ਲਹਿਰਾ ਮੁਹੱਬਤ (ਬਠਿੰਡਾ), 18 ਅਗਸਤ (ਸੁਖਪਾਲ ਸਿੰਘ ਸੁੱਖੀ)- ਪਾਵਰਕਾਮ ਵਿਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ 1800 ਤੋਂ ਵੱਧ ਆਊਟਸੋਰਸ ਠੇਕਾ ਮੁਲਾਜ਼ਮ 25 ਤੋਂ 20 ਦਿਨਾਂ ਤੋਂ ਮੁਕੰਮਲ ਕੰਮਾਂ ਦਾ ਬਾਈਕਾਟ ਕਰਕੇ ਹੜਤਾਲ ਤੇ ਚਲੇ ਜਾਣ ਨਾਲ ਅੱਜ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਚਾਰੇ ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਜੋ 920 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਜਿਸ ਦੇ ਸਟੇਜ 1 ਦੇ ਇਕ ਨੰਬਰ ਯੂਨਿਟ ਉਤਪਾਦਨ ਸਮਰੱਥਾ 210 ਮੈਗਾਵਾਟ ਕਈ ਦਿਨਾਂ ਤੋਂ ਬੰਦ ਸੀ ਤੇ ਸਟੇਜ ਦੋ ਦੇ 250 ਮੈਂਗਾਵਾਟ ਦਾ ਯੂਨਿਟ ਨੰਬਰ 4 ਵੀ ਕਿਸੇ ਤਕਨੀਕੀ ਖ਼ਰਾਬੀ ਕਾਰਨ ਪਹਿਲਾਂ ਹੀ ਬੰਦ ਸੀ।
ਜੋ ਠੇਕਾ ਮੁਲਾਜ਼ਮਾਂ ਦੀ ਘਾਟ ਕਾਰਨ ਚਲਾਏ ਨਹੀਂ ਜਾ ਸਕੇ। ਪਿਛਲੇ ਦਿਨੀਂ ਠੇਕਾ ਮੁਲਾਜ਼ਮਾਂ ਦੀ ਘਾਟ ਕਾਰਨ ਕੋਲਾ ਸਪਲਾਈ ਬੈਲਟਾਂ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ 250 ਮੈਗਾਵਾਟ ਦਾ ਯੂਨਿਟ ਨੰਬਰ 3 ਵੀ ਬੰਦ ਹੋ ਗਿਆ। ਅੱਜ ਸ਼ਾਮ ਨੂੰ ਤਿੰਨ ਯੂਨਿਟਾਂ ਦੇ ਬੰਦ ਹੋਣ ਮਗਰੋਂ ਚੱਲਦਾ ਲਹਿਰਾ ਮੁਹੱਬਤ ਦਾ ਇਕ ਯੂਨਿਟ ਵੀ ਕਿਸੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ। ਹੁਣ ਲਹਿਰਾ ਮੁਹੱਬਤ ਥਰਮਲ ਪਲਾਂਟ ਤੇ 4 ਯੂਨਿਟਾਂ ਦਾ ਬਿਜਲੀ ਉਤਪਾਦਨ ਬਿਲਕੁਲ ਠੱਪ ਹੋ ਗਿਆ ਹੈ ਤੇ ਸੂਬੇ ਦੇ ਤਿੰਨ ਸਰਕਾਰੀ ਤਾਪ ਬਿਜਲੀ ਘਰਾਂ ਦੇ 10 ਚੋਂ ਚਾਰ ਯੂਨਿਟ ਹੀ ਬਿਜਲੀ ਉਤਪਾਦਨ ਆਪਣੀ ਉਤਪਾਦਨ ਸਮਰੱਥਾ ਤੋਂ ਘੱਟ ਕੇ ਬਿਜਲੀ ਪੈਦਾਵਾਰ ਕਰ ਰਹੇ ਹਨ।