ਤਪਾ ਮੰਡੀ (ਬਰਨਾਲਾ),1 ਅਗਸਤ (ਪ੍ਰਵੀਨ ਗਰਗ)- ਡੀ.ਆਈ. ਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਤੇ ਐਸ. ਪੀ (ਡੀ) ਅਸ਼ੋਕ ਸ਼ਰਮਾ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਜਿਸ ਤਹਿਤ ਪੁਲਿਸ ਨੇ 1 ਲੱਖ ਪਾਬੰਦੀਸ਼ੁਦਾ ਕੈਪਸੂਲਾਂ ਅਤੇ ਗੋਲੀਆਂ ਸਣੇ ਲਗਜ਼ਰੀ ਕਾਰ ਸਵਾਰ ਦੋ ਜਣਿਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਦੇ ਹੁਕਮਾਂ ਤੇ ਪੁਲਿਸ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਦੌਰਾਨੇ ਗਸਤ ਚੈਕਿੰਗ ਸੱਕੀ ਪੁਰਸ਼ਾ ਦੇ ਸਬੰਧ ਵਿਚ ਹਾਈਟੈਕ ਨਾਕਾ ਥਾਣਾ ਤਪਾ ਮੌਜੂਦ ਸੀ ਤਾਂ ਪੁਲਿਸ ਪਾਸ ਮੁਖਬਰ ਖਾਸ ਨੇ ਅਹਿਲਦਗੀ ਵਿਚ ਇਤਲਾਹ ਦਿੱਤੀ ਕਿ ਬੂਟਾ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਜ਼ਿਲ੍ਹਾ ਗੰਗਾਨਗਰ (ਰਾਜਸਥਾਨ) ਅਤੇ ਰਣਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜ਼ਿਲ੍ਹਾ ਹਨੂਮਾਨਗੜ (ਰਾਜਸਥਾਨ) ਜੋ ਕਿ ਪੰਚਕੂਲਾ ਹਰਿਆਣਾ ਤੋਂ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਲਿਆਕੇ ਵੱਖ-ਵੱਖ ਰਾਜਾਂ ਜਿਵੇ ਪੰਜਾਬ, ਰਾਜਸਥਾਨ ਵਗੈਰਾ ਵਿਚ ਵੇਚਣ ਦੇ ਆਦਿ ਹਨ, ਜੋ ਅੱਜ ਵੀ ਦੋਵੇਂ ਜਣੇ ਆਪਣੀ ਗੱਡੀ ਵਿਚ ਪੰਚਕੂਲਾ ਹਰਿਆਣਾ ਤੋਂ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਲੈਕੇ ਨੈਸ਼ਨਲ ਹਾਈਵੇ ਮੇਨ ਰੋਡ ਬਰਨਾਲਾ ਸਾਇਡ ਤੋਂ ਬਠਿੰਡਾ ਵੱਲ ਨੂੰ ਜਾ ਰਹੇ ਹਨ।
ਜੇਕਰ ਹੁਣੇ ਹੀ ਨੈਸ਼ਨਲ ਹਾਈਵੇ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਵੱਡੀ ਕਾਮਯਾਬੀ ਮਿਲ ਸਕਦੀ ਹੈ। ਜਿਸਤੇ ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਮਹਿਤਾ ਕੱਟ ਨਜ਼ਦੀਕ ਨਾਕਾਬੰਦੀ ਕਰਕੇ ਦੋਸ਼ੀਆਂਨ ਨੂੰ 1 ਲੱਖ ਪਾਬੰਦੀਸ਼ੁਦਾ ਕੈਪਸੂਲ ਅਤੇ ਕੁੱਝ ਗੋਲੀਆਂ ਸਣੇ ਕਾਬੂ ਕੀਤਾ। ਪੁਲਿਸ ਨੇ ਦੋਸ਼ੀਆਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।