23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-01-2026

ਮਾਮਲਾ ਆਸਟ੍ਰੇਲੀਆ 'ਚ ਨੌਜਵਾਨ ਵਲੋਂ ਖ਼ੁਦਕੁਸ਼ੀ ਦਾ- ਪਤਨੀ ਸਮੇਤ ਸਹੁਰੇ ਪਰਿਵਾਰ ਦੇ 5 ਮੈਂਬਰਾਂ ਖ਼ਿਲਾਫ਼ ਪਰਚਾ ਦਰਜ

ਮਹਿਲ ਕਲਾਂ, 14 ਜਨਵਰੀ (ਅਵਤਾਰ ਸਿੰਘ ਅਣਖੀ)-ਪੁਲਿਸ ਥਾਣਾ ਮਹਿਲ ਕਲਾਂ ਨੇ ਆਸਟ੍ਰੇਲੀਆ ਰਹਿ ਰਹੇ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਸੋਢਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੀ ...

ਅਜੀਤ ਡੈਸਕ 14-01-2026

ਮਹਿਲ ਕਲਾਂ, 14 ਜਨਵਰੀ (ਅਵਤਾਰ ਸਿੰਘ ਅਣਖੀ)-ਪੁਲਿਸ ਥਾਣਾ ਮਹਿਲ ਕਲਾਂ ਨੇ ਆਸਟ੍ਰੇਲੀਆ ਰਹਿ ਰਹੇ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਸੋਢਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੀ ਪਤਨੀ ਸਮੇਤ ਸਹੁਰੇ ਪਰਿਵਾਰ 5 ਮੈਂਬਰਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮਹਿਲ ਕਲਾਂ ਵਲੋਂ 15 ਅਕਤੂਬਰ, 2025 ਨੂੰ ਐਸ.ਐਸ.ਪੀ. ਬਰਨਾਲਾ ਨੂੰ ਦਿੱਤੀ ਗਈ ਲਿਖਤੀ ਦਰਖ਼ਾਸਤ ਦੀ ਪੁਲਿਸ ਵਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਸਰਬਜੀਤ ਸਿੰਘ ਦਾ ਵਿਆਹ ਕਰੀਬ 12-13 ਸਾਲ ਪਹਿਲਾਂ ਸੁਖਜੀਤ ਕੌਰ ਪੁੱਤਰੀ ਰੂਪ ਸਿੰਘ ਵਾਸੀ ਧੂਰਕੋਟ ਰਣਸੀਹ (ਮੋਗਾ) ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸੁਖਜੀਤ ਕੌਰ ਵਲੋਂ ਆਈਲੈਂਟਸ ਪਾਸ ਕਰਨ ਉਪਰੰਤ ਇਹ ਜੋੜਾ ਆਸਟ੍ਰੇਲੀਆ ਚਲਾ ਗਿਆ, ਜਿੱਥੇ ਉਨ੍ਹਾਂ ਦੇ 2 ਬੱਚੇ ਪੈਦਾ ਹੋਏ । ਦੋਸ਼ ਹੈ ਕਿ ਸੁਖਜੀਤ ਕੌਰ ਨੇ ਸਰਬਜੀਤ ਨੂੰ ਧੋਖੇ ਵਿਚ ਰੱਖ ਕੇ ਉਸ ਕੋਲੋਂ ਵੀਜ਼ਾ ਸੰਬੰਧੀ ਕਾਗਜ਼ਾਂ 'ਤੇ ਦਸਤਖ਼ਤ ਕਰਵਾ ਲਏ। ਜੂਨ 2025 ਵਿਚ ਸਰਬਜੀਤ ਨੂੰ ਵੀਜ਼ਾ ਇੰਟਰਵਿਊ ਦੇ ਬਹਾਨੇ ਵੀਜ਼ਾ ਦਫ਼ਤਰ ਦੇ ਡਿਟੈਂਸ਼ਨ ਸੈਂਟਰ ਵਿਚ ਭੇਜ ਦਿੱਤਾ ਗਿਆ, ਜਿੱਥੇ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਪਤਨੀ ਨੇ ਹੀ ਉਸ ਨੂੰ ਮਾਨਸਿਕ ਤੌਰ 'ਤੇ ਅਸਥਿਰ ਦੱਸ ਕੇ ਭਾਰਤ ਵਾਪਸ ਭੇਜਣ (ਡੀਪੋਰਟ ਕਰਵਾਉਣ) ਲਈ ਦਰਖ਼ਾਸਤ ਦਿੱਤੀ ਸੀ। ਇੰਨਾ ਹੀ ਨਹੀਂ, ਪਤਨੀ ਨੇ ਸਰਬਜੀਤ ਨਾਲ ਸਾਂਝੇ ਬੈਂਕ ਖਾਤੇ ਵਿਚੋਂ ਸਾਰੀ ਰਕਮ ਕਢਵਾ ਲਈ ਅਤੇ ਉਸ ਦੀਆਂ ਗੱਡੀਆਂ ਤੇ ਲੀਜ਼ ਵਾਲਾ ਮਕਾਨ ਵੀ ਆਪਣੇ ਨਾਂਅ ਕਰਵਾ ਲਿਆ। ਸ਼ਿਕਾਇਤਕਰਤਾ ਅਨੁਸਾਰ, ਜਦੋਂ ਸਰਬਜੀਤ ਨੇ ਆਪਣੇ ਬੱਚਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੁਲਿਸ ਰਾਹੀਂ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ।

 

ਇਸ ਮਾਨਸਿਕ ਤਣਾਅ ਕਾਰਨ ਸਰਬਜੀਤ ਸਿੰਘ ਨੇ ਅੰਤ 27 ਸਤੰਬਰ 2025 ਨੂੰ ਆਸਟ੍ਰੇਲੀਆ ਵਿਚ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲਿਸ ਪੜਤਾਲ ਅਤੇ ਡੀ.ਏ. ਲੀਗਲ ਦੀ ਕਾਨੂੰਨੀ ਰਾਇ ਮੁਤਾਬਕ, ਭਾਵੇਂ ਇਹ ਘਟਨਾ ਵਿਦੇਸ਼ ਵਿਚ ਵਾਪਰੀ ਹੈ, ਪਰ ਭਾਰਤੀ ਨਾਗਰਿਕ ਹੋਣ ਦੇ ਨਾਤੇ ਮੁਲਜ਼ਮਾਂ ਵਿਰੁੱਧ ਭਾਰਤੀ ਕਾਨੂੰਨ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੇ ਆਧਾਰ 'ਤੇ ਥਾਣਾ ਮਹਿਲ ਕਲਾਂ ਵਿਖੇ ਪਤਨੀ ਸੁਖਜੀਤ ਕੌਰ ਸਮੇਤ ਸੱਸ ਇੰਦਰਜੀਤ ਕੌਰ, ਸਾਲੀ ਹਰਜੀਤ ਕੌਰ, ਸਾਲਾ ਜਸਦੀਪ ਸਿੰਘ ਅਤੇ ਤਾਇਆ ਸਹੁਰਾ ਬੂਟਾ ਸਿੰਘ ਵਿਰੁੱਧ ਬੀ.ਐੱਨ.ਐੱਸ. ਦੀ ਧਾਰਾ 108 (ਖ਼ੁਦਕੁਸ਼ੀ ਲਈ ਉਕਸਾਉਣਾ) ਤਹਿਤ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿਚ ਦੂਜੀ ਧਿਰ (ਸਰਬਜੀਤ ਸਿੰਘ ਦੇ ਸਹੁਰੇ ਪਰਿਵਾਰ) ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਨਾ ਹੀ ਉਨ੍ਹਾਂ ਦਾ ਕੋਈ ਅਧਿਕਾਰਤ ਪੱਖ ਸਾਹਮਣੇ ਆਇਆ ਹੈ।

ਪਿਛਲੀ ਖ਼ਬਰ ਆਵਾਰਾ ਕੁੱਤੇ ਨੇ 2 ਸਾਲਾਂ ਬੱਚੇ 'ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤਾ ਅਗਲੀ ਖ਼ਬਰ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿੱਟ ਦੀ ਟੀਮ ਬੰਗਾ ਲਾਗੇ ਪਿੰਡ ਮਜਾਰਾ ਪੁੱਜੀ ,ਦਰਬਾਰ 'ਚ ਪਾਵਨ ਸਰੂਪਾਂ ਦੀ ਕੀਤੀ ਜਾ...