ਤਲਵੰਡੀ ਸਾਬੋ 8 ਮਈ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਪਾਸ ਕਰਵਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਰੰਭੀ ਸ਼ੁਕਰਾਨਾ ਯਾਤਰਾ ਅੱਜ ਕਰੀਬ ਸਵੇਰੇ 10 ਵਜੇ ਇਤਿਹਾਸਿਕ ਅਤੇ ਪਵਿੱਤਰ ਨਗਰ ਤਲਵੰਡੀ ਸਾਬੋ ਪਹੁੰਚੇਗੀ। ਯਾਤਰਾ ਦੇ ਤਲਵੰਡੀ ਸਾਬੋ ਪਹੁੰਚਣ ਤੇ ਮੁੱਖ ਮੰਤਰੀ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣਗੇ । ਇਸ ਉਪਰੰਤ ਉਹ ਤਖ਼ਤ ਸਾਹਿਬ ਦੇ ਬਾਹਰਲੇ ਪ੍ਰਵੇਸ਼ ਦਵਾਰ ਕੋਲ ਸੰਗਤਾਂ ਨੂੰ ਸੰਬੋਧਨ ਵੀ ਕਰਨਗੇ।
ਮਿਲੀ ਜਾਣਕਾਰੀ ਅਨੁਸਾਰ, ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦੀ ਅਗਵਾਈ ਹੇਠ ਇਲਾਕੇ ਦੇ ਲੋਕ ਹਲਕਾ ਤਲਵੰਡੀ ਸਾਬੋ ਵਿਚ ਯਾਤਰਾ ਦੇ ਦਾਖਿਲ ਹੋਣ ਸਮੇਂ ਸ਼ਾਨਦਾਰ ਸਵਾਗਤ ਕਰਨਗੇ। ਤਖ਼ਤ ਸਾਹਿਬ ਨਤਮਸਤਕ ਹੋਣ ਉਪਰੰਤ ਯਾਤਰਾ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਜਾਵੇਗੀ।