ਡੇਰਾਬੱਸੀ (ਮੋਹਾਲੀ), 16 ਅਗਸਤ- ਪੰਜਾਬ ਪੁਲਿਸ ਵਿਚ ਐਨਕਾਊਂਟਰ ਸਪੈਸ਼ਲਿਸਟ ਵਜੋਂ ਪਛਾਣ ਰੱਖਣ ਵਾਲੇ ਐੱਸ.ਪੀ. ਬਿਕਰਮਜੀਤ ਸਿੰਘ ਬਰਾੜ ਦਾ ਡੇਰਾਬੱਸੀ ਤੋਂ ਰਾਜਪੁਰਾ ਤਬਾਦਲਾ ਕਰ ਦਿੱਤਾ ਗਿਆ ਹੈ। ਨਵੀਂ ਤਾਇਨਾਤੀ ਤਹਿਤ ਉਨ੍ਹਾਂ ਨੂੰ ਰਾਜਪੁਰਾ ਸਿਟੀ ਦੇ ਨਾਲ-ਨਾਲ ਰਾਜਪੁਰਾ ਰੂਰਲ ਅਤੇ ਬਨੂੜ ਸਬ-ਡਵੀਜ਼ਨਾਂ ਦੀ ਸੁਪਰਵਿਜ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਕਈ ਵੱਡੇ ਪੁਲਿਸ ਆਪ੍ਰੇਸ਼ਨਾਂ ਦਾ ਹਿੱਸਾ ਰਹੇ ਬਰਾੜ ਦੀ ਰਾਜਪੁਰਾ ਵਿਚ ਤਾਇਨਾਤੀ ਨੂੰ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤੀ ਵਧਾਉਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਬਿਕਰਮਜੀਤ ਸਿੰਘ ਬਰਾੜ ਇਸੇ ਸਾਲ ਫਰਵਰੀ ਵਿਚ ਡੀ.ਐੱਸ.ਪੀ. ਤੋਂ ਤਰੱਕੀ ਹਾਸਿਲ ਕਰਕੇ ਐੱਸ.ਪੀ. ਬਣੇ ਸਨ। ਉਹ ਪੰਜ ਵਾਰ ਪੁਲਿਸ ਬਹਾਦਰੀ ਮੈਡਲ ਨਾਲ ਸਨਮਾਨਿਤ ਹੋ ਚੁੱਕੇ ਹਨ। ਪੰਜਾਬ ਵਿਚ ਸਰਗਰਮ ਗੈਂਗਸਟਰ ਨੈੱਟਵਰਕ ਖ਼ਿਲਾਫ਼ ਕਾਰਵਾਈਆਂ ਕਾਰਨ ਉਨ੍ਹਾਂ ਦੀ ਪਛਾਣ ਤੇਜ਼-ਤਰਾਰ ਅਤੇ ਫੀਲਡ ਵਿਚ ਸਰਗਰਮ ਪੁਲਿਸ ਅਧਿਕਾਰੀ ਵਜੋਂ ਰਹੀ ਹੈ।
ਜੁਲਾਈ 2022 ਵਿਚ ਅੰਮ੍ਰਿਤਸਰ ਦੇ ਭਕਨਾ ਇਲਾਕੇ ਵਿਚ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਖ਼ਿਲਾਫ਼ ਹੋਏ ਪੁਲਿਸ ਆਪ੍ਰੇਸ਼ਨ ਵਿਚ ਵੀ ਬਰਾੜ ਦੀ ਅਹਿਮ ਭੂਮਿਕਾ ਰਹੀ ਸੀ। ਇਸ ਤੋਂ ਪਹਿਲਾਂ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਅੰਕਿਤ ਭਾਦੂ ਖ਼ਿਲਾਫ਼ ਹੋਏ ਪੁਲਿਸ ਆਪ੍ਰੇਸ਼ਨਾਂ ਵਿਚ ਵੀ ਉਹ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਰਾਜਪੁਰਾ ਇਲਾਕਾ ਬਰਾੜ ਲਈ ਨਵਾਂ ਨਹੀਂ ਹੈ। ਸਤੰਬਰ 2024 ਵਿਚ ਉਨ੍ਹਾਂ ਦਾ ਰਾਜਪੁਰਾ ਤੋਂ ਡੇਰਾਬੱਸੀ ਤਬਾਦਲਾ ਹੋਇਆ ਸੀ ਅਤੇ ਉਸ ਸਮੇਂ ਉਨ੍ਹਾਂ ਨੇ ਡੀ.ਐੱਸ.ਪੀ. ਵਜੋਂ ਡੇਰਾਬੱਸੀ ਸਬ-ਡਵੀਜ਼ਨ ਦੀ ਕਮਾਨ ਸੰਭਾਲੀ ਸੀ। ਹੁਣ ਉਹ ਐੱਸ.ਪੀ. ਵਜੋਂ ਮੁੜ ਰਾਜਪੁਰਾ ਪਹੁੰਚੇ ਹਨ ਅਤੇ ਇਸ ਵਾਰ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਦਾਇਰਾ ਕਾਫ਼ੀ ਵੱਡਾ ਹੋਵੇਗਾ।
ਰਾਜਪੁਰਾ ਸਿਟੀ, ਰਾਜਪੁਰਾ ਰੂਰਲ ਅਤੇ ਬਨੂੜ ਦੀ ਸੁਪਰਵਿਜ਼ਨ ਮਿਲਣ ਤੋਂ ਬਾਅਦ ਗੈਂਗਸਟਰ ਗਤੀਵਿਧੀਆਂ, ਨਸ਼ਾ ਤਸਕਰੀ, ਨਾਜਾਇਜ਼ ਹਥਿਆਰਾਂ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਅਨਸਰਾਂ ਖ਼ਿਲਾਫ਼ ਪੁਲਿਸ ਕਾਰਵਾਈ ਹੋਰ ਤੇਜ਼ ਹੋਣ ਦੀ ਉਮੀਦ ਹੈ। ਬਰਾੜ ਦੇ ਪਿਛਲੇ ਫੀਲਡ ਰਿਕਾਰਡ ਨੂੰ ਦੇਖਦਿਆਂ ਉਨ੍ਹਾਂ ਦੀ ਨਵੀਂ ਤਾਇਨਾਤੀ ਨੂੰ ਗੈਂਗਸਟਰਾਂ ਅਤੇ ਹੋਰ ਅਪਰਾਧਿਕ ਅਨਸਰਾਂ ਲਈ ਸਖ਼ਤ ਸੁਨੇਹਾ ਮੰਨਿਆ ਜਾ ਰਿਹਾ ਹੈ।