06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲਹਿੰਦੇ ਪੰਜਾਬ ਨੂੰ ਭਾਰਤ ਨਾਲੋਂ ਆਪਣੇ ਗੁਆਂਢੀ ਸੂਬਿਆਂ ਤੋਂ ਵੱਧ ਖ਼ਤਰਾ-ਮਰੀਅਮ ਨਵਾਜ਼

ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਇਕ ਬਿਆਨ ਨੇ ਪਾਕਿਸਤਾਨ ਦੇ ਸਿਆਸੀ ਗਲਿਆਰਿਆਂ ’ਚ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਲਾਹੌਰ ’ਚ ਪ੍ਰੋਵਿੰਸ਼ੀਅਲ ਇੰਟੈਲੀਜੈਂਸ ਫਿਊਜ਼ਨ ਐਂਡ ਥ੍ਰੈਟ ਅਸੈਸਮੈਂਟ ਸੈਂਟਰ ਦੇ ...

ਅਜੀਤ ਡੈਸਕ 07-09-2026

ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਇਕ ਬਿਆਨ ਨੇ ਪਾਕਿਸਤਾਨ ਦੇ ਸਿਆਸੀ ਗਲਿਆਰਿਆਂ ’ਚ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਲਾਹੌਰ ’ਚ ਪ੍ਰੋਵਿੰਸ਼ੀਅਲ ਇੰਟੈਲੀਜੈਂਸ ਫਿਊਜ਼ਨ ਐਂਡ ਥ੍ਰੈਟ ਅਸੈਸਮੈਂਟ ਸੈਂਟਰ ਦੇ ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਪਾਕਿ ਦੇ ਪੰਜਾਬ ਸੂਬੇ ਨੂੰ ਗੁਆਂਢੀ ਦੇਸ਼ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੇ ਹੀ ਆਪਣੇ ਗੁਆਂਢੀ ਸੂਬਿਆਂ ਤੋਂ ਜ਼ਿਆਦਾ ਖ਼ਤਰਾ ਹੈ। ਮਰੀਅਮ ਨਵਾਜ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਲਹਿੰਦੇ ਪੰਜਾਬ ’ਚ ਅੱਤਵਾਦ ਪਾਕਿ ਵਿਚਲੇ ਹੀ ਇਸ ਦੇ ਆਪਣੇ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ।

ਜ਼ਿਕਰਯੋਗ ਹੈ ਕਿ ਲਹਿੰਦੇ ਪੰਜਾਬ ਦੀ ਪੂਰਬੀ ਸਰਹੱਦ ਭਾਰਤ ਨਾਲ ਲੱਗਦੀ ਹੈ, ਜਦਕਿ ਦੂਜੀਆਂ ਹੱਦਾਂ ਸਿੰਧ, ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਸੂਬਿਆਂ ਨਾਲ ਜੁੜਦੀਆਂ ਹਨ। ਇਸ ਦੌਰਾਨ ਖ਼ੈਬਰ ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਸੁਹੇਲ ਅਫ਼ਰੀਦੀ ਨੇ ਦੋਸ਼ ਲਗਾਇਆ ਹੈ ਕਿ ਮਰੀਅਮ ਨਵਾਜ਼ ਦੇ ਇਸ ਬਿਆਨ ਨੇ ਕੌਮਾਂਤਰੀ ਪੱਧਰ ’ਤੇ ਅੱਤਵਾਦ ਵਿਰੁੱਧ ਪਾਕਿ ਦੇ ਪੱਖ ਨੂੰ ਕਮਜ਼ੋਰ ਕੀਤਾ ਹੈ। ਨੈਸ਼ਨਲ ਅਸੈਂਬਲੀ ਦੇ ਸਾਬਕਾ ਸਪੀਕਰ ਅਸਦ ਕੈਸਰ ਨੇ ਕਿਹਾ ਕਿ ਖ਼ੈਬਰ ਪਖਤੂਨਖਵਾ ਦੇ ਲੋਕਾਂ ਤੇ ਪੁਲਿਸ ਨੇ ਦਹਾਕਿਆਂ ਤੋਂ ਅੱਤਵਾਦ ਖ਼ਿਲਾਫ਼ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।

ਸਾਬਕਾ ਸੰਸਦ ਮੈਂਬਰ ਮੋਹਸਿਨ ਡਾਵਰ ਨੇ ਇਲਜ਼ਾਮ ਲਗਾਇਆ ਕਿ ਅੱਤਵਾਦ ਪੰਜਾਬੀ ਉੱਚ-ਵਰਗ ਦੀਆਂ ਨੀਤੀਆਂ ਦੀ ਹੀ ਪੈਦਾਇਸ਼ ਹੈ। ਬਲੋਚਿਸਤਾਨ ਤੋਂ ਪੀ. ਪੀ. ਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਦੇ ਸੰਸਦੀ ਮੈਂਬਰ ਨਵਾਬਜ਼ਾਦਾ ਜਮਾਲ ਖ਼ਾਨ ਰਈਸਾਨੀ ਨੇ ਕਿਹਾ ਕਿ ਲਹਿੰਦੇ ਪੰਜਾਬ ਨੂੰ ਗੁਆਂਢੀ ਸੂਬਿਆਂ ਜਾਂ ਉੱਥੋਂ ਦੇ ਲੋਕਾਂ ਤੋਂ ਖ਼ਤਰਾ ਨਹੀਂ, ਸਗੋਂ ਮਰੀਅਮ ਨਵਾਜ਼ ਦੀ ਸੋਚ ਤੋਂ ਖ਼ਤਰਾ ਹੈ। ਸਾਬਕਾ ਸੰਘੀ ਮੰਤਰੀ ਮੁਸ਼ਾਹਿਦ ਹੁਸੈਨ ਸੱਯਦ ਨੇ ਮਰੀਅਮ ਨਵਾਜ਼ ਦੇ ਇਸ ਬਿਆਨ ਨੂੰ ਹੰਕਾਰ ਤੇ ਵੰਡਪਾਊ ਸੋਚ ਦਾ ਪ੍ਰਤੀਕ ਦੱਸਿਆ, ਜਿੱਥੇ ਗੁਆਂਢੀ ਦੇਸ਼ ਨੂੰ ਕਲੀਨ ਚਿੱਟ ਦੇ ਕੇ ਆਪਣੇ ਹੀ ਸੂਬਿਆਂ ’ਤੇ ਦੋਸ਼ ਮੜ੍ਹ ਦਿੱਤਾ ਗਿਆ।

 

ਪਿਛਲੀ ਖ਼ਬਰ ਅੱਜ ਭਾਰਤ ’ਚ ਵਿਰੋਧੀ ਧਿਰ ‘ਨਾਰਾਜ਼ ਫੁੱਫੜ’ ਵਾਂਗ ਹੈ-ਨਿਤਿਨ ਨਬੀਨ ਅਗਲੀ ਖ਼ਬਰ ਮੋਦੀ ਸਰਕਾਰ ਜਾਣਬੁੱਝ ਕੇ ਇਸਰੋ ਦੀ ਭੂਮਿਕਾ ਨੂੰ ਸੀਮਿਤ ਕਰ ਰਹੀ ਹੈ-ਕਾਂਗਰਸ