੰਡਕ ਤੇ ਗਲੋਬਲ ਚੇਤਨਾ ਦਾ ਪਰਚਮ ਪਹਿਲੀ ਵਾਰ ਸੱਠਵਿਆਂ ਵਿਚ ਹੀ ਲਹਿਰਾ ਦਿੱਤਾ ਸੀ।

-ਡਾ: ਜੋਗਿੰਦਰ ਸਿੰਘ ਨਿਰਾਲਾ
ਮੋ: 09797313927

ਹਾਦਿਸਾ-ਦਰ-ਹਾਦਿਸਾ
ਗ਼ਜ਼ਲਗੋ : ਬਲਜਿੰਦਰ ਭਾਰਤੀ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਪੰਜਾਬੀ ਗ਼ਜ਼ਲ ਨਵੀਆਂ ਉਚਾਈਆਂ ਛੂਹ ਰਹੀ ਤੇ ਇਸ ਦੇ ਦੀਵਾਨਿਆਂ ਦਾ ਕਾਫ਼ਿਲਾ ਵੱਡਾ ਹੋ ਰਿਹਾ ਹੈ। ਇਹ ਵੀ ਸੱਚ ਹੈ ਲਿਖੀ ਜਾ ਰਹੀ ਸਾਰੀ ਪੰਜਾਬੀ ਗ਼ਜ਼ਲ ਮਿਆਰੀ ਨਹੀਂ ਕਹੀ ਜਾ ਸਕਦੀ ਤੇ ਧਿਆਨ ਖਿੱਚਣ ਯੋਗ ਬਹੁਤ ਥੋੜ੍ਹੇ ਗ਼ਜ਼ਲਕਾਰ ਹਨ। ਇਨ੍ਹਾਂ ਗ਼ਜ਼ਲਕਾਰਾਂ ਵਿਚ ਨਵਾਂ ਵਾਧਾ ਬਲਜਿੰਦਰ ਭਾਰਤੀ ਦਾ ਹੈ ਜਿਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ 'ਹਾਦਿਸਾ-ਦਰ-ਹਾਦਿਸਾ' ਹਾਲ ਹੀ ਵਿਚ ਪਾਠਕਾਂ ਦੇ ਰੂਬਰੂ ਹੋਇਆ ਹੈ। ਇਸ ਸੰਗ੍ਰਹਿ ਵਿਚ ਭਾਰਤੀ ਦੀਆਂ ਤਕਰੀਬਨ ਛਿਆਨਵੇਂ ਗ਼ਜ਼ਲਾਂ ਅੰਕਿਤ ਹਨ। ਲਗਭਗ ਸਾਰੀਆਂ ਗ਼ਜ਼ਲਾਂ ਬਰਵਜ਼ਨ ਹਨ ਤੇ ਇਨ੍ਹਾਂ ਦੀ ਗ਼ਜ਼ਲੀਅਤ ਦੇ ਅਧਾਰਤ ਸਿਰਜਣਾ ਕੀਤੀ ਗਈ ਹੈ। ਭਾਰਤੀ ਨੂੰ ਅਰੂਜ਼ ਦਾ ਕਾਫ਼ੀ ਗਿਆਨ ਹਾਸਲ ਹੈ ਤੇ ਉਹ ਦੀਪਕ ਗ਼ਜ਼ਲ ਸਕੂਲ ਦੀ ਪੈਦਾਇਸ਼ ਹੈ ਜਿਸ ਕਾਰਨ ਉਸ ਦੀਆਂ ਗ਼ਜ਼ਲਾਂ ਵਿਚ ਤਕਨੀਕੀ ਖਾਮੀਆਂ ਦੀ ਬਹੁਲਤਾ ਨਹੀਂ ਹੈ। ਸ਼ਿਅਰਾਂ ਦੀ ਸਿਰਜਣਾ ਸਮੇਂ ਉਹ ਪਰੰਪਰਾ ਤੇ ਆਧੁਨਿਕਤਾ ਦੇ ਵਿਚਕਾਰਲਾ ਰਸਤਾ ਅਖ਼ਤਿਆਰ ਕਰਦਾ ਹੈ। ਗ਼ਜ਼ਲਕਾਰ ਦਾ ਮੁੱਖ ਵਿਸ਼ਾ ਪਿਆਰ ਹੈ ਤੇ ਉਹ ਇਸ ਨੂੰ ਮਨੁੱਖੀ ਜੀਵਨ ਦਾ ਆਧਾਰ ਮੰਨਦਾ ਹੈ। ਕਿਤੇ-ਕਿਤੇ ਉਸ ਨੇ ਰਾਜਨੀਤਕਾਂ ਨਾਲ ਸਬੰਧਤ ਵਿਅੰਗਆਤਮਕ ਸ਼ਿਅਰ ਵੀ ਕਹੇ ਹਨ। ਭਾਰਤੀ ਦੀਆਂ ਸਾਰੀਆਂ ਗ਼ਜ਼ਲਾਂ ਆਮ ਫ਼ਹਿਮ ਜ਼ਬਾਨ ਵਿਚ ਹਨ ਤੇ ਇਨ੍ਹਾਂ ਦਾ ਪਾਠਕਾਂ ਦੇ ਦਿਲ ਨਾਲ ਸਿੱਧਾ ਰਾਬਤਾ ਜੁੜਦਾ ਹੈ। ਇਸ ਪੁਸਤਕ ਵਿਚ ਗ਼ਜ਼ਲਕਾਰ ਦੀਆਂ ਗ਼ਜ਼ਲਾਂ ਦੇ ਲੇਖਾ-ਜੋਖਾ ਕਰਦੇ ਕੁਝ ਸੰਖੇਪ ਲੇਖ ਵੀ ਹਨ। ਪੁਸਤਕ ਨੂੰ ਪੜ੍ਹਦਿਆਂ ਪਾਠਕ ਇਨ੍ਹਾਂ ਗ਼ਜ਼ਲਾਂ ਨਾਲ ਜੁੜਿਆ ਰਹਿੰਦਾ ਹੈ ਤੇ ਇਨ੍ਹਾਂ ਸ਼ਿਅਰਾਂ ਦੇ ਪਾਤਰਾਂ ਵਿਚ ਖ਼ੁਦ ਨੂੰ ਮਹਿਸੂਸ ਕਰਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਕਣੀ
ਕਵੀ : ਅਸ਼ੋਕ ਚਰਨ 'ਆਲਮਗੀਰ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 176.

'ਕਣੀ' ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਜਗਤ 'ਚ ਜਾਣੀ-ਪਛਾਣੀ ਹਸਤੀ, ਜਿਨ੍ਹਾਂ ਨੇ ਇਕੋ ਸਮੇਂ ਵਾਰਤਕ-ਰਚਨਾ, ਨਾਵਲ-ਰਚਨਾ ਅਤੇ ਦਾਰਸ਼ਨਿਕ ਚਿੰਤਨ ਨਾਲ ਸਬੰਧਤ ਲਗਭਗ ਦੋ ਦਰਜਨ ਮਿਆਰੀ ਪੁਸਤਕਾਂ ਰਚੀਆਂ ਹਨ, ਅਸ਼ੋਕ ਚਰਨ 'ਆਲਮਗੀਰ' ਦੀ ਪ੍ਰੋੜ੍ਹ ਰਚਨਾ ਹੈ। ਹਥਲਾ ਕਾਵਿ ਸੰਗ੍ਰਹਿ ਕਵੀ (24) ਕਵਿਤਾਵਾਂ ਨੂੰ ਸਾਡੇ ਸਨਮੁੱਖ ਕਰਦਾ ਹੈ, ਜਿਨ੍ਹਾਂ ਦੇ ਸਹਿਜ ਅਧਿਐਨ ਤੋਂ ਭਲੀ-ਭਾਂਤ ਪਤਾ ਲਗ ਜਾਂਦਾ ਹੈ ਕਿ ਅਸ਼ੋਕ ਚਰਨ 'ਆਲਮਗੀਰ' ਦੀ ਕਾਵਿ ਸਿਰਜਨਾ ਨਿਰੋਲ ਪੰਜਾਬੀ ਕਾਵਿ ਦੇ ਮਾਨਦੰਡਾਂ ਦਾ ਹੀ ਨਿਰੂਪਣ ਨਹੀਂ ਕਰਦੀ ਸਗੋਂ ਉਨ੍ਹਾਂ ਪੱਛਮੀ ਕਾਵਿ-ਸਿਰਜਕਾਂ ਦੀ ਰਚਨਾ ਦੀ ਵੀ ਬਰਾਬਰੀ ਕਰਦੀ ਹੈ, ਜਿਨ੍ਹਾਂ ਨੂੰ ਸੰਸਾਰ ਦੇ ਪਾਠਕ ਪੜ੍ਹਦੇ ਤੇ ਮਾਣਦੇ ਆ ਰਹੇ ਹਨ। ਜ਼ਿਆਦਾਤਰ ਇਹ ਕਵਿਤਾਵਾਂ ਲੰਮੇ ਆਕਾਰ ਦੀਆਂ ਹਨ, ਪ੍ਰੰਤੂ ਸਭਨਾਂ ਰਚਨਾਵਾਂ ਦੀ ਪ੍ਰਕਿਰਤੀ ਅਤੇ ਪ੍ਰਯੋਜਨ ਉੱਚ-ਪੱਧਰੀ ਸਰੋਕਾਰਾਂ ਦੀ ਸਥਾਪਤੀ ਵਿਚ ਨਿਹਿਤ ਹੈ। ਕਵੀ ਦੇ ਕਹਿਣ ਅਨੁਸਾਰ ਜਾਂ ਸਰਸਰੀ ਪੜ੍ਹਤ ਤੋਂ ਤਾਂ ਇਹ ਕਵਿਤਾਵਾਂ ਦਲਿਤ ਵਰਗ ਦੀ ਮਾਨਸਿਕਤਾ ਨਾਲ ਸਬੰਧਤ ਵਿਭਿੰਨ ਅਕਾਂਖਿਆਂ ਦਾ ਨਿਰੂਪਣ ਹਨ ਪਰ ਗੰਭੀਰ ਅਧਿਐਨ ਕਰਨ 'ਤੇ ਇਹ ਕਹਿਣਾ ਬਣਦਾ ਹੈ ਕਿ ਉਸ ਸਮੂਹਿਕ ਮਾਨਵ-ਜਾਤੀ ਦੇ ਉਥਾਨ ਅਤੇ ਉਭਾਰ ਲਈ ਕਾਰਗਰ ਜੁਗਤਾਂ ਹਨ, ਜੋ ਕਦੇ ਰਾਜਨੀਤੀਵੇਤਾਂ ਦੇ ਝਾਂਸਿਆਂ 'ਚ ਆ ਕੇ ਲੁੱਟੇ ਜਾਂਦੇ ਰਹੇ ਹਨ, ਕਦੇ ਅਖੌਤੀ ਧਰਮ-ਲੀਡਰਾਂ ਦੇ ਭਰਮਾਂ-ਵਹਿਮਾਂ 'ਚ ਫਸ ਕੇ ਆਪਣੀ ਹੋਂਦ-ਸਥਿਤੀ ਨੂੰ ਖਤਮ ਕਰ ਬੈਠਦੇ ਰਹੇ ਹਨ ਅਤੇ ਕਦੇ ਸਮਾਜਿਕ ਅਧੋਗਤੀਆਂ ਦਾ ਸ਼ਿਕਾਰ ਹੋ ਕੇ ਆਪਣੇ-ਆਪ ਨੂੰ ਸੰਘਰਸ਼ 'ਚ ਨਾ ਪਾ ਕੇ ਜੈਸੇ ਥੇ ਵੈਸੇ ਹੀ ਕਹਿਣ ਲਈ ਮਜਬੂਰ ਹੁੰਦੇ ਰਹੇ ਹਨ। ਇਨ੍ਹਾਂ ਸਭਨਾਂ ਨਿਮਨ ਹਾਲਤਾਂ ਤੋਂ ਸੁਚੇਤ ਕਰਕੇ ਸਾਡਾ ਇਹ ਕਵੀ ਮਾਨਵਤਾ ਦਾ ਰਾਹ ਰੁਸ਼ਨਾਉਣ ਦੇ ਨਾਲ-ਨਾਲ ਸਾਹਿਤਕਾਰ ਵਰਗ ਨਾਲ ਸਬੰਧਤ ਧਿਰਾਂ ਨੂੰ ਵੀ ਸੁਚੇਤ ਕਰਦਾ ਹੈ ਕਿ ਉਹ ਵੀ ਅੱਗੇ ਆਉਣ ਅਤੇ ਕਲਮ ਦੁਆਰਾ ਲਿਖੇ ਬੋਲਾਂ ਦੇ ਹਾਣ ਦੇ ਹੋ ਕੇ ਚੰਗੇ-ਚੰਗੇਰੇ ਸਮਾਜ ਦਾ ਨਵ-ਨਿਰਮਾਣ ਕਰਨ।

'ਕਣੀ' ਕਵਿਤਾ ਤੋਂ ਭਾਵ ਇਕਾਗਰ ਦ੍ਰਿਸ਼ਟੀ ਬਿੰਦੂ ਨਹੀਂ ਹੈ, ਸਗੋਂ ਇਹ ਇਕ ਚਿਣਗ ਹੈ, ਇਕ ਉਸਾਰੂ ਵਿਚਾਰ-ਸ਼ਕਤੀ ਹੈ, ਜਿਸ ਨੇ ਮਨੁੱਖ ਜਾਤੀ ਦਾ ਕਲਿਆਣ ਕਰਨਾ ਹੈ ਕਿਉਂਕਿ 'ਮਾਨਵ ਇਕ ਨਹੀਂ ਰਹਿ ਗਿਆ' ਮਾਨਵ ਦੁਫਾੜ' ਜਾਂ 'ਪੈਸੇ ਦਾ ਹੀ ਧਰਮ ਰਹਿ ਗਿਆ, ਪੈਸੇ ਦੀ ਹੀ ਸਰਦਾਰੀ, ਇਕੋ ਪੈਸੇ ਵਾਲਾ ਹੁੰਦਾ ਲੱਖਾਂ ਉਤੇ ਭਾਰੀ'। ਕਵੀ ਵਾਰ-ਵਾਰ ਹੋਕਾ ਦੇ ਮਾਨਵ ਨੂੰ ਆਖਦਾ ਹੈ-'ਆਓ ਇਕ ਵਾਰ ਫਿਰ ਇਕ ਦੂਜੇ ਦੇ ਹੱਥ ਘੁੱਟ ਲਈਏ, ਸੀਨਿਆਂ 'ਚ ਪਰੋ ਲਈਏ ਜ਼ਿੰਦਗੀ ਦੇ ਲੋਹੇ ਨੂੰ, ਬਹਾਰਾਂ ਵਰਗਾ ਖਿੜਦਾ ਰੂਪ ਦੇਣ ਲਈ ਆਪਣੇ ਕਰਤੱਵ ਚੁਣੀਏ'। ਸਾਡਾ ਇਹ ਕਵੀ ਗੁਰਬਤ, ਜਾਤੀ ਤੇ ਨਸਲੀ ਵਿਤਕਰਾ, ਆਰਥਿਕ ਨਾ-ਬਰਾਬਰੀ ਨੂੰ ਜੜ੍ਹੋਂ ਤਹਿਸ ਨਹਿਸ ਕਰ ਦੇਣ ਦੀ ਸਪਿਰਟ ਵੀ ਭਰਦਾ ਹੈ। ਪਿੰਗਲਵਾੜਾ ਆਪਣੇ-ਆਪਣੇ ਕੀਰਤੀਮਾਨ, ਅੱਖ ਵਿਚਲਾ ਕੱਖ, ਆਦਮਜਾਤ ਲਈ ਇਕ ਮਿਹਣਾ, ਵਸੀਅਤਾਂ ਵਿਚੋਂ ਵਸੀਅਤ ਲੇਖਕ ਦੀ, ਭੂਤਿਸਤਾਨ, ਇਕ ਜੁੱਤੀ ਤੇ ਲੋਕ-ਗਾਇਕ, ਗਧਾ-ਪੁਰਾਣ, ਹੁੱਕਾ ਉਰਫ਼ ਨਲਕਾ, ਦਲਿਤ ਕੁੜੀ ਦੀ ਪ੍ਰੀਤ, ਰੁੱਤ-ਕਰੁੱਤ, ਜਿੱਲ੍ਹਣ ਬਸਤੀ ਦੇ ਕੰਢੇ 'ਤੇ, ਥੰਮ੍ਹੀ ਆਦਿ ਕਵਿਤਾਵਾਂ ਸੰਸਾਰ ਪੱਧਰ ਦੀ ਉੱਚਤਮ ਕਵਿਤਾ ਦੇ ਸਾਨੀ ਕਵਿਤਾਵਾਂ ਹਨ। ਕੁੱਲ ਮਿਲਾ ਕੇ 'ਕਣੀ' ਕਾਵਿ ਸੰਗ੍ਰਹਿ ਉੱਚ-ਪੱਧਰ ਦੀ ਕਵਿਤਾ ਦੇ ਪ੍ਰਤਿਮਾਨਾਂ ਨੂੰ ਸਥਾਪਤ ਕਰਦਾ ਹੈ ਅਤੇ ਮਨੁੱਖਾ ਜ਼ਿੰਦਗੀ ਲਈ ਨਵੀਂ-ਨਰੋਈ ਸੇਧ ਦਿੰਦਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਸਾਈਬਰ ਸੰਸਾਰ ਤੇ ਪੰਜਾਬੀ ਭਾਸ਼ਾ
ਲੇਖਕ : ਸੀ. ਪੀ. ਕੰਬੋਜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ

ਸਾਈਬਰ ਸੰਸਾਰ ਤੇ ਪੰਜਾਬੀ ਭਾਸ਼ਾ, ਸੀ. ਪੀ. ਕੰਬੋਜ ਦੀ ਨਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਵੀ ਲੇਖਕ ਦੀਆਂ ਇਸ ਵਿਸ਼ੇ ਨਾਲ ਸਬੰਧਤ ਅਨੇਕ ਜਾਣਕਾਰੀ ਭਰਪੂਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿਚ ਲੇਖਕ ਨੇ ਕੰਪਿਊਟਰ ਸਬੰਧੀ ਅਤਿ ਅਹਿਮ ਜਾਣਕਾਰੀਆਂ ਦਿੱਤੀਆਂ ਹਨ। ਆਧੁਨਿਕ ਦੌਰ ਕੰਪਿਊਟਰ ਸੱਭਿਆਚਾਰ ਦਾ ਦੌਰ ਹੈ, ਜਿਥੇ ਹਰ ਕਿਸੇ ਲਈ ਕੰਪਿਊਟਰ ਆਮ ਸਾਧਾਰਨ ਜਨ-ਜੀਵਨ ਦਾ ਇਕ ਜ਼ਰੂਰੀ ਅੰਗ ਬਣਦਾ ਜਾ ਰਿਹਾ ਹੈ। ਸੀ. ਪੀ. ਕੰਬੋਜ ਦੀ ਇਹ ਪੁਸਤਕ ਕੰਪਿਊਟਰ ਨਾਲ ਸਬੰਧਤ ਅਤਿ ਅਹਿਮ ਵੇਰਵਿਆਂ ਦੀ ਜਾਣਕਾਰੀ ਆਮ ਸਾਧਾਰਨ ਲੋਕਾਂ ਦੀ ਭਾਸ਼ਾ ਵਿਚ ਸੰਚਾਰ ਕਰਦੀ ਹੈ ਜਿਹੜੀ ਆਮ ਸਾਧਾਰਨ ਪਾਠਕ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ।

ਸੀ. ਪੀ. ਕੰਬੋਜ ਨੇ ਆਪਣੀ ਇਸ ਪੁਸਤਕ ਨੂੰ ਅਨੇਕ ਪਾਠਾਂ ਵਿਚ ਵੰਡ ਕੇ ਪੇਸ਼ ਕੀਤਾ ਹੈ, ਜਿਨ੍ਹਾਂ ਵਿਚ ਕੰਪਿਊਟਰ ਤੇ ਹਾਰਡਵੇਅਰ ਭਾਗ, ਪੈਨ ਡਰਾਈਵ, ਭਾਸ਼ਾ ਅਨੁਵਾਦਕ, ਕੰਪਿਊਟਰ ਖਰੀਦਣ ਵੇਲੇ ਧਿਆਨ ਰੱਖਣ ਯੋਗ ਗੱਲਾਂ, ਵੈੱਬ ਸਰਫਿੰਗ, ਡਿਜੀਟਲ ਅਖ਼ਬਾਰ, ਰੋਬੇਟ ਨਾਲ ਸਬੰਧਤ ਲੇਖ, ਮਾਤ ਭਾਸ਼ਾ ਦੇ ਤਕਨੀਕ ਵਿਕਾਸ ਅਤੇ ਹੋਰ ਸਬੰਧਤ ਲੇਖ, ਆਦਿ ਅਤਿ-ਮਹੱਤਵਪੂਰਨ ਹਨ। ਇਸ ਦੇ ਨਾਲ ਹੀ ਲੇਖਕ ਨੇ ਇਸ ਪੁਸਤਕ ਵਿਚ 'ਸਾਈਬਰ ਖ਼ਤਰੇ' ਦੇ ਅਧੀਨ ਕੁਝ ਆਧੁਨਿਕ ਟੌਪਿਕਸ ਨੂੰ ਵੀ ਡਿਸਕਸ ਕੀਤਾ ਹੈ ਜਿਹੜਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਕੰਪਿਊਟਰ ਦੇ ਏਨੇ ਲਾਭਾਂ ਦੇ ਨਾਲ 'ਸਾਈਬਰ ਕਰਾਈਮ' ਜਿਹੇ ਖ਼ਤਰਿਆਂ ਸਬੰਧੀ ਜਾਣਕਾਰੀ ਦੇ ਕੇ ਇਨ੍ਹਾਂ ਤੋਂ ਸੁਚੇਤ ਕਰਨਾ ਇਕ ਬੇਹੱਦ ਮਹੱਤਵਪੂਰਨ ਕਾਰਜ ਹੈ ਜੋ ਸੀ. ਪੀ. ਕੰਬੋਜ ਨੇ ਇਸ ਪੁਸਤਕ ਰਾਹੀਂ ਕੀਤਾ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698

ਬਨੈਣ ਨੰਬਰ ਨੱਬੇ
ਲੇਖਕ : ਸੁਖਵੰਤ ਸਿੰਘ ਮਰਵਾਹਾ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 160 ਰੁਪਏ, ਸਫ਼ੇ : 120.

ਸੁਖਵੰਤ ਸਿੰਘ ਮਰਵਾਹਾ ਅਜਿਹਾ ਹਾਸ ਵਿਅੰਗ ਲੇਖਕ ਹੈ, ਜਿਸ ਦੀਆਂ ਮਿੰਨੀ ਕਹਾਣੀਆਂ ਵਿਚੋਂ ਯਥਾਰਥ ਉੱਭਰ ਕੇ ਸਾਹਮਣੇ ਆਉਂਦਾ ਹੈ ਪਰ ਕਿਸੇ ਦੇ ਗੋਡੇ ਜਾਂ ਗਿੱਟੇ ਲੱਗਣ ਵਾਲੀ ਗੱਲ ਨਹੀਂ ਸਗੋਂ ਪਾਠਕ ਚੁਟਕਲੇਨੁਮਾ ਕਹਾਣੀਆਂ ਨੂੰ ਮਾਣਦਾ ਹੈ। ਉਸ ਨੇ ਆਪਣੇ ਜੀਵਨ ਕਾਲ ਵਿਚ ਜੋ ਅਨੁਭਵ ਕੀਤਾ, ਸਮਾਜ ਵਿਚ ਵਿਚਰਦਿਆਂ ਜੋ ਧਾਰਮਿਕ, ਸਮਾਜਿਕ, ਰਾਜਸੀ ਜਾਂ ਆਰਥਿਕ ਕਮੀਆਂ ਪੇਸ਼ੀਆਂ ਜਾਂ ਉਲਝਣਾਂ ਨੂੰ ਮਹਿਸੂਸ ਕੀਤਾ, ਉਨ੍ਹਾਂ ਵੰਨ-ਸੁਵੰਨੇ ਵਿਸ਼ਿਆਂ ਨੂੰ ਰਚਨਾਵਾਂ ਵਿਚ ਉਲੀਕਿਆ। ਪਹਿਲੀ ਕਹਾਣੀ 'ਬਨੈਣ ਨੰਬਰ ਨੱਬੇ' ਬੱਚਿਆਂ ਵਿਚ ਨੰਬਰ ਲੈਣ ਦੀ ਦੌੜ ਨੂੰ ਪੇਸ਼ ਕਰਦੀ ਹੈ। ਸਿੱਖਿਆ, ਡਾਕ, ਬਿਜਲੀ ਤੇ ਹੋਰ ਮਹਿਕਮਿਆਂ ਵਿਚ ਜੋ ਧਾਂਦਲੀਆਂ ਹੋ ਰਹੀਆਂ ਹਨ, ਉਨ੍ਹਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਵਿਅੰਗ ਰੂਪ ਵਿਚ ਚਿਤਰਿਆ ਹੈ।

'ਹਾਜ਼ਰੀ ਲੁਆਉਣੀ, ਚੰਗੇ ਗੁਆਂਢੀ, ਮਕਾਨ ਮਾਲਕ ਤੇ ਸਰਕਾਰ ਕਹਾਣੀਆਂ ਵਿਚਲਾ ਵਿਅੰਗ ਕਿੰਨਾ ਤਕੜਾ ਹੈ ਜਦੋਂ ਉਹ ਲਿਖਦਾ ਹੈ:

'ਰਹਿਣ ਦਿਓ ਜਨਾਬ, ਪੜ ਜਾਣਗੇ ਜਾਨ ਦੇ ਲਾਲੇ,

ਕਾਰ ਹੈ ਇਹ, ਸਰਕਾਰ ਨਹੀਂ, ਜੋ ਐਰਾ ਗੈਰਾ ਇਸ ਨੂੰ ਚਲਾ ਲਏ।'

'ਹੱਸਣਾ ਮਨ੍ਹਾ ਹੈ' ਬਹੁਤ ਹੀ ਵਧੀਆ ਚੁਟਕਲੇਨੁਮਾ ਵਿਅੰਗ ਹੈ। ਇਸੇ ਤਰ੍ਹਾਂ 'ਚਾਂਦੀ ਦੀ ਜੁੱਤੀ' ਫੀਅਟ ਕਾਰ, ਗੱਡੀ ਦਾ ਸਫ਼ਰ, ਹਾਥੀ ਮੇਰਾ ਸਾਥੀ, ਡਾਕੀਆ, ਪੰਡਤ ਜੀ, 'ਗੱਪਬਾਜ਼ ਤੇ ਸਵਰਗ' ਬਹੁਤ ਸਾਰੀਆਂ ਅਜਿਹੀਆਂ ਮਿੰਨੀ ਕਹਾਣੀਆਂ ਹਨ, ਜਿਨ੍ਹਾਂ ਵਿਚ ਸਰਕਾਰੀ ਮਹਿਕਮਿਆਂ, ਰੇਲਵੇ, ਨੇਤਾਵਾਂ, ਡਾਕ ਵੰਡ ਆਦਿ ਉਤੇ ਬਾਖੂਬੀ ਵਿਅੰਗ ਕੱਸ ਕੇ ਹੋ ਰਹੇ ਭ੍ਰਿਸ਼ਟਾਚਾਰ, ਲੈਣ-ਦੇਣ, ਪੁਲਿਸ ਦੀ ਡਿਊਟੀ ਵਿਚ ਢਿੱਲ ਤੇ ਧਾਰਮਿਕ ਸਥਾਨਾਂ 'ਤੇ ਹੋ ਰਹੇ ਮਾੜੇ ਕੰਮ ਤੇ ਪੈਸੇ ਦਾ ਬੋਲਬਾਲਾ ਆਦਿ ਨੂੰ ਨਿਝੱਕ ਤੇ ਨਿਡਰ ਹੋ ਕੇ ਪੇਸ਼ ਕੀਤਾ ਹੈ।

ਲੇਖਕ ਨੇ ਜਿਥੇ ਸਮਾਜਿਕ ਬੁਰਾਈਆਂ ਦਾ ਗਹਿਰ ਗੰਭੀਰ ਚਿੰਤਨ ਕੀਤਾ ਹੈ, ਉਥੇ ਵਿਸ਼ਿਆਂ ਦੀ ਵਿਭਿੰਨਤਾ ਆਪਣੀ ਮਿਸਾਲ ਆਪ ਹੈ। ਪਾਤਰ ਚਿਤਰਨ ਵਿਸ਼ੇ ਅਨੁਕੂਲ ਤੇ ਪਾਤਰ ਵੱਖ-ਵੱਖ ਸ਼੍ਰੇਣੀਆਂ ਨਾਲ ਸੰਬੰਧਿਤ ਹਨ। ਰਚਨਾ ਹਾਸਰਸ ਭਰਪੂਰ ਹੈ, ਪਾਠਕਾਂ ਨੂੰ ਅਗਵਾਈ ਦਿੰਦੀ ਰਚਨਾ ਮਨੋਰੰਜਨ ਦਾ ਸਾਧਨ ਵੀ ਹੈ।

ਰੂਪਨਗਰ
(ਭਾਸ਼ਾਈ ਤੇ ਸੱਭਿਆਚਾਰਕ ਸਰਵੇਖਣ)
ਪ੍ਰਕਾਸ਼ਕ : ਭਾਸ਼ਾ ਵਿਭਾਗ, ਪੰਜਾਬ, ਪਟਿਆਲਾ
ਸਫ਼ੇ : 231.

ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਮੇਂ-ਸਮੇਂ ਅਜਿਹੀਆਂ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜੋ ਇਤਿਹਾਸਕ ਮਹੱਤਤਾ ਰੱਖਦੀਆਂ ਹਨ ਅਤੇ ਅਮੀਰ ਵਿਰਸਾ ਆਪਣੇ ਵਿਚ ਸਮੋਈ ਬੈਠੀਆਂ ਹਨ, ਜਿਵੇਂ ਕਿ ਡੇਰਾ ਬਾਬਾ ਨਾਨਕ, ਸੁਲਤਾਨਪੁਰ ਲੋਧੀ, ਚਮਕੌਰ ਸਾਹਿਬ, ਸ੍ਰੀ ਹਰਗੋਬਿੰਦਪੁਰ, ਨਾਨਕਮਤਾ, ਦੀਨਾ ਕਾਂਗੜ ਫਰੀਦਕੋਟ, ਨਨਕਾਣਾ ਸਾਹਿਬ ਤੇ ਫਤਹਿਗੜ੍ਹ ਸਾਹਿਬ ਆਦਿ। ਹਥਲੀ ਪੁਸਤਕ ਰੂਪਨਗਰ ਜੋ ਪੰਜਾਬ ਦਾ ਇਕ ਜ਼ਿਲ੍ਹਾ ਹੈ, ਪਾਠਕਾਂ ਦੇ ਹੱਥਾਂ ਵਿਚ ਹੈ, ਜਿਥੇ ਬਹੁਤ ਸਾਰੇ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰਦੁਆਰੇ ਹਨ, ਜੋ ਧਾਰਮਿਕ ਤੇ ਇਤਿਹਾਸਕ ਪੱਖ ਤੋਂ ਮਹੱਤਵਪੂਰਨ ਹਨ। ਇਸ ਦੀ ਪੁਰਾਤਨਤਾ ਦਾ ਪਤਾ ਇਥੇ ਖੁਦਾਈ ਕਾਰਨ ਹੜੱਪਾ ਤੇ ਮੋਹਿੰਜੋਦੜੋ ਦੀ ਸੱਭਿਅਤਾ ਨਾਲ ਸੰਬੰਧਿਤ ਮਿਲੇ ਸਿੱਕਿਆਂ ਤੋਂ ਲਗਦਾ ਹੈ।

ਇਸ ਪੁਸਤਕ ਵਿਚ ਅਨੇਕਾਂ ਪੱਖਾਂ ਤੋਂ ਬਹੁਤ ਹੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ, ਜਿਵੇਂ ਕਿ ਨਗਰ ਬਾਰੇ, ਪੱਤੀਆਂ ਤੇ ਮੁਹੱਲਿਆਂ ਦੇ ਨਾਂਅ, ਜਾਤਾਂ ਤੇ ਗੋਤਾਂ ਦਾ ਵੇਰਵਾ, ਕਿੱਤਿਆਂ ਬਾਰੇ, ਘਰੇਲੂ ਦਸਤਕਾਰੀਆਂ, ਭੌਂ ਦੀਆਂ ਕਿਸਮਾਂ ਤੇ ਰਕਬਾ, ਟਿੱਬੇ, ਥੇਹ, ਝੱਖੜ, ਛੰਭ, ਨਹਿਰ, ਦਰਿਆ, ਬਾਉਲੀ, ਆਲਾ-ਦੁਆਲਾ ਤੇ ਇਤਿਹਾਸਕ ਥਾਵਾਂ, ਇਸ ਦੇ ਨਾਂਅ ਦੀ ਮਹੱਤਤਾ, ਯਾਦਗਾਰੀ ਥਾਵਾਂ, ਪਿਛੋਕੜ, ਸ਼ਹਿਰ ਦੀ ਮੌਜੂਦਾ ਸਥਿਤੀ, ਇਥੋਂ ਦੇ ਪ੍ਰਸਿੱਧ ਵਿਅਕਤੀ, ਵਿਦਿਅਕ ਸੰਸਥਾਵਾਂ, ਲਾਇਬ੍ਰੇਰੀ, ਸਾਹਿਤ ਸਭਾਵਾਂ, ਸੱਭਿਆਚਾਰਕ ਤੇ ਟੂਰਿਜ਼ਮ ਸੁਸਾਇਟੀਆਂ ਆਦਿ। ਏਨਾ ਹੀ ਨਹੀਂ ਸਗੋਂ ਇਥੋਂ ਦੇ ਸਾਹਿਤਕਾਰ ਤੇ ਉਨ੍ਹਾਂ ਦੀਆਂ ਰਚਨਾਵਾਂ, ਹੱਥ ਲਿਖਤਾਂ ਤੇ ਹੋਰ ਵੇਰਵੇ, ਸ਼ਿਲਾਲੇਖ, ਨੀਂਹ ਪੱਥਰ, ਵਿਸ਼ੇਸ਼ ਸਿੱਕੇ, ਹੁਕਮਨਾਮੇ, ਜੀਵਨੀਆਂ, ਡਾਇਰੀਆਂ, ਇਤਿਹਾਸਕ ਚਿੱਠੀਆਂ, ਇਥੇ ਲਗਦੇ ਮੇਲੇ, ਉਤਸਵ, ਦੀਵਾਨ, ਮਨੋਰੰਜਨ ਦੇ ਸਾਧਨ, ਕਲਾਕਾਰ, ਕਾਰੀਗਰ, ਸੰਗੀਤ ਤੇ ਵਿੱਦਿਆ ਮਾਹਿਰ, ਪਹਿਲਵਾਨ, ਖੇਡਾਂ, ਵਹਿਮ-ਭਰਮ, ਧਾਰਮਿਕ ਵਿਸ਼ਵਾਸ, ਰਸਮਾਂ ਰੀਤਾਂ, ਲੋਕ ਕਹਾਣੀਆਂ, ਸਾਖੀਆਂ, ਲੋਕ ਗੀਤ, ਅਖਾਣ ਮੁਹਾਵਰੇ, ਸ਼ਬਦਾਵਲੀ ਆਦਿ ਕਿਹੜੀ ਜਾਣਕਾਰੀ ਹੈ ਜੋ ਇਸ ਪੁਸਤਕ ਵਿਚੋਂ ਨਹੀਂ ਮਿਲਦੀ। ਇਕ ਛੋਟੀ ਜਿਹੀ ਪੁਸਤਕ ਵਿਚੋਂ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਲੋੜੀਂਦੀਆਂ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ ਜੋ ਨਗਰ ਦਾ ਵਿਸ਼ੇਸ਼ ਖਜ਼ਾਨਾ ਹਨ। ਭਾਸ਼ਾ ਸਰਲ, ਠੇਠ ਤੇ ਮੁਹਾਵਰੇਦਾਰ ਹੈ। ਅਜਿਹੀਆਂ ਧਾਰਮਿਕ, ਸਮਾਜਿਕ ਤੇ ਇਤਿਹਾਸਕ ਮਹੱਤਵ ਵਾਲੀਆਂ ਪੁਸਤਕਾਂ ਸਾਹਿਤ ਦਾ ਵਡਮੁੱਲਾ ਖਜ਼ਾਨਾ ਹਨ।

ਭਰੂਣ-ਹੱਤਿਆ 'ਇਕ ਸਮਾਜਕ ਕੋਹੜ'
ਸੰਪਾਦਕ : ਮੱਖਣ ਸਿੰਘ ਜੌਹਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 200.
ਉਠੋ ਆਵਾਜ਼ ਬੁਲੰਦ ਕਰੋ,
ਭਰੂਣ-ਹੱਤਿਆ ਬੰਦ ਕਰੋ।

ਅੱਜ ਦੇ ਇਸ ਭਖਦੇ ਮਸਲੇ ਨੂੰ ਹੋਰ ਉਭਾਰਨ ਲਈ, ਤਰਕਸ਼ੀਲਤਾ ਨਾਲ ਪਰਣਾਇਆ ਲੇਖਕ ਮੱਖਣ ਸਿੰਘ ਜੌਹਲ ਨੇ ਭਰੂਣ-ਹੱਤਿਆ ਬਾਰੇ ਕਵਿਤਾਵਾਂ ਦਾ ਇਹ ਸੰਗ੍ਰਹਿ ਪਾਠਕਾਂ ਦੇ ਹੱਥਾਂ ਵਿਚ ਪੁਜਦਾ ਕੀਤਾ ਹੈ। ਸਮਾਜ ਦੀ ਉਹ ਲਾਹਣਤ ਜਿਸ ਨਾਲ ਸਾਨੂੰ ਦੋ-ਚਾਰ ਹੋਣਾ ਪੈ ਰਿਹਾ ਹੈ, ਨੂੰ ਖੁੱਲ੍ਹ ਕੇ ਪੇਸ਼ ਕੀਤਾ ਗਿਆ ਹੈ। 'ਸੋ ਕਿਓ ਮੰਦਾ ਆਖੀਐ' ਦਾ ਨਾਅਰਾ ਬੁਲੰਦ ਕਰਨ ਵਾਲੇ ਗੁਰੂ ਨਾਨਕ ਦੀ ਇਸ ਧਰਤੀ ਉਤੇ ਜੋ ਪਾਪ ਕਮਾਇਆ ਜਾ ਰਿਹਾ ਹੈ, ਉਸ ਨੇ ਸਮਾਜ ਵਿਚ ਹਾਹਾਕਾਰ ਮਚਾ ਦਿੱਤੀ ਹੈ। ਲੇਖਕ ਵਰਗ ਤੇ ਖਾਸ ਕਰਕੇ ਅਗਾਂਹਵਧੂ ਤਰਕਸ਼ੀਲ ਲੇਖਕਾਂ ਨੇ ਇਸ ਲਾਹਣਤ ਦੀ ਜੜ੍ਹ ਨੂੰ ਉਖਾੜਨ ਵੱਲ ਭਰਪੂਰ ਉਪਰਾਲੇ ਕੀਤੇ ਹਨ, ਵਾਰਤਕ ਰਾਹੀਂ ਤੇ ਕਵਿਤਾ ਰਾਹੀਂ। ਸੱਭਿਆਚਾਰ ਦੇ ਨਾਂਅ ਉਤੇ ਕੀਤੀਆਂ ਜਾ ਰਹੀਆਂ ਕਰਤੂਤਾਂ ਨੂੰ ਉਭਾਰਦੀ ਹੈ ਹਥਲੀ ਪੁਸਤਕਾਂ ਬਲਵਿੰਦਰ ਸਿੰਘ ਮਾਨਾ ਦੀ ਕਵਿਤਾ 'ਮੈਂ ਵੀ ਸੋਹਣਾ ਜੱਗ ਵੇਖਣਾ', ਕੰਨਿਆ ਭਰੂਣ-ਹੱਤਿਆ (ਗੁਰਦਰਸ਼ਨ ਕੌਰ), 'ਪ੍ਰੇਰਨਾ' ਕਵਿਤਾ ਵਿਚ ਕਲਪਨਾ ਚਾਵਲਾ ਦੀ ਹਿੰਮਤ ਬਿਆਨ ਕੀਤੀ ਹੈ। ਇਕ ਤਰਲਾ ਲੈਂਦੀ ਧੀ ਕਹਿੰਦੀ ਹੈ :

ਵੇ ਲੋਕੋ। ਮੈਨੂੰ ਜੀਵਨ 'ਚੋਂ ਮਨਫ਼ੀ ਨਾ ਕਰੋ।

ਕਲੀ 'ਚੋਂ ਖੁਸ਼ਬੂ ਨੂੰ ਜੁਦਾ ਨਾ ਕਰੋ।

ਔਰਤ ਦੀ ਕੁਰਬਾਨੀ ਦੀ ਵਿਥਿਆ ਇੰਜ ਦਰਸਾਈ ਹੈ:

ਤੂੰ ਬਣ ਕੇ ਬੱਤੀ ਬਲਦੀ ਏਂ।

ਹੋਰਾਂ ਨੂੰ ਚਾਨਣ ਵੰਡਦੀ ਏਂ।

ਤੇਰੇ ਹਿੱਸੇ ਵਿਚ ਹਨੇਰੇ ਨੇ,

ਦੁਨੀਆ ਦੇ ਸਭ ਗ਼ਮ ਤੇਰੇ ਨੇ।

ਬਹੁਤ ਸਾਰੇ ਕਵੀਆਂ/ਕਵਿਤਰੀਆਂ ਨੇ ਵੱਖ-ਵੱਖ ਤਰ੍ਹਾਂ ਦੇ ਵਿਸ਼ੈ ਲੇ ਕੇ ਧੀ ਦੀ ਪੁਕਾਰ ਨੂੰ ਉਲੀਕਿਆ ਹੈ, ਧੀਆਂ-ਪੁੱਤਰਾਂ ਵਿਚਲੇ ਅੰਤਰ ਨੂੰ ਨਿੰਦਿਆ ਹੈ, ਧੀਆਂ ਮਾਪਿਆਂ ਦਾ ਸਹਾਰਾ ਪੁੱਤਰਾਂ ਨਾਲੋਂ ਵੱਧ ਹੁੰਦੀਆਂ ਹਨ, ਅੱਜ ਬਰਾਬਰੀ 'ਤੇ ਹੀ ਨਹੀਂ ਮੁੰਡਿਆਂ ਤੋਂ ਅੱਗੇ ਲੰਘ ਗਈਆਂ ਹਨ ਪਰ ਫਿਰ ਵੀ ਦੋਵਾਂ ਦਾ ਲਿੰਗ ਅਨੁਪਾਤ ਇਕ ਹਜ਼ਾਰ ਮੁੰਡਿਆਂ ਪਿੱਛੇ 800 ਕੁੜੀਆਂ ਹੈ। ਅਜਿਹਾ ਕਿਉਂ? ਇਹ ਹੈ ਸਮਾਜ ਦੀ ਸੌੜੀ ਸੋਚ, ਦਾਜ-ਦਹੇਜ ਦੀ ਲਾਹਣਤ ਤੇ ਹੋਰ ਅਨੇਕਾਂ ਬੁਰਾਈਆਂ ਜੋ ਸਮਾਜ ਵਿਚ ਪਸਰੀਆਂ ਹੋਈਆਂ ਹਨ। ਇਸ ਪੁਸਤਕ ਵਿਚ 137 ਕਵਿਤਾਵਾਂ ਹਨ, ਜਿਨ੍ਹਾਂ ਵਿਚ ਭਰੂਣ-ਹੱਤਿਆ, ਕਾਰਨਾਂ, ਬੁਰਾਈਆਂ, ਵਿਦਿਅਕ ਪ੍ਰਗਤੀ, ਅਗਾਂਹਵਧੂ ਸੋਚ ਰੱਖਣ ਦੀ ਅਪੀਲ ਤੇ ਧੀਆਂ ਨੂੰ ਬਰਾਬਰ ਹੱਕ ਦੇਣ ਲਈ ਅਰਜੋਈਆਂ ਆਦਿ ਵਿਸ਼ਿਆਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਉਰਦੂ ਮੁਸ਼ਾਇਰੇ
ਹਿੰਦ-ਪਾਕਿ ਮੁਸ਼ਾਇਰਿਆਂ ਦੀ ਚੋਣਵੀਂ ਸ਼ਾਇਰੀ
(ਚੋਣ : ਸਤੀਸ਼ ਜੈਨ)
ਪੰਜਾਬੀ ਰੂਪਾਂਤਰ : ਕਰਨਲ ਜਸਮੇਰ ਸਿੰਘ ਬਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 236.

ਉਰਦੂ ਜ਼ਬਾਨ ਦੀ ਨਜ਼ਾਕਤ ਤੇ ਤਾਕਤ ਬਾਰੇ ਦੋ ਗੱਲਾਂ ਨਹੀਂ ਹੋ ਸਕਦੀਆਂ। ਇਸ ਜ਼ਬਾਨ ਨੂੰ ਨਫ਼ਾਸਤ ਅਤੇ ਅਮੀਰੀ ਦੇਣ ਵਿਚ ਉਰਦੂ ਸ਼ਾਇਰੀ ਦਾ ਬੜਾ ਵੱਡਾ ਹਿੱਸਾ ਹੈ। ਮੁਸ਼ਾਇਰੀਆਂ ਦੀ ਇਕ ਗੌਰਵਮਈ ਪਰੰਪਰਾ ਹੈ ਇਸ ਕੋਲ। ਪੰਜਾਬੀ ਕਵੀ ਦਰਬਾਰਾਂ ਅਤੇ ਸਟੇਜੀ ਕਵਿਤਾ ਨੇ ਇਸ ਦਾ ਅਨੁਸਰਣ ਕਦੇ-ਕਦੇ ਕੀਤਾ ਹੈ, ਪਰ ਉਹ ਸਾਡੇ ਅਦਬ ਦਾ ਬਾਕਾਇਦਾ ਅੰਗ ਨਹੀਂ ਬਣ ਸਕੇ। ਉਰਦੂ ਵਿਚ ਅਜੇ ਵੀ ਮੇਰੇ ਜਿਹੇ ਸ਼ੌਕੀਨ ਮਰਦ ਔਰਤਾਂ ਖਾਸੇ ਹਨ ਜੋ ਮੁਸ਼ਾਇਰੇ ਸੁਣਨ ਦੇ ਸ਼ੌਕੀਨ ਹਨ। ਉਰਦੂ ਸ਼ਾਇਰੀ ਦੇ ਦੀਵਾਨਿਆਂ ਲਈ ਕਰਨਲ ਬਾਲਾ ਦੀ ਇਹ ਪੁਸਤਕ ਇਕ ਤੋਹਫ਼ਾ ਹੈ।

ਵਿਚਾਰ-ਅਧੀਨ ਪੁਸਤਕ ਦਿੱਲੀ ਦੇ ਸਤੀਸ਼ ਜੈਨ ਹੋਰਾਂ ਦੁਆਰਾ ਸੁਣੇ ਮੁਸ਼ਾਇਰਿਆਂ ਦੇ ਹੱਥ ਲਿਖਤ ਨੋਟਿਸ ਦਾ ਪੰਜਾਬੀ ਰੂਪਾਂਤਰ ਹੈ। ਕਰਨਲ ਬਾਲਾ ਨੇ ਇਸ ਰੂਪਾਂਤਰ ਸਮੇਂ ਹਰ ਸ਼ਾਇਰ ਬਾਰੇ ਦੋ ਕੁ ਸਤਰਾਂ ਵਿਚ ਉਸ ਦਾ ਤੁਆਰੁਫ਼ ਵੀ ਕਰਵਾ ਦਿੱਤਾ ਹੈ। ਇਹੀ ਨਹੀਂ ਹਰ ਗ਼ਜ਼ਲ, ਰੁਬਾਈ, ਸ਼ਿਅਰ ਜਾਂ ਕਤਹ ਪੇਸ਼ ਕਰਨ ਉਪਰੰਤ ਉਸ ਵਿਚਲੇ ਉਰਦੂ/ਫ਼ਾਰਸੀ ਦੇ ਨਵੇਂ ਸ਼ਬਦਾਂ ਦੇ ਅਰਥ ਵੀ ਦਿੱਤੇ ਹਨ।

ਪੰਜਾਬੀ ਜ਼ਬਾਨ ਨੂੰ ਸੁਹਜ, ਨਜ਼ਾਕਤ, ਤਾਕਤ ਨਾਲ ਭਰਪੂਰ ਕਰਨ ਲਈ ਅਤੇ ਇਸ ਨੂੰ ਸ਼ਾਇਸਤਗੀ ਦੀ ਛੋਹ ਦੇਣ ਲਈ ਪੰਜਾਬੀ ਪਾਠਕਾਂ/ਲੇਖਕਾਂ ਨੂੰ ਉਰਦੂ ਵੱਲ ਜ਼ਰਾ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਪੰਜਾਬੀ ਨੂੰ ਗਾਲੀ ਗਲੋਚ, ਝਗੜੇ ਵਾਲੇ ਮੋਟੇ ਖੁੱਲ੍ਹੇ ਅੰਦਾਜ਼ ਵੱਲ ਵਧਣ ਤੋਂ ਰੋਕਣ ਲਈ ਇੰਜ ਕਰਨਾ ਬੇਹੱਦ ਜ਼ਰੂਰੀ ਹੈ। ਕਰਨਲ ਬਾਲਾ ਤੇ ਸਤੀਸ਼ ਜੈਨ ਦੇ ਇਸ ਸੰਕਲਨ ਵਿਚ 1954 ਤੋਂ 1960 ਤੱਕ ਦੇ ਨੌਂ ਵੱਡੇ ਮੁਸ਼ਾਇਰਿਆਂ ਵਿਚ ਪੜ੍ਹਿਆ ਕਲਾਮ ਪ੍ਰਾਪਤ ਹੈ। ਇਹ ਮੁਸ਼ਾਇਰੇ ਸਾਰੇ ਹੀ ਇੰਡੋ-ਪਾਕਿ ਪੱਧਰ ਦੇ ਜਾਂ ਰਾਸ਼ਟਰੀ ਪੱਧਰ ਦੇ ਸਨ। ਫ਼ਿਰਾਕ ਗੋਰਖ਼ਪੁਰੀ, ਜਿਗਰ ਮੁਰਾਦਾਬਾਦੀ, ਜੋਸ਼ ਮਲੀਹਾਬਾਦੀ, ਹਰੀ ਚੰਦ ਅਖ਼ਤਰ, ਮਜਰੂਹ ਸੁਲਤਾਨਪੁਰੀ, ਅਲੀ ਸਰਕਾਰ ਜਾਫ਼ਰੀ, ਅਹਿਸਾਨ ਦਾਨਿਸ਼, ਸਾਗਰ ਨਿਜ਼ਾਮੀ, ਗੁਲਜ਼ਾਰ, ਮੇਲਾ ਰਾਮ ਵਫਾ, ਸਾਹਿਰ ਹੁਸ਼ਿਆਰਪੁਰੀ, ਜਗਨ ਨਾਥ ਆਜ਼ਾਦ ਜਿਹੇ ਸ਼ਾਇਰ ਇਸ ਦਾ ਹਿੱਸਾ ਹਨ।

ਸਰਦਾਰ ਜੀ. ਬੀ. ਸਿੰਘ ਦੀਆਂ ਦੁਰਲੱਭ ਰਚਨਾਵਾਂ-ਜਿਲਦ ਤੀਜੀ
ਭਗਤਾਂ ਦੇ ਜੀਵਨ ਚਰਿੱਤਰ
ਸੰਪਾਦਕ : ਡਾ: ਗੁਲਜ਼ਾਰ ਸਿੰਘ ਕੰਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 182.

ਸਵਰਗੀ ਸਰਦਾਰ ਜੀ. ਬੀ. ਸਿੰਘ ਵਿਗਿਆਨਕ ਦ੍ਰਿਸ਼ਟੀ ਵਾਲੇ, ਨਿਸ਼ਕਾਮ ਤੇ ਸਿਰੜੀ ਖੋਜੀ ਸਨ। ਕਿੱਤੇ ਵਜੋਂ ਇੰਜੀਨੀਅਰ ਅਤੇ ਦਿਲ ਵਿਚ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਦੀ ਸੇਵਾ ਦੀ ਲਗਨ ਅਤੇ ਸ਼ੌਂਕ। ਗੁਰਮੁਖੀ ਲਿਪੀ, ਪੁਰਾਤਨ ਬੀੜਾਂ, ਭਗਤਾਂ ਅਤੇ ਫਲਸਫੇ ਬਾਰੇ ਉਨ੍ਹਾਂ ਦਾ ਅਧਿਐਨ ਅਤੇ ਖੋਜ ਬੇਹੱਦ ਮੁੱਲਵਾਨ ਹੈ। ਮੂਲ ਸ੍ਰੋਤਾਂ ਦੀ ਖੋਜ ਅਤੇ ਵਿਸ਼ਲੇਸ਼ਣ ਕਰਨ ਉਪਰੰਤ ਉਨ੍ਹਾਂ ਵਲੋਂ ਪੇਸ਼ ਨਿਸ਼ਕਰਸ਼ ਇਤਿਹਾਸਕ ਮਹੱਤਵ ਵਾਲੇ ਹਨ। ਡਾ: ਗੁਲਜ਼ਾਰ ਸਿੰਘ ਕੰਗ ਨੇ ਜੀ. ਬੀ. ਸਿੰਘ ਦੇ ਜੀਵਨ ਅਤੇ ਰਚਨਾ ਬਾਰੇ ਮੋਨੋਗ੍ਰਾਫ਼ ਲਿਖਣ ਉਪਰੰਤ ਉਨ੍ਹਾਂ ਦੀਆਂ ਲਿਖਤਾਂ ਨੂੰ ਸੰਪਾਦਿਤ ਕਰਨ ਦਾ ਬੀੜਾ ਚੁੱਕਿਆ।

ਵਿਚਾਰ ਅਧੀਨ ਪੁਸਤਕ ਇਸ ਲੜੀ ਵਿਚ ਡਾ: ਕੰਗ ਦੀ ਤੀਜੀ ਪੁਸਤਕ ਹੈ। ਜੀ. ਬੀ. ਸਿੰਘ ਦੇ ਚੋਣਵੇਂ ਲੇਖਾਂ ਦੀ ਪਹਿਲੀ ਪੁਸਤਕ ਮੈਂ ਪੜ੍ਹੀ ਸੀ ਅਤੇ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਸਾਂ। ਦੂਜੀ ਪੁਸਤਕ ਤਾਂ ਮੈਂ ਨਹੀਂ ਵੇਖੀ, ਪ੍ਰੰਤੂ ਇਸ ਤੀਸਰੀ ਪੁਸਤਕ ਵਿਚੋਂ ਵੀ ਜੀ. ਬੀ. ਸਿੰਘ ਦੀ ਮਿਹਨਤ ਅਤੇ ਡਾ: ਕੰਗ ਦੇ ਸੁਯੋਗ ਸੰਪਾਦਨ ਦੀ ਗਵਾਹੀ ਮਿਲਦੀ ਹੈ। ਇਸ ਵਿਚ ਚਾਰ ਭਗਤਾਂ ਦੇ ਜੀਵਨ ਚਰਿੱਤਰ ਹਨ। ਇਹ ਭਗਤ ਹਨ : ਭਗਤ ਨਾਮਦੇਵ, ਜੈਦੇਵ, ਫ਼ਰੀਦ ਅਤੇ ਮੀਰਾਂ ਬਾਈ।

ਮੂਲ ਰੂਪ ਵਿਚ ਇਹ ਲਿਖਤਾਂ ਖਾਲਸਾ ਟ੍ਰੈਕਟ ਸੋਸਾਇਟੀ ਦੇ ਟ੍ਰੈਕਟ ਨਿਰਗੁਣੀਆਰਾ ਵਿਚ 1904 ਤੋਂ 1915 ਦੌਰਾਨ ਵੱਖ-ਵੱਖ ਸਮਿਆਂ ਉਤੇ ਪ੍ਰਕਾਸ਼ਿਤ ਹੁੰਦੀਆਂ ਰਹੀਆਂ। ਗੁਰੂ ਗ੍ਰੰਥ ਸਾਹਿਬ ਅਤੇ ਭਗਤਾਂ ਬਾਰੇ ਕੁਝ ਨਵੇਂ ਤੱਥ ਉਸ ਉਪਰੰਤ ਪ੍ਰਾਪਤ ਹੋਏ ਹਨ। ਇਨ੍ਹਾਂ ਦੀ ਰੋਸ਼ਨੀ ਵਿਚ ਉਕਤ ਲਿਖਤਾਂ ਦਾ ਸੰਪਾਦਨ ਡਾ: ਕੰਗ ਨੇ ਕੀਤਾ ਹੈ। ਇਸ ਨਾਲ ਇਨ੍ਹਾਂ ਦਾ ਗੁਰਮਤਿ ਅਤੇ ਸਿੱਖ ਪਰਿਪੇਖ ਸਪਸ਼ਟ ਹੋ ਸਕਿਆ ਹੈ।

ਨਾਮਦੇਵ, ਫ਼ਰੀਦ, ਜੈਦੇਵ ਅਤੇ ਮੀਰਾਂ ਬਾਈ ਬਾਰੇ ਸਰਦਾਰ ਜੀ. ਬੀ. ਸਿੰਘ ਦੀਆਂ ਲਿਖਤਾਂ ਵਿਚ ਬਹੁਤ ਕੁਝ ਅਜਿਹਾ ਹੈ, ਜੋ ਗੁਰਮਤਿ ਅਤੇ ਇਤਿਹਾਸ ਦੇ ਪਾਠਕਾਂ ਲਈ ਨਵਾਂ ਹੈ। ਨਵਾਂ ਹੀ ਨਹੀਂ ਧਿਆਨ ਦੇਣ ਯੋਗ ਵੀ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550.

ਸਰਘੀ ਦੇ ਤਾਰੇ ਦੀ ਚੁੱਪ
ਸ਼ਾਇਰਾ : ਭਿੰਦਰ ਜਲਾਲਾਬਾਦੀ
ਪਬਲਿਸ਼ਰਜ਼ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 95.

ਕਵਿਤਾ ਬਿਰਹੁੰ ਕੁੱਠੇ ਹਿਰਦਿਆਂ ਦੀ ਦਿਲ-ਚੀਰਵੀਂ ਹੂਕ ਹੈ, ਬਿਰਹਨ ਕੋਇਲ ਦੀ ਕੂਕ ਹੈ, ਦਰਿਆਵਾਂ ਦੀ ਸੂਕ ਹੈ ਅਤੇ ਰੂਹਾਨੀ ਨਾਦ ਹੈ। ਪਰਵਾਸੀ ਸ਼ਾਇਰਾ ਦੇ ਇਸ ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਲੁਕਾਈ ਦੇ ਦੁੱਖਾਂ-ਦਰਦਾਂ ਨੂੰ ਰੂਪਮਾਨ ਕਰਦੀਆਂ ਹੋਈਆਂ ਸਾਡੀ ਚੇਤਨਾ, ਚਿੰਤਨ ਅਤੇ ਸੰਵੇਦਨਾ ਨੂੰ ਟੁੰਬਦੀਆਂ ਹਨ। ਪਰਵਾਸ ਭੋਗਦੇ ਹਰ ਪੰਜਾਬੀ ਦੇ ਦਿਲ ਵਿਚ ਆਪਣੇ ਵਤਨ ਦੀ ਮਿੱਟੀ ਦਾ ਮੋਹ ਅੰਗੜਾਈਆਂ ਲੈਂਦਾ ਰਹਿੰਦਾ ਹੈ। ਇਨ੍ਹਾਂ ਕਵਿਤਾਵਾਂ ਵਿਚੋਂ ਵੀ ਵਤਨਪ੍ਰਸਤੀ, ਧਰਮ, ਇਖ਼ਲਾਕ, ਇਨਸਾਨੀਅਤ ਅਤੇ ਮਾਂ-ਬੋਲੀ ਦੇ ਜਜ਼ਬੇ ਸਾਖਿਆਤ ਹੁੰਦੇ ਹਨ। ਕਿਤੇ ਇਹ ਕਵਿਤਾਵਾਂ ਸ਼ਾਂਤ ਵਗਦੇ ਪਾਣੀਆਂ ਦੀ ਕੂਲ ਵਾਂਗ ਵਹਿੰਦੀਆਂ ਲਗਦੀਆਂ ਹਨ, ਕਿਤੇ ਕਿੰਗਰੇ ਢਾਹੁੰਦੇ ਦਰਿਆਂ ਵਾਂਗ, ਕਿਤੇ ਝਰਨਿਆਂ ਦੇ ਨਾਦ ਵਾਂਗ ਅਤੇ ਕਿਤੇ ਸਾਗਰ ਦੀ ਗੰਭੀਰਤਾ ਵਾਂਗ। ਇਨ੍ਹਾਂ ਕਵਿਤਾਵਾਂ ਦੀਆਂ ਕੁਝ ਝਲਕਾਂ ਮਾਣੋ :

-ਲਕਸ਼ਮੀ ਬਾਈ, ਝਾਂਸੀ ਦੀ ਰਾਣੀ ਨੂੰ

ਸਟੇਜਾਂ ਤੇ ਪ੍ਰਣਾਮ ਕਰਨ ਵਾਲੇ

ਕੰਧ ਉਹਲੇ, ਉਸੇ ਦੀ ਅੰਸ਼-ਵੰਸ਼ ਦਾ

ਬੀਜ ਨਾਸ਼ ਅਤੇ ਘਾਣ ਕਰੀ ਜਾਂਦੇ ਨੇ!

-ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ, ਤੂੰ ਤਾਂ ਚਿਤਵੀ ਪੰਥ ਦੀ ਸ਼ਾਨ ਦਾਤਾ

ਸਾਜ ਪੰਥ ਨਿਰਾਲੀ ਹੀ ਕੌਮ ਸਿਰਜੀ, ਦੇਣਾ ਦੇ ਨਾ ਸਕੂ ਇਨਸਾਨ ਦਾਤਾ।

-ਪ੍ਰੀਤ ਮੁਹੱਬਤ, ਤਨ ਦਾ ਬਾਲਣ, ਹਿਜਰ ਦੇ ਨਾਲ ਤਪਾਵਾਂ ਵੇ...!

ਦਿਲ ਦਾ ਸੌਦਾ, ਮੋਹ ਦੀ ਹੱਟੀ, ਪਲ ਪਲ ਮੁੱਲ ਵਟਾਵਾਂ ਵੇ...!

-ਮੈਂ ਸੀਤਾ ਦਾ ਅਪਹਰਣ ਹੁੰਦਾ ਦੇਖਿਆ

ਤੇ ਤੱਕਿਆ ਦਰੋਪਤੀ ਨੂੰ

ਸ਼ਰੇਆਮ ਹੁੰਦੀ ਨਿਰਵਸਤਰ!

ਸਿਰਫ ਦੁਆਪਰ-ਤ੍ਰੇਤਾ, ਵਿਚ ਹੀ ਨਹੀਂ

ਅੱਜ ਵੀ!!

ਇਨ੍ਹਾਂ ਕਵਿਤਾਵਾਂ ਵਿਚ ਨਾਰੀ ਸੰਵੇਦਨਾ ਤੇ ਕੋਮਲਤਾ ਦੇ ਸੂਖਮ ਭਾਵ ਵੀ ਹਨ ਅਤੇ ਉਸ ਦੇ ਚੰਡੀ ਸਰੂਪ ਦੇ ਤੇਜ਼ਧਾਰ ਸ਼ਸਤਰ ਵੀ। ਇਨ੍ਹਾਂ ਵਿਚ ਪੰਜਾਬੀਅਤ ਦਾ ਮੋਹ ਅਤੇ ਖੁਸ਼ਬੂ ਹੈ। ਇਨ੍ਹਾਂ ਦੀ ਇਕਸੁਰਤਾ ਅਤੇ ਇਕਸਾਰਤਾ ਇਕ ਅਨੋਖਾ ਤਾਲ ਪੈਦਾ ਕਰਦੀ ਹੈ ਜੋ ਦਿਲ ਦਿਮਾਗ ਨੂੰ ਸਰਸ਼ਾਰ ਕਰਦਾ ਹੈ। ਇਸ ਸ਼ਾਇਰਾ ਕੋਲੋਂ ਪੰਜਾਬੀ ਸਾਹਿਤ ਨੂੰ ਬਹੁਤ ਆਸਾਂ ਹਨ। ਪ੍ਰਦੇਸੀ ਮਨਾਂ ਦੀ ਸ਼ਿੱਦਤ, ਉਦਰੇਵਾਂ, ਪਿਆਰ ਅਤੇ ਵਿਰਸੇ ਦੀ ਮੁਹੱਬਤ ਨੂੰ ਦਰਸਾਉਂਦੇ ਇਸ ਕਾਵਿ-ਸੰਗ੍ਰਹਿ ਦਾ ਭਰਪੂਰ ਸੁਆਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

 

© 2010-11 Daily Ajit, Nehru Garden Road, Jalandhar (Pb.)  INDIA