ਅੰਮ੍ਰਿਤਸਰ 7 ਮਈ (ਜਸਵੰਤ ਸਿੰਘ ਜੱਸ, ਸੁਰਿੰਦਰ ਪਾਲ ਸਿੰਘ ਵਰਪਾਲ)- ਸ਼ੁਕਰਾਨਾ ਯਾਤਰਾ ਦੌਰਾਨ ਅੰਮ੍ਰਿਤਸਰ ਪੁੱਜੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਰੂਬਰੂ ਹੋਏ। ਇਸ ਮੌਕੇ ਉਹਨਾਂ ਸੂਚਨਾ ਕੇਂਦਰ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਅਦਬੀਆਂ ਸਬੰਧੀ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਪਾਸ ਕੀਤਾ ਗਿਆ ਹੈ ਤੇ ਅੱਜ ਗੁਰੂ ਘਰ ਆ ਕੇ ਸ਼ੁਕਰਾਨਾ ਕੀਤਾ ਹੈ ਤੇ ਅਰਦਾਸ ਕੀਤੀ ਹੈ ਕਿ ਇਸੇ ਤਰ੍ਹਾਂ ਪੰਜਾਬ ਦੀ ਸੇਵਾ ਕਰਦਾ ਰਹਾਂ।
ਉਹਨਾਂ ਕਿਹਾ ਕਿ ਸਤਿਕਾਰ ਸੋਧ ਐਕਟ ਪਾਸ ਹੋਣ ਦਾ ਸਮੂਹ ਸੰਗਤਾਂ ਨੇ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੱਲ ਸ੍ਰੀ ਅਕਾਲ ਤਖਤ ਤੇ ਸਾਹਿਬ ਵਿਖੇ ਨਤਮਸਤਕ ਹੋਣ ਆਉਣਗੇ ਤੇ ਆਪਣਾ ਪੱਖ ਰੱਖਣਗੇ। ਉਹਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਇਹ ਕਾਨੂੰਨ ਸਪੀਕਰ ਸੰਧਵਾਂ ਨੇ ਪਾਸ ਨਹੀਂ ਕੀਤਾ ਬਲਕਿ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਹੈ ਅਤੇ ਰਾਜਪਾਲ ਵੱਲੋਂ ਇਸ ਦੀ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਹੋਣੀਆਂ ਚਾਹੀਦੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਈਡੀ ਦੁਆਰਾ ਰੇਡ ਮਾਮਲੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।