ਚੰਡੀਗੜ੍ਹ, 3 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਵਿਚ ਐਤਵਾਰ ਸਵੇਰੇ ਅਚਾਨਕ ਮੌਸਮ ਨੇ ਕਰਵਟ ਬਦਲੀ ਅਤੇ ਸਵੇਰ ਵੇਲੇ ਹੀ ਅਚਾਨਕ ਘੁੱਪ ਹਨੇਰਾ ਛਾ ਗਿਆ। ਕਾਲੇ ਬੱਦਲਾਂ ਕਾਰਨ ਕੁਝ ਸਮੇਂ ਲਈ ਅਜਿਹਾ ਮਾਹੌਲ ਬਣ ਗਿਆ ਜਿਵੇਂ ਸ਼ਾਮ ਹੋ ਗਈ ਹੋਵੇ। ਇਸ ਤੋਂ ਬਾਅਦ ਸ਼ਹਿਰ ਵਿਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ।ਮੌਸਮ ਵਿਭਾਗ ਦੇ ਅਨੁਸਾਰ ਇਹ ਬਦਲਾਅ ਪੱਛਮੀ ਗੜਬੜੀ ਦੇ ਅਸਰ ਕਾਰਨ ਆਇਆ ਹੈ ਅਤੇ ਅਗਲੇ ਕੁਝ ਘੰਟਿਆਂ ਦੌਰਾਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।ਇਸ ਅਚਾਨਕ ਮੌਸਮੀ ਤਬਦੀਲੀ ਨਾਲ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਨਾਲ ਹੀ ਮੀਂਹ ਨੇ ਰੋਜ਼ਮਰਾ ਦੀ ਜ਼ਿੰਦਗੀ ‘ਤੇ ਅਸਰ ਵੀ ਪਾਇਆ ਹੈ।
ਖ਼ਰਾਬ ਮੌਸਮ ਦਾ ਸਭ ਤੋਂ ਵੱਡਾ ਅਸਰ ਬਿਜਲੀ ਪ੍ਰਣਾਲੀ ‘ਤੇ ਪਿਆ। ਤੇਜ਼ ਹਵਾਵਾਂ ਅਤੇ ਸਮਾਨੀ ਬਿਜਲੀ ਕਾਰਨ ਸ਼ਹਿਰ ਦੇ ਜਿਆਦਾਤਰ ਇਲਾਕਿਆਂ 'ਚ ਸਵੇਰ ਤੋਂ ਹੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਲਿਮਟਿਡ (ਸੀ. ਪੀ. ਡੀ. ਐਲ.) ਵਲੋਂ ਸੁਰੱਖਿਆ ਦੇ ਮੱਦੇਨਜ਼ਰ ਅਤੇ ਨੁਕਸ ਪੈਣ ਦੇ ਖ਼ਤਰੇ ਕਰਕੇ ਸਪਲਾਈ ਬੰਦ ਕੀਤੀ ਗਈ ਹੈ।