ਨਵੀਂ ਦਿੱਲੀ, 20 ਨਵੰਬਰ (ਏਐਨਆਈ): ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ NIA ਅਦਾਲਤ ਨੇ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਦੇ ਬਾਹਰ ਹੋਏ ਘਾਤਕ ਕਾਰ ਧਮਾਕੇ ਦੇ ਸਬੰਧ ਵਿਚ ਪੁਲਵਾਮਾ (ਜੰਮੂ-ਕਸ਼ਮੀਰ) ਦੇ ਡਾ. ਮੁਜ਼ਮਿਲ ਸ਼ਕੀਲ ਗਨਾਈ, ਅਨੰਤਨਾਗ (ਜੰਮੂ-ਕਸ਼ਮੀਰ) ਦੇ ਡਾ. ਅਦੀਲ ਅਹਿਮਦ ਰਾਥਰ, ਲਖਨਊ (ਯੂਪੀ) ਦੇ ਡਾ. ਸ਼ਾਹੀਨ ਸਈਦ ਅਤੇ ਸ਼ੋਪੀਆਂ (ਜੰਮੂ-ਕਸ਼ਮੀਰ) ਦੇ ਮੁਫਤੀ ਇਰਫਾਨ ਅਹਿਮਦ ਵਾਗੇ ਨੂੰ ਐਨ.ਆਈ.ਏ.ਨੂੰ 10 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪ੍ਰਧਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ (ਵਿਸ਼ੇਸ਼ NIA ਜੱਜ) ਅੰਜੂ ਬਜਾਜ ਚੰਦਨਾ ਨੇ ਚਾਰ ਮੁਲਜ਼ਮਾਂ ਨੂੰ NIA ਹਿਰਾਸਤ ਵਿੱਚ 10 ਦਿਨਾਂ ਲਈ ਭੇਜ ਦਿੱਤਾ ਹੈ। NIA ਨੇ ਦਿੱਲੀ ਧਮਾਕਾ ਮਾਮਲੇ ਦੀ ਜਾਂਚ ਕਰਨ ਅਤੇ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਮੁਲਜ਼ਮਾਂ ਦੇ 15 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।
ਰਾਸ਼ਟਰੀ ਜਾਂਚ ਏਜੰਸੀ (NIA) ਨੇ ਇੱਕ ਪ੍ਰੈਸ ਰਿਲੀਜ਼ ਵਿਚ ਕਿਹਾ ਕਿ ਉਸਨੇ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਦੇ ਬਾਹਰ ਹੋਏ ਧਮਾਕੇ ਵਿਚ ਸ਼ਾਮਲ ਚਾਰ ਹੋਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨਾਲ ਮਾਮਲੇ ਵਿਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 6 ਹੋ ਗਈ ਹੈ।
ਏਜੰਸੀ ਨੇ ਕਿਹਾ ਕਿ ਜ਼ਿਲ੍ਹਾ ਸੈਸ਼ਨ ਜੱਜ, ਪਟਿਆਲਾ ਹਾਊਸ ਕੋਰਟ ਦੇ ਪ੍ਰੋਡਕਸ਼ਨ ਆਰਡਰ 'ਤੇ ਚਾਰ ਮੁਲਜ਼ਮਾਂ ਨੂੰ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਚ ਐਨਆਈਏ ਨੇ ਹਿਰਾਸਤ ਵਿਚ ਲੈ ਲਿਆ ਹੈ, ਐਨਆਈਏ ਨੇ ਇਹ ਵੀ ਕਿਹਾ ਕਿ ਉਸਨੇ ਪਹਿਲਾਂ ਦੋ ਹੋਰ ਮੁਲਜ਼ਮਾਂ - ਅਮੀਰ ਰਾਸ਼ਿਦ ਅਲੀ, ਜਿਸ ਦੇ ਨਾਮ 'ਤੇ ਧਮਾਕੇ ਵਿਚ ਵਰਤੀ ਗਈ ਕਾਰ ਰਜਿਸਟਰ ਕੀਤੀ ਗਈ ਸੀ ਅਤੇ ਜਸਿਰ ਬਿਲਾਲ ਵਾਨੀ ਉਰਫ਼ ਦਾਨਿਸ਼, ਜਿਸਨੇ ਘਾਤਕ ਹਮਲੇ ਵਿਚ ਸ਼ਾਮਲ ਅੱਤਵਾਦੀ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ, ਨੂੰ ਗ੍ਰਿਫ਼ਤਾਰ ਕੀਤਾ ਸੀ।
ਮਾਮਲੇ ਵਿਚ ਪੂਰੀ ਅੱਤਵਾਦੀ ਸਾਜ਼ਿਸ਼ ਨੂੰ ਸੁਲਝਾਉਣ ਲਈ ਐਨਆਈਏ ਦੇ ਯਤਨਾਂ ਦੇ ਹਿੱਸੇ ਵਜੋਂ ਉਨ੍ਹਾਂ ਦੀ ਪੁੱਛਗਿੱਛ ਜਾਰੀ ਹੈ।