ਸੁਲਤਾਨਵਿੰਡ (ਅੰਮ੍ਰਿਤਸਰ), 2 ਮਈ (ਗੁਰਨਾਮ ਸਿੰਘ ਬੁੱਟਰ) - ਹਲਕਾ ਦੱਖਣੀ ਦੇ ਅਧੀਨ ਆਉਂਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਬਲੋਕ ਵਿਖੇ ਅੱਜ ਇਕ ਮੰਦਭਾਗੀ ਘਟਨਾ ਵਾਪਰੀ, ਜਿਥੇ ਸ਼ਰਾਰਤੀ ਅਨਸਰਾਂ ਵਲੋਂ ਕਣਕ ਦੇ ਨਾੜ ਨੂੰ ਲਗਾਈ ਗਈ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਸ ਅੱਗ ਵਿਚ ਇਕ ਕਿਸਾਨ ਦੇ ਕਰੀਬ 14-15 ਕਿੱਲੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ।
ਪੀੜਤ ਕਿਸਾਨ ਇੰਦਰਜੀਤ ਸਿੰਘ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਹਿਰ ਵੇਲੇ ਜਦੋਂ ਖੇਤਾਂ ਨੇੜੇ ਤੂੜੀ ਬਣਾਉਣ ਵਾਲੇ ਨੌਜਵਾਨਾਂ ਨੇ ਉਨ੍ਹਾਂ ਨੂੰ ਫ਼ੋਨ 'ਤੇ ਅੱਗ ਲੱਗਣ ਦੀ ਸੂਚਨਾ ਦਿੱਤੀ, ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲ ਰਹੀਆਂ ਸਨ। ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਜਿਸ ਨਾਲ ਹੋਰ ਵੱਡਾ ਨੁਕਸਾਨ ਹੋਣੋਂ ਬਚ ਗਿਆ।
ਕਿਸਾਨ ਮਾਹਲ ਨੇ ਦੱਸਿਆ ਕਿ ਨਾੜ ਸੜਨ ਕਾਰਨ ਉਨ੍ਹਾਂ ਦਾ ਕਰੀਬ ਇਕ ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਇਸ ਅੱਗ ਦੀ ਲਪੇਟ ਵਿਚ ਆਉਣ ਨਾਲ ਖੇਤਾਂ ਦੇ ਕਿਨਾਰਿਆਂ 'ਤੇ ਲੱਗੇ ਛੋਟੇ ਪੌਦੇ ਅਤੇ ਅਣਗਿਣਤ ਜੀਵ-ਜੰਤੂ ਵੀ ਮਾਰੇ ਗਏ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਵਾਰ-ਵਾਰ ਹਦਾਇਤਾਂ ਦੇ ਬਾਵਜੂਦ ਕੁਝ ਲੋਕ ਅੱਗ ਲਗਾਉਣ ਤੋਂ ਬਾਜ਼ ਨਹੀਂ ਆ ਰਹੇ।
ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਥਾਣਾ ਸੁਲਤਾਨਵਿੰਡ ਵਿਖੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਦੂਜੇ ਪਾਸੇ, ਜਦੋਂ ਇਸ ਸੰਬੰਧੀ ਡਿਊਟੀ ਅਫਸਰ ਏ.ਐਸ.ਆਈ. ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਕੋਲ ਇਸ ਮਾਮਲੇ ਦੀ ਕੋਈ ਲਿਖਤੀ ਸ਼ਿਕਾਇਤ ਜਾਂ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਤਾਜ਼ਾ ਖ਼ਬਰਾਂ
Free
ਸ਼ਰਾਰਤੀ ਅਨਸਰਾਂ ਨੇ ਕਣਕ ਦੇ ਨਾੜ ਨੂੰ ਲਗਾਈ ਅੱਗ, 14 ਕਿੱਲੇ ਨਾੜ ਸੜ ਕੇ ਸੁਆਹ
ਸੁਲਤਾਨਵਿੰਡ (ਅੰਮ੍ਰਿਤਸਰ), 2 ਮਈ (ਗੁਰਨਾਮ ਸਿੰਘ ਬੁੱਟਰ) - ਹਲਕਾ ਦੱਖਣੀ ਦੇ ਅਧੀਨ ਆਉਂਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਬਲੋਕ ਵਿਖੇ ਅੱਜ ਇਕ ਮੰਦਭਾਗੀ ਘਟਨਾ ਵਾਪਰੀ, ਜਿਥੇ ਸ਼ਰਾਰਤੀ ਅਨਸਰਾਂ...
ਅਜੀਤ ਡੈਸਕ
02-05-2026