ਕੱਥੂਨੰਗਲ 9 ਮਈ, (ਦਲਵਿੰਦਰ ਸਿੰਘ ਰੰਧਾਵਾ/ ਭੁਪਿੰਦਰ ਸਿੰਘ ਗਿੱਲ)- ਸਥਾਨਕ ਕਸਬਾ ਦੇ ਨਜ਼ਦੀਕੀ ਪੈਂਦੇ ਪਿੰਡ ਕੋਟਲਾ ਸੈਦਾਂ ਵਿਚ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਹਥਿਆਰਬੰਦ ਨੌਜਵਾਨ ਇੱਕ ਘਰ ਵਿਚ ਜ਼ਬਰਦਸਤੀ ਦਾਖ਼ਲ ਹੋ ਕੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਲੱਗ ਪਏ। ਇਸ ਦੌਰਾਨ ਘਰ ਦੇ ਅੰਦਰ ਭੰਨਤੋੜ, ਗੋਲੀਬਾਰੀ ਕੀਤੀ ਗਈ ਅਤੇ ਹਮਲੇ ਦੀ ਪੂਰੀ ਘਟਨਾ ਉੱਥੇ ਲੱਗੇ ਸੀਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੀੜਤ ਪਰਿਵਾਰ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਕੱਥੂ ਨੰਗਲ ਨੂੰ ਦਿੱਤੀ ਗਈ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦੇਰ ਰਾਤ ਇੱਕ ਕਾਲ ਪ੍ਰਾਪਤ ਹੋਈ ਸੀ ਕਿ ਪਿੰਡ ਕੋਟਲਾ ਸੈਦਾਂ ਵਿਚ ਕੁਝ ਲੋਕ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਅਤੇ ਲੜਾਈ ਝਗੜਾ ਕਰ ਰਹੇ ਹਨ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਆਲੇ-ਦੁਆਲੇ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ਼ ਕਬਜ਼ੇ ਵਿੱਚ ਲੈ ਲਈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਨੁਸਾਰ ਬਲਕਾਰ ਸਿੰਘ ਅਤੇ ਉਸਦੇ ਪੁੱਤਰ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੱਟਾਂ ਲੱਗੀਆਂ ਹਨ।
ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਹਮਲਾਵਰ ਪਿਸਤੌਲ, ਦਾਤਰ, ਰਾਡਾਂ ਅਤੇ ਡਾਂਗਾਂ ਨਾਲ ਲੈਸ ਹੋ ਕੇ ਆਏ ਸਨ। ਉਹਨਾਂ ਨੇ ਘਰ ਵਿੱਚ ਦਾਖਲ ਹੁੰਦੇ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਘਰ ਦੇ ਅੰਦਰ ਅਲਮਾਰੀਆਂ, ਰਸੋਈ ਦੇ ਸ਼ੀਸ਼ੇ ਅਤੇ ਹੋਰ ਫਰਨੀਚਰ ਨੂੰ ਵੀ ਨੁਕਸਾਨ ਪਹੁੰਚਾਇਆ। ਪਰਿਵਾਰ ਦਾ ਦਾਅਵਾ ਹੈ ਕਿ ਹਮਲਾਵਰਾਂ ਨੇ ਗੋਲੀ ਵੀ ਚਲਾਈ ਅਤੇ ਮਹਿਲਾਵਾਂ ਨਾਲ ਵੀ ਧੱਕਾ ਮੁੱਕੀ ਕੀਤੀ। ਪਿੰਡ ਦੇ ਸਰਪੰਚ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਅਤੇ ਨਾ ਹੀ ਕੋਈ ਵੈਰ ਵਿਰੋਧ ਸੀ।
ਸਰਪੰਚ ਨੇ ਦੋਸ਼ ਲਗਾਇਆ ਕਿ ਹਮਲਾਵਰ ਪਿਸਤੌਲਾਂ ਦੀ ਨੋਕ ‘ਤੇ ਪਰਿਵਾਰ ਨੂੰ ਡਰਾਉਂਦੇ ਰਹੇ ਅਤੇ ਘਰ ਦੇ ਅੰਦਰ ਕਾਫ਼ੀ ਦੇਰ ਤੱਕ ਤਬਾਹੀ ਮਚਾਉਂਦੇ ਰਹੇ। ਉੱਥੇ ਹੀ ਪੀੜਤ ਮਹਿਲਾ ਵਰਿੰਦਰ ਕੌਰ ਨੇ ਰੋਂਦਿਆਂ ਦੱਸਿਆ ਕਿ ਉਸਦਾ ਪਤੀ ਸ਼ਹਿਰ ਤੋਂ ਸਮਾਨ ਲੈ ਕੇ ਘਰ ਆਇਆ ਸੀ ਅਤੇ ਕੱਪੜੇ ਬਦਲ ਰਿਹਾ ਸੀ ਕਿ ਅਚਾਨਕ ਕੁਝ ਨੌਜਵਾਨ ਘਰ ਦੇ ਅੰਦਰ ਦਾਖਲ ਹੋ ਗਏ। ਉਨ੍ਹਾਂ ਨੇ ਆਉਂਦੇ ਹੀ ਹਮਲਾ ਕਰ ਦਿੱਤਾ ਅਤੇ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸਨੇ ਦੱਸਿਆ ਕਿ ਹਮਲਾਵਰਾਂ ਨੇ ਉਸਦੇ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਬਾਂਹ ‘ਤੇ ਸੱਟ ਮਾਰੀ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।