ਐਸ. ਏ. ਐਸ. ਨਗਰ, 24 ਮਾਰਚ (ਕਪਿਲ ਵਧਵਾ)- ਮੁਹਾਲੀ ਵਿਚ ਦਸੰਬਰ ਮਹੀਨੇ ਦੌਰਾਨ ਹੋਏ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਹੱਤਿਆ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਅਦਾਲਤ ਵਿਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਪੁਲਿਸ ਵਲੋਂ 8 ਸ਼ੂਟਰਾਂ ਖਿਲਾਫ਼ ਹੱਤਿਆ ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਪੇਸ਼ ਕੀਤੀ ਗਈ ਹੈ, ਜਦਕਿ ਗੈਂਗਸਟਰ ਬਲਜਿੰਦਰ ਡੋਨੀ ਬਲ, ਅਰਵਿੰਦਰ ਸਿੰਘ, ਜਸਦੀਪ ਅਤੇ ਅਰਵਿੰਦਰਜੀਤ ਉਰਫ਼ ਹੋਰ ਮੁਲਜ਼ਮਾਂ ਖਿਲਾਫ਼ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਏ ਗਏ ਹਨ। ਪੁਲਿਸ ਨੇ ਇਸ ਮਾਮਲੇ ਵਿਚ ਕੁੱਲ 55 ਗਵਾਹ ਦਰਜ ਕੀਤੇ ਹਨ ਅਤੇ ਹੋਰ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਬਾਅਦ ਵਿਚ ਪੇਸ਼ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ 15 ਦਸੰਬਰ ਨੂੰ ਮੁਹਾਲੀ ਦੇ ਸੋਹਾਣਾ ਵਿਚ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਦੋ ਨੌਜਵਾਨ ਸੈਲਫ਼ੀ ਲੈਣ ਦੇ ਬਹਾਨੇ ਰਾਣਾ ਬਲਾਚੌਰੀਆ ਦੇ ਨੇੜੇ ਆਏ। ਉਨ੍ਹਾਂ ਨੇ ਪਹਿਲਾਂ ਰਾਣਾ ਦਾ ਮੂੰਹ ਢੱਕ ਦਿੱਤਾ ਤੇ ਫਿਰ ਸਿਰ ’ਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਉਹ ਜ਼ਮੀਨ ‘ਤੇ ਡਿੱਗ ਪਿਆ। ਮੌਕੇ ’ਤੇ ਮੌਜੂਦ ਲੋਕਾਂ ਵਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਅਦਾਲਤ ਨੇ ਘਟਨਾ ਦੌਰਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ‘ਤੇ ਵੀ ਗੰਭੀਰ ਸਵਾਲ ਉਠਾਏ ਹਨ। ਸਰਕਾਰ ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਕਬੱਡੀ ਮੈਚ ਦੌਰਾਨ ਲਗਭਗ 1000 ਲੋਕ ਮੌਜੂਦ ਸਨ ਅਤੇ ਇਹ ਵਾਰਦਾਤ ਸ਼ਾਮ 5:55 ਵਜੇ ਵਾਪਰੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਦਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਨੂੰ ਮੁਹਾਲੀ ਅਦਾਲਤ ਨੇ 2 ਮਾਰਚ ਨੂੰ ਰੱਦ ਕਰ ਦਿੱਤਾ। ਪੁਲਿਸ ਵਲੋਂ ਉਸ ’ਤੇ ਦੋਸ਼ ਲਗਾਇਆ ਗਿਆ ਸੀ ਕਿ ਦਵਿੰਦਰ ਸਿੰਘ ਨੇ ਰਾਣਾ ਬਲਾਚੋਰੀਆ ਦੀ ਰੇਕੀ ਕਰਨ ਲਈ ਮੁਲਜ਼ਮਾਂ ਦੀ ਸਹਾਇਤਾ ਅਤੇ ਹੱਤਿਆ ਉਪਰੰਤ ਉਨ੍ਹਾਂ ਨੂੰ ਔਰਾ ਗੱਡੀ ਵਿਚ ਖਰੜ ਛੱਡ ਕੇ ਵੀ ਆਇਆ।