15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਡੱਲੇਵਾਲ ਦੀ ਅਗਵਾਈ ਹੇਠ ਖਨੌਰੀ ਦੇ ਗੁਰਦੁਆਰਾ ਸਾਹਿਬ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ

ਖਨੌਰੀ (ਸੰਗਰੂਰ), 16 ਅਗਸਤ (ਬਲਵਿੰਦਰ ਸਿੰਘ ਥਿੰਦ) — ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ‘ਕਿਸਾਨ ਬਚਾਓ ਪੈਦਲ ਯਾਤਰਾ’ ਤਹਿਤ ਕਿਸਾਨਾਂ ਦਾ ਕਾਫ਼ਲਾ ਅੱਜ ਖਨੌਰੀ ਦੇ ਗੁਰਦੁਆਰਾ...

ਅਜੀਤ ਡੈਸਕ 16-08-2026

ਖਨੌਰੀ (ਸੰਗਰੂਰ), 16 ਅਗਸਤ (ਬਲਵਿੰਦਰ ਸਿੰਘ ਥਿੰਦ) — ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ‘ਕਿਸਾਨ ਬਚਾਓ ਪੈਦਲ ਯਾਤਰਾ’ ਤਹਿਤ ਕਿਸਾਨਾਂ ਦਾ ਕਾਫ਼ਲਾ ਅੱਜ ਖਨੌਰੀ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਸੰਤ ਆਸ਼ਰਮ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਖਨੌਰੀ ਬਾਰਡਰ ਵੱਲ ਰਵਾਨਾ ਹੋ ਗਿਆ। ਇਸ ਮੌਕੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਹ ਕਾਫ਼ਲਾ ਖਨੌਰੀ ਸਰਹੱਦ ’ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਸ਼ਹੀਦੀ ਸਥਾਨ ਤੋਂ ਮਿੱਟੀ ਆਪਣੇ ਨਾਲ ਲੈ ਕੇ ਦਿੱਲੀ ਦੇ ਜੰਤਰ ਮੰਤਰ ਤੱਕ ਪਹੁੰਚਾਏਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸ਼ੁਭਕਰਨ ਸਿੰਘ ਦੀ ਸ਼ਹਾਦਤ ਕਿਸਾਨ ਸੰਘਰਸ਼ ਦੇ ਇਤਿਹਾਸ ਦਾ ਅਹਿਮ ਹਿੱਸਾ ਹੈ ਅਤੇ ਉਸ ਸ਼ਹੀਦੀ ਸਥਾਨ ਦੀ ਮਿੱਟੀ ਦਿੱਲੀ ਲਿਜਾਣ ਦਾ ਮਕਸਦ ਕੇਂਦਰ ਸਰਕਾਰ ਅਤੇ ਦੇਸ਼ ਵਾਸੀਆਂ ਤੱਕ ਕਿਸਾਨਾਂ ਦੇ ਸੰਘਰਸ਼ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਸੁਨੇਹਾ ਪਹੁੰਚਾਉਣਾ ਹੈ।
ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਕਿਸਾਨਾਂ ਵਲੋਂ ਅਰਦਾਸ ਕੀਤੀ ਗਈ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲੈਣ ਉਪਰੰਤ ਕਾਫ਼ਲਾ ਦਿੱਲੀ ਵੱਲ ਰਵਾਨਾ ਹੋਇਆ। ਇਸ ਦੌਰਾਨ ਕਿਸਾਨਾਂ ਨੇ ਕਿਸਾਨ ਏਕਤਾ ਅਤੇ ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਸੰਕਲਪ ਲਿਆ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਅਤੇ ਖੇਤੀਬਾੜੀ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਕਿਸਾਨਾਂ ਦਾ ਲੋਕਤੰਤਰਿਕ ਹੱਕ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਯਾਤਰਾ ਨਾਲ ਜੁੜ ਕੇ ਕਿਸਾਨ ਏਕਤਾ ਦਾ ਪ੍ਰਗਟਾਵਾ ਕਰਨ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸ਼ੁਭਕਰਨ ਸਿੰਘ ਦੀ ਸ਼ਹੀਦੀ ਸਥਾਨ ਦੀ ਮਿੱਟੀ ਨੂੰ ਦਿੱਲੀ ਲਿਜਾਣਾ ਸਿਰਫ਼ ਇਕ ਯਾਤਰਾ ਨਹੀਂ, ਸਗੋਂ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਪ੍ਰਗਟਾਉਣ ਦਾ ਵੀ ਪ੍ਰਤੀਕ ਹੈ।
ਕਾਫ਼ਲੇ ਦੀ ਰਵਾਨਗੀ ਮੌਕੇ ਵੱਡੀ ਗਿਣਤੀ ਵਿਚ ਕਿਸਾਨ, ਨੌਜਵਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਨ। ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਦਿੱਲੀ ਵੱਲ ਕੂਚ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਸੰਪਰਕ ਕਰਕੇ ਕਿਸਾਨੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਅਤੇ ਅੰਤ ਵਿਚ ਦਿੱਲੀ ਦੇ ਜੰਤਰ ਮੰਤਰ ਵਿਖੇ ਸ਼ੁਭਕਰਨ ਸਿੰਘ ਦੇ ਸ਼ਹੀਦੀ ਸਥਾਨ ਦੀ ਮਿੱਟੀ ਪਹੁੰਚਾਈ ਜਾਵੇਗੀ।

ਪਿਛਲੀ ਖ਼ਬਰ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਸ਼੍ਰੋਮਣੀ ਅਕਾਲੀ ਦਲ (ਬ) ਨੂੰ ਖ਼ਤਮ ਕਰਨ ਲਈ - ਹਰਸਿਮਰਤ ਕੌਰ... ਅਗਲੀ ਖ਼ਬਰ ਖ਼ਾਲਸਾ ਮਾਰਚ ਦੇ ਦੂਜੇ ਪੜਾਅ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਚਾਰਕਾਂ ਦੀ ਹੋਈ ਇਕੱਤਰਤਾ