ਚੰਡੀਗੜ੍ਹ, 1 ਅਗਸਤ- ਸੈਕਟਰ-42 ਵਿਚ ਸ਼ਨੀਵਾਰ ਦੁਪਹਿਰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਅਦਾਲਤ ਦੇ ਹੁਕਮ 'ਤੇ ਮਕਾਨ ਦਾ ਕਬਜ਼ਾ ਦਿਵਾਉਣ ਪਹੁੰਚੀ ਇਕ ਮਹਿਲਾ ਨੂੰ ਕਥਿਤ ਤੌਰ 'ਤੇ ਮਕਾਨ ਵਿਚ ਰਹਿ ਰਹੇ ਵਕੀਲ ਨੇ ਪੁਲਿਸ ਅਤੇ ਕੋਰਟ ਟੀਮ ਦੀ ਮੌਜੂਦਗੀ ਵਿਚ ਹੀ ਗੋਲੀ ਮਾਰ ਦਿੱਤੀ। ਗੋਲੀ ਮਹਿਲਾ ਦੇ ਸਿਰ ਵਿਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮੌਕੇ ਤੋਂ ਹੀ ਮੁਲਜ਼ਮ ਐਡਵੋਕੇਟ ਜੇਪੀਐੱਸ ਚੱਢਾ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਲਾਇਸੈਂਸੀ ਹਥਿਆਰ ਕਬਜ਼ੇ ਵਿਚ ਲੈ ਲਿਆ।
ਜਾਣਕਾਰੀ ਅਨੁਸਾਰ ਘਾਇਲ ਮਹਿਲਾ ਮਨਵਿੰਦਰ ਕੌਰ, ਸੈਕਟਰ-19 ਦੀ ਰਹਿਣ ਵਾਲੀ ਹੈ। ਉਹ ਅਦਾਲਤ ਦੇ ਹੁਕਮਾਂ ਅਨੁਸਾਰ ਆਪਣੇ ਮਕਾਨ ਦਾ ਕਬਜ਼ਾ ਲੈਣ ਲਈ ਪੁਲਿਸ ਅਤੇ ਕੋਰਟ ਦੇ ਅਧਿਕਾਰੀਆਂ ਨਾਲ ਸੈਕਟਰ-42 ਸਥਿਤ ਘਰ ਪਹੁੰਚੀ ਸੀ। ਪੁਲਿਸ ਮੁਤਾਬਕ ਮਕਾਨ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕੋਰਟ ਦੇ ਹੁਕਮਾਂ ਅਨੁਸਾਰ ਜਦੋਂ ਤਾਲਾ ਤੋੜਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਇਸ ਦੌਰਾਨ ਐਡਵੋਕੇਟ ਜੇਪੀਐੱਸ ਚੱਢਾ ਘਰ ਦੀ ਬਾਲਕਨੀ ਵਿੱਚ ਆਏ ਅਤੇ ਆਪਣੀ ਲਾਇਸੈਂਸੀ ਦੋਨਾਲੀ ਬੰਦੂਕ ਨਾਲ ਹੇਠਾਂ ਖੜ੍ਹੀ ਮਹਿਲਾ 'ਤੇ ਫਾਇਰ ਕਰ ਦਿੱਤਾ। ਗੋਲੀ ਲੱਗਣ ਨਾਲ ਮਹਿਲਾ ਲਹੂ-ਲੁਹਾਨ ਹੋ ਕੇ ਡਿੱਗ ਪਈ ਅਤੇ ਮੌਕੇ 'ਤੇ ਹੜਕੰਪ ਮਚ ਗਿਆ। ਮੌਕੇ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ। ਫੋਰੈਂਸਿਕ ਟੀਮ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ।
ਡੀ.ਐੱਸ.ਪੀ. ਧੀਰਜ ਕੁਮਾਰ ਨੇ ਦੱਸਿਆ ਕਿ ਮਕਾਨ ਨੂੰ ਖਾਲੀ ਕਰਵਾਉਣ ਸਬੰਧੀ ਅਦਾਲਤ ਦਾ ਹੁਕਮ ਸੀ ਅਤੇ ਉਸੇ ਦੀ ਪਾਲਣਾ ਲਈ ਟੀਮ ਮੌਕੇ 'ਤੇ ਪਹੁੰਚੀ ਸੀ। ਦਰਵਾਜ਼ਾ ਨਾ ਖੁੱਲ੍ਹਣ ਕਾਰਨ ਤਾਲਾ ਤੋੜਨ ਦੀ ਕਾਰਵਾਈ ਕੀਤੀ ਜਾ ਰਹੀ ਸੀ, ਜਿਸ ਦੌਰਾਨ ਇਹ ਫਾਇਰਿੰਗ ਦੀ ਘਟਨਾ ਵਾਪਰੀ।
ਦੂਜੇ ਪਾਸੇ ਮੁਲਜ਼ਮ ਦੇ ਪੁੱਤਰ ਧ੍ਰੁਵਵੰਸ਼ ਪ੍ਰਤਾਪ ਸਿੰਘ ਚੱਢਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 36 ਸਾਲਾਂ ਤੋਂ ਇਸ ਮਕਾਨ ਵਿੱਚ ਰਹਿ ਰਿਹਾ ਹੈ ਅਤੇ ਉਨ੍ਹਾਂ ਕੋਲ ਅਦਾਲਤੀ ਹੁਕਮ ਤੇ ਸਟੇ ਮੌਜੂਦ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਿਸ ਅਤੇ ਮਕਾਨ ਮਾਲਕ ਜ਼ਬਰਦਸਤੀ ਘਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਦੇ 67 ਸਾਲਾ ਪਿਤਾ ਨਾਲ ਕੁੱਟਮਾਰ ਕੀਤੀ ਗਈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪੱਖਾਂ, ਅਦਾਲਤੀ ਦਸਤਾਵੇਜ਼ਾਂ ਅਤੇ ਘਟਨਾ ਸਥਾਨ ਤੋਂ ਮਿਲੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਮਹਿਲਾ ਦੀ ਡਾਕਟਰੀ ਰਿਪੋਰਟ ਅਤੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।