ਅੰਮ੍ਰਿਤਸਰ, 10 ਮਈ (ਜਸਵੰਤ ਸਿੰਘ ਜੱਸ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਅਤੇ ਆਲੇ-ਦੁਆਲੇ ਨੂੰ ਹੋਰ ਸੁੰਦਰ ਅਤੇ ਸੰਗਤਾਂ ਲਈ ਵਧੇਰੇ ਸੁਵਿਧਾਜਨਕ ਬਣਾਉਨ ਲਈ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਤੋਂ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਤੀਕ ਜਾਂਦੇ ਰਸਤੇ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਦੀ ਸੇਵਾ ਬੜੀ ਸ਼ਰਧਾ ਅਤੇ ਧਾਰਮਿਕ ਭਾਵਨਾਵਾਂ ਨਾਲ ਅੱਜ ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਆਰੰਭ ਕੀਤੀ ਗਈ। ਸ਼੍ਰੋਮਣੀ ਕਮੇਟੀ ਵਲੋਂ ਇਹ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ।
ਸੇਵਾ ਦੀ ਆਰੰਭਤਾ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਹਾ ਕਿ ਸੇਵਾ ਦਾ ਇਹ ਕਾਰਜ ਗੁਰੂ ਘਰ ਪ੍ਰਤੀ ਸੰਗਤਾਂ ਦੀ ਸ਼ਰਧਾ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਤੱਕ ਜਾਣ ਵਾਲੇ ਸਮੂਹ ਰਸਤੇ ਦਾ ਨਵੀਨੀਕਰਨ ਕਰਕੇ ਇਸ ਨੂੰ ਬਹੁਤ ਹੀ ਆਧੁਨਿਕ ਅਤੇ ਰੂਹਾਨੀ ਦਿੱਖ ਪ੍ਰਦਾਨ ਕੀਤੀ ਜਾਵੇਗੀ, ਤਾਂ ਜੋ ਸੰਸਾਰ ਭਰ ਤੋਂ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਵਧੀਆ ਅਤੇ ਸ਼ਾਂਤਮਈ ਵਾਤਾਵਰਣ ਮਿਲ ਸਕੇ। ਉਹਨਾਂ ਦੱਸਿਆ ਕਿ ਇਸ ਕਾਰਜ ਲਈ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ ਜਿਸ ਅਨੁਸਾਰ ਪੂਰੇ ਰਸਤੇ ‘ਤੇ ਸੁੰਦਰ ਪਲਾਂਟੇਸ਼ਨ ਕੀਤੀ ਜਾਵੇਗੀ ਅਤੇ ਵੱਖ-ਵੱਖ ਕਿਸਮਾਂ ਦੇ ਛਾਂਦਾਰ ਅਤੇ ਸਜਾਵਟੀ ਪੌਦੇ ਲਗਾ ਕੇ ਇਲਾਕੇ ਨੂੰ ਹਰਿਆ-ਭਰਿਆ ਬਣਾਇਆ ਜਾਵੇਗਾ। ਸੰਗਤਾਂ ਦੇ ਪੈਦਲ ਚੱਲਣ ਲਈ ਵਿਸ਼ੇਸ਼ ਰਸਤਾ ਅਤੇ ਆਰਾਮ ਲਈ ਸੁੰਦਰ ਡਿਜ਼ਾਇਨ ਵਾਲੇ ਬੈਂਚ ਲਗਾਏ ਜਾਣਗੇ ਤਾਂ ਜੋ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂ ਆਰਾਮ ਨਾਲ ਬੈਠ ਵੀ ਸਕਣ।
ਇਸ ਤੋਂ ਇਲਾਵਾ ਸਮੂਹ ਰਸਤੇ ‘ਤੇ ਬਹੁਤ ਹੀ ਆਧੁਨਿਕ ਅਤੇ ਸ਼ਾਨਦਾਰ ਦਿੱਖ ਵਾਲੀਆਂ ਲਾਈਟਾਂ ਲਗਾਈਆਂ ਜਾਣਗੀਆਂ, ਜੋ ਰਾਤ ਸਮੇਂ ਪੂਰੇ ਇਲਾਕੇ ਨੂੰ ਮਨਮੋਹਕ ਰੌਸ਼ਨੀ ਨਾਲ ਰਸ਼ਨਾਉਣ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਜਮੀਨਦੋਜ਼ ਪਾਰਕਿੰਗ, ਨਵਾਂ ਬਿਜਲੀ ਸਪਲਾਈ ਸਿਸਟਮ ਅਤੇ ਆਧੁਨਿਕ ਸੀਵਰੇਜ ਪ੍ਰਣਾਲੀ ਵੀ ਸਥਾਪਿਤ ਕੀਤੀ ਜਾਵੇਗੀ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਨੂੰ ਕਾਫ਼ੀ ਸੁਵਿਧਾ ਪ੍ਰਾਪਤ ਹੋਵੇਗੀ। ਇਸ ਸੇਵਾ ਕਾਰਜ ਨੂੰ ਪ੍ਰਸਿੱਧ ਕਾਰਸੇਵਾ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪਿਆ ਗਿਆ ਹੈ।
ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਬਹੁਤ ਹੀ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਘਰ ਦੀ ਸੇਵਾ ਸੱਚੇ ਪਾਤਸ਼ਾਹ ਦੀ ਵਿਸ਼ੇਸ਼ ਕਿਰਪਾ ਅਤੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਨਾਲ ਜੁੜ ਕੇ ਸੇਵਾ ਕਰਨ ਦਾ ਜੋ ਸੁਭਾਗ ਮਿਲਿਆ ਹੈ, ਉਹ ਸਾਡੇ ਲਈ ਸੰਸਾਰ ਦੀ ਸਭ ਤੋਂ ਵੱਡੀ ਦੌਲਤ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਸਿਰਫ਼ ਇੱਟਾਂ, ਪੱਥਰਾਂ ਜਾਂ ਇਮਾਰਤਾਂ ਦਾ ਨਿਰਮਾਣ ਨਹੀਂ, ਸਗੋਂ ਗੁਰੂ ਚਰਨਾਂ ਵਿਚ ਨਿਮਰਤਾ ਅਤੇ ਸ਼ਰਧਾ ਨਾਲ ਭੇਟ ਕੀਤੀ ਜਾ ਰਹੀ ਸੇਵਾ ਹੈ। ਉਨ੍ਹਾਂ ਆਖਿਆ ਕਿ ਜਦੋਂ ਵੀ ਗੁਰੂ ਘਰ ਦੀ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਮਨ ਅੰਦਰੋਂ ਇੱਕ ਅਲੌਕਿਕ ਸ਼ਾਂਤੀ ਅਤੇ ਰੂਹਾਨੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਰਸੇਵਾ ਨਾਲ ਜੁੜੀਆਂ ਸੰਗਤਾਂ ਦਿਨ-ਰਾਤ ਤਨ-ਮਨ ਨਾਲ ਇਸ ਕਾਰਜ ਨੂੰ ਸਮਰਪਿਤ ਰਹਿਣਗੀਆਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁੰਦਰ ਅਤੇ ਰੂਹਾਨੀ ਵਿਰਾਸਤ ਛੱਡੀ ਜਾ ਸਕੇ।