ਗੁਰੂਹਰਸਹਾਏ, 11 ਮਈ (ਕਪਿਲ ਕੰਧਾਰੀ)- ਗੁਰੂਹਰਸਹਾਏ ਪੁਲਿਸ ਨੇ ਨਾਕਾਬੰਦੀ ਦੌਰਾਨ ਸਵਿਫਟ ਕਾਰ ਸਵਾਰ ਦੋ ਮੁਲਜ਼ਮਾਂ ਨੂੰ 80 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰੂਹਰਸਹਾਏ ਤਜਿੰਦਰ ਪਾਲ ਸਿੰਘ ਅਤੇ ਥਾਣਾ ਮੁਖੀ ਜਗਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮਹੇਸ਼ ਸਿੰਘ ਪੁਲਿਸ ਪਾਰਟੀ ਸਮੇਤ ਪੁੱਲ ਸੂਆ ਕੱਸੀ ਗੁਦੜ ਢੰਡੀ ਰੋਡ ਬਸਤੀ ਨਾਨਕਪੁਰਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਪਿੰਡ ਲਾਲਚੀਆਂ ਪਾਸੋਂ ਇਕ ਸਵਿਫਟ ਕਾਰ ਆਉਂਦੀ ਦਿਖਾਈ ਦਿੱਤੀ। ਪੁਲਿਸ ਵਲੋਂ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਅਤੇ ਤਲਾਸ਼ੀ ਲੈਣ ‘ਤੇ ਕਾਰ ਵਿਚੋਂ ਚਾਰ ਗੱਟੇ ਭੁੱਕੀ ਚੂਰਾ ਪੋਸਤ ਬਰਾਮਦ ਹੋਏ, ਜਿਨ੍ਹਾਂ ਦਾ ਕੁੱਲ ਵਜ਼ਨ 80 ਕਿਲੋ ਨਿਕਲਿਆ। ਪੁਲਿਸ ਪੁੱਛਗਿੱਛ ਦੌਰਾਨ ਇੱਕ ਮੁਲਜ਼ਮ ਨੇ ਆਪਣਾ ਨਾਮ ਜੌਰਾ ਸਿੰਘ ਪੁੱਤਰ ਜੋਤਾ ਸਿੰਘ ਵਾਸੀ ਪਿੰਡ ਤਲਵੰਡੀ ਮੋਤਾ ਸਿੰਘ, ਥਾਣਾ ਸਦਰ ਪੱਟੀ ਦੱਸਿਆ ਜਦਕਿ ਦੂਜੇ ਨੇ ਆਪਣਾ ਨਾਮ ਬੂਟਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਤਲਵੰਡੀ ਸੋਭਾ ਸਿੰਘ, ਥਾਣਾ ਸਦਰ ਪੱਟੀ, ਜ਼ਿਲ੍ਹਾ ਤਰਨਤਾਰਨ ਦੱਸਿਆ।
ਡੀਐਸਪੀ ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।