27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਾਂ ਬੋਲੀ ਪੰਜਾਬੀ ਆਪਣੇ ਘਰ ਵਿਚ ਵੀ ਹੋਈ ਪਰਾਈ, ਬੱਲੂਆਣਾ ਦੇ ਰੇਲਵੇ ਸਟੇਸ਼ਨ ਤੇ ਪੰਜਾਬੀ ਚ ਪਿੰਡ ਦੇ ਨਾਂਅ ਦੇ ਬੋਰਡਾਂ ਤੇ ਥਾਂ ਥਾਂ ਗਲਤੀਆਂ

ਬੱਲੂਆਣਾ (ਬਠਿੰਡਾ), 27 ਅਗਸਤ (ਗੁਰਨੈਬ ਸਾਜਨ) - ਪੰਜਾਬ ਦੇ ਰੇਲਵੇ ਸਟੇਸ਼ਨਾਂ ਦੇ ਨਾਵਾਂ ਨੂੰ ਪੰਜਾਬੀ ਵਿਚ ਲਿਖਣ ਲਈ ਵੱਡੀਆਂ ਗਲਤੀਆਂ ਦੇਖਣ ਨੂੰ ਮਿਲ ਰਹੀਆਂ ਹਨ। ਰੇਲਵੇ ਵਿਭਾਗ ਵਲੋਂ ਰੇਲਵੇ ਸਟੇਸ਼ਨਾਂ ਦੇ ਵੱਡੇ ਵੱਡੇ ਬੋਰਡਾਂ 'ਤੇ ਪਿੰਡਾਂ ਦੇ ਨਾਂਅ...

ਅਜੀਤ ਡੈਸਕ 27-08-2026

ਬੱਲੂਆਣਾ (ਬਠਿੰਡਾ), 27 ਅਗਸਤ (ਗੁਰਨੈਬ ਸਾਜਨ) - ਪੰਜਾਬ ਦੇ ਰੇਲਵੇ ਸਟੇਸ਼ਨਾਂ ਦੇ ਨਾਵਾਂ ਨੂੰ ਪੰਜਾਬੀ ਵਿਚ ਲਿਖਣ ਲਈ ਵੱਡੀਆਂ ਗਲਤੀਆਂ ਦੇਖਣ ਨੂੰ ਮਿਲ ਰਹੀਆਂ ਹਨ। ਰੇਲਵੇ ਵਿਭਾਗ ਵਲੋਂ ਰੇਲਵੇ ਸਟੇਸ਼ਨਾਂ ਦੇ ਵੱਡੇ ਵੱਡੇ ਬੋਰਡਾਂ 'ਤੇ ਪਿੰਡਾਂ ਦੇ ਨਾਂਅ ਗਲਤ ਦਰਜ ਕੀਤੇ ਗਏ ਹਨ। ਕੇਂਦਰ ਸਰਕਾਰ ਵਲੋਂ ਰੇਲਵੇ ਸਟੇਸ਼ਨਾਂ 'ਤੇ ਤਾਇਨਾਤ ਅਮਲਾ ਵੀ ਭਾਰਤ ਦੇ ਦੂਜੇ ਸੂਬਿਆਂ ਦਾ ਹੋਣ ਕਰਕੇ ਉਹ ਪੰਜਾਬੀ ਬੋਲੀ, ਨਾ ਸਮਝ 'ਤੇ ਨਾ ਹੀ ਲਿਖ ਸਕਦਾ ਹੈ। ਰੋਜ਼ਾਨਾ ਅਜੀਤ ਦੇ ਪੱਤਰਕਾਰ ਨੇ ਜਦੋਂ ਬੱਲੂਆਣਾ ਰੇਲਵੇ ਸਟੇਸ਼ਨ ਦਾ ਨਾਂਅ ਪੰਜਾਬੀ ਵਿਚ  ਥਾਂ ਥਾਂ ਗਲਤ ਦਰਜ ਕਰਨ ਬਾਰੇ ਰੇਲਵੇ ਕਰਮਚਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵਲੋਂ ਮਹੀਨਾ ਪਹਿਲਾਂ ਹੀ ਸਟੇਸ਼ਨ ਦੇ ਕਈ ਬੋਰਡਾਂ 'ਤੇ ਸਟੇਸ਼ਨ ਦਾ ਨਾਂਅ ਲਿਖਿਆ ਗਿਆ ਹੈ।  ਪਰ ਸਾਨੂੰ ਪੰਜਾਬੀ ਲਿਖਣੀ, ਪੜ੍ਹਨੀ ਅਤੇ ਸਮਝਣੀ ਹੀ ਨਹੀਂ ਆਉਂਦੀ, ਜਿਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਸਟੇਸ਼ਨ ਦਾ ਨਾਂਅ ਲਿਖਣ ਵਿਚ ਗਲਤੀਆਂ ਕਰਕੇ ਗਏ ਹਨ। ਇਹ ਸਿਰਫ ਤੁਸੀਂ ਹੀ ਧਿਆਨ ਵਿਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰੇਲਵੇ ਵਿਭਾਗ ਦੇ ਧਿਆਨ ਵਿਚ ਬੱਲੂਆਣਾ ਰੇਲਵੇ ਸਟੇਸ਼ਨ ਦਾ ਗਲਤ ਨਾਂਅ ਲਿਆਵਾਂਗੇ। ਜਦੋਂ ਕਿ ਪਿੰਡ ਦੇ ਕਿਸੇ ਵੀ ਮੋਹਤਬਰ ਜਾਂ ਯਾਤਰੀ ਨੇ ਇਨ੍ਹਾਂ ਗਲਤੀਆਂ ਵੱਲ ਕਦੇ ਵੀ ਸਾਡਾ ਧਿਆਨ ਨਹੀਂ ਦਿਵਾਇਆ।  ਰੇਲਵੇ ਕਰਮਚਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦਾ ਨਾਂਅ ਲਿਖਣ ਲਈ ਗੂਗਲ ਦੀ ਵਰਤੋਂ ਕੀਤੀ ਜਾਂਦੀ ਹੈ,ਗੂਗਲ 'ਤੇ ਜਿਵੇਂ ਅੰਗਰੇਜ਼ੀ ਵਿਚ ਨਾਂਅ ਲਿਖਿਆ ਜਾਂਦਾ ਹੈ, ਉਸ ਤਰ੍ਹਾਂ ਹੀ ਹਿੰਦੀ ਤੇ ਪੰਜਾਬੀ ਦੇ ਸ਼ਬਦ ਵਰਤੇ ਜਾਂਦੇ ਹਨ।  ਇਥੋਂ ਪਤਾ ਚਲਦਾ ਹੈ ਕਿ ਮਾਂ ਬੋਲੀ ਪੰਜਾਬੀ ਨਾਲ ਕਿੰਨਾ ਵਿਤਕਰਾ ਕੀਤਾ ਜਾਂਦਾ ਹੈ ਕਿ ਗੂਗਲ ਵੀ ਮਾਂ ਬੋਲੀ ਪੰਜਾਬੀ ਦੇ ਸ਼ਬਦ ਸਹੀ ਢੰਗ ਨਾਲ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਲਿਖਣ ਲਈ ਮਦਦ ਨਹੀਂ ਕਰ ਰਿਹਾ ।
 ਇਸ ਸੰਬੰਧੀ ਕੀਰਤੀ ਕ੍ਰਿਪਾਲ ਜ਼ਿਲ੍ਹਾ ਭਾਸ਼ਾ ਵਿਭਾਗ ਅਫ਼ਸਰ ਦੇ ਧਿਆਨ ਵਿਚ ਜਦੋਂ ਇਹ ਮਾਮਲਾ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਅਸੀ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਲਾਗੂ ਕਰਨ ਬਾਰੇ ਅਫ਼ਸਰਾਂ ਨੂੰ ਹਦਾਇਤ ਕਰਦੇ ਹਾਂ। ਪਰ ਪਿੰਡਾਂ ਦੇ ਰੇਲਵੇ ਸਟੇਸ਼ਨਾਂ 'ਤੇ ਕਦੇ ਵੀ ਨਹੀਂ ਗਏ, ਜਿਸ ਕਰਕੇ ਇਹ ਮਾਮਲਾ ਸਾਡੇ ਧਿਆਨ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਮੋਹਤਬਰ ਤੇ ਆਮ ਨਾਗਰਿਕਾਂ ਦਾ ਵੀ ਫਰਜ਼ ਬਣਦਾ ਹੈ ਕਿ ਮਾਂ ਬੋਲੀ ਪੰਜਾਬੀ ਵਿਚ ਜੇਕਰ ਅਜਿਹੀਆਂ ਗਲਤੀਆਂ ਹੋ ਰਹੀਆਂ ਹਨ ਤਾਂ ਉਨ੍ਹਾਂ ਬਾਰੇ ਸਾਡੇ ਧਿਆਨ ਵਿਚ ਲਿਆਂਦਾ ਜਾ ਸਕਦਾ ਹੈ।ਪਿੰਡ ਦੇ ਸਰਪੰਚ ਸੁਖਰਾਜ ਸਿੰਘ ਸਰਾਂ ਨੇ ਦੱਸਿਆ ਕਿ ਉਹ ਕਦੇ ਰੇਲਵੇ ਸਟੇਸ਼ਨ 'ਤੇ ਗਏ ਹੀ ਨਹੀਂ, ਉਹ ਇਸ ਪਾਸੇ ਧਿਆਨ ਦੇਣਗੇ।

ਪਿਛਲੀ ਖ਼ਬਰ ਕਿਸ਼ਨਗੜ੍ਹ ਚੌਂਕ 'ਚ ਪੁਲਿਸ ਚੌਂਕੀ ਦੇ ਇੰਚਾਰਜ ਖ਼ਿਲਾਫ਼ ਧਰਨਾ ਪ੍ਰਦਰਸ਼ਨ 28 ਅਗਸਤ ਨੂੰ 11 ਵਜੇ ਤੋਂ ਅਗਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ