25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਏਐਸਆਈ ਨੇ ਪੀਆਰਟੀਸੀ ਦੀ ਬੱਸ ਦੇ ਕੰਡਕਟਰ 'ਤੇ ਤਾਣਿਆ ਰਿਵਾਲਵਰ

ਡਡਵਿੰਡੀ (ਕਪੂਰਥਲਾ), 11 ਮਈ (ਦਿਲਬਾਗ ਸਿੰਘ ਝੰਡ)- ਪੀ.ਆਰ.ਟੀ.ਸੀ. ਦੀ ਬੱਸ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਏ.ਐਸ.ਆਈ. ਤੇ ਬੱਸ ਕੰਡਕਟਰ ਵਿਚਕਾਰ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ...

ਅਜੀਤ ਡੈਸਕ 11-05-2026

ਡਡਵਿੰਡੀ (ਕਪੂਰਥਲਾ), 11 ਮਈ (ਦਿਲਬਾਗ ਸਿੰਘ ਝੰਡ)- ਪੀ.ਆਰ.ਟੀ.ਸੀ. ਦੀ ਬੱਸ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਏ.ਐਸ.ਆਈ. ਤੇ ਬੱਸ ਕੰਡਕਟਰ ਵਿਚਕਾਰ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਪੁਲਿਸ ਮੁਲਾਜ਼ਮ ਨੇ ਬੱਸ ਕੰਡਕਟਰ 'ਤੇ ਰਿਵਾਲਵਰ ਤਾਣ ਕੇ ਗੋਲੀ ਮਾਰਨ ਦੀ ਧਮਕੀ ਦੇ ਦਿੱਤੀ। ਇਸ ਘਟਨਾ ਦੀ ਵਾਇਰਲ ਵੀਡੀਓ ਵਿਚ ਇਹ ਏ.ਐਸ.ਆਈ. ਸ਼ਰੇਆਮ ਕੰਡਕਟਰ ਨੂੰ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ। ਬੱਸ ਦੇ ਕੰਡਕਟਰ ਬੋਹੜ ਸਿੰਘ ਪੁੱਤਰ ਇੰਦਰ ਸਿੰਘ ਨੇ ਦੱਸਿਆ ਕਿ ਉਹ ਪੀ.ਆਰ.ਟੀ.ਸੀ. ਦੀ ਬੱਸ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵੱਲ ਲੈ ਕੇ ਜਾ ਰਹੇ ਸਨ ਅਤੇ ਸੁਲਤਾਨਪੁਰ ਲੋਧੀ ਬਾਈਪਾਸ ਤੋਂ ਇਕ ਏ.ਐਸ.ਆਈ. ਬੱਸ ਵਿਚ ਸਵਾਰ ਹੋਇਆ ਸੀ ਅਤੇ ਮੈਂ ਉਨ੍ਹਾਂ ਪਾਸੋਂ ਵਾਉਚਰ ਦੀ ਮੰਗ ਕੀਤੀ ਤਾਂ ਉਨ੍ਹਾਂ ਵਉਚਰ ਦੇਣ ਤੋਂ ਨਾਂਹ ਕਰ ਦਿੱਤੀ। ਉਸ ਨੇ ਦੱਸਿਆ ਕਿ ਜਦੋਂ ਬੱਸ ਡਡਵਿੰਡੀ ਅੱਡੇ 'ਤੇ ਪੁੱਜੀ ਤਾਂ ਸੋਮਵਾਰ ਹੋਣ ਕਾਰਨ ਬੱਸ ਵਿਚ ਕਾਫੀ ਭੀੜ ਹੋ ਗਈ। ਕੰਡਕਟਰ ਵਲੋਂ ਯਾਤਰੀਆਂ ਨੂੰ ਅੱਗੇ ਖਿਸਕਣ ਅਤੇ ਏ.ਐਸ.ਆਈ. ਨੂੰ ਹੱਥ ਨਾਲ ਇਸ਼ਾਰਾ ਕਰਕੇ ਸੀਟ ਤੋਂ ਆਪਣਾ ਬੈਗ ਚੁੱਕ ਕੇ ਨਾਲ ਇਕ ਹੋਰ ਸਵਾਰੀ ਨੂੰ ਬਿਠਾਉਣ ਲਈ ਕਿਹਾ ਗਿਆ। ਇਸ ਗੱਲ ‘ਤੇ ਏ.ਐਸ.ਆਈ. ਗੁੱਸੇ ਵਿਚ ਆ ਗਿਆ ਅਤੇ ਉਸ ਨੇ ਕੰਡਕਟਰ ਨਾਲ ਤਕਰਾਰ ਸ਼ੁਰੂ ਕਰ ਦਿੱਤੀ। ਕੁਝ ਹੀ ਸਮੇਂ ਵਿਚ ਮਾਮਲਾ ਗਾਲੀ ਗਲੋਚ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਏਐਸਆਈ ਨੇ ਆਪਣਾ ਸਰਕਾਰੀ ਰਿਵਾਲਵਰ ਕੱਢ ਲਿਆ ਅਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਬੱਸ ਵਿਚ ਮੌਜੂਦ ਯਾਤਰੀ ਇਸ ਘਟਨਾ ਨਾਲ ਸਹਿਮ ਗਏ। ਕੰਡਕਟਰ ਦੇ ਮੁਤਾਬਕ ਏ.ਐਸ.ਆਈ. ਵਲੋਂ ਭਰੀ ਬੱਸ ਵਿਚ ਰਿਵਾਲਵਰ ਲਹਿਰਾਇਆ ਗਿਆ, ਜਿਸ ਕਾਰਨ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਬਣ ਗਿਆ। ਮੌਕੇ ‘ਤੇ ਮੌਜੂਦ ਕਿਸੇ ਯਾਤਰੀ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਤੋਂ ਬਾਅਦ ਪੀ.ਆਰ.ਟੀ.ਸੀ. ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਰਮਚਾਰੀਆਂ ਨੇ ਦੋਸ਼ੀ ਪੁਲਿਸ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਿਊਟੀ ਦੌਰਾਨ ਸਰਕਾਰੀ ਕਰਮਚਾਰੀਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ, ਪੁਲਿਸ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। 

ਪਿਛਲੀ ਖ਼ਬਰ 10ਵੀਂ ਦੇ ਨਤੀਜਿਆਂ ’ਚ ਸ਼੍ਰਿਸ਼ਟੀ ਨੇ ਚਮਕਾਇਆ ਬਠਿੰਡਾ ਜ਼ਿਲ੍ਹੇ ਦਾ ਨਾਮ ਅਗਲੀ ਖ਼ਬਰ ਆਈ.ਪੀ.ਐੱਲ. 2026 : ਪੰਜਾਬ ਨੇ ਗਵਾਈ ਦੂਜੀ ਵਿਕਟ, ਪ੍ਰਿਯਾਂਸ਼ ਆਰੀਆ 56 (33 ਗੇਂਦਾਂ) ਦੌੜਾਂ ਬਣਾ ਕੇ ਆਊਟ