27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਯੂਨੀਵਰਸਲ ਪੀਸ ਫੈਡਰੇਸ਼ਨ ਯੂ.ਐੱਸ.ਏ ਵਲੋਂ ਡਾ. ਐੱਸ.ਪੀ. ਸਿੰਘ ਉਬਰਾਏ 'ਅੰਬੈਸਡਰ ਫ਼ਾਰ ਪੀਸ' ਐਵਾਰਡ ਨਾਲ ਸਨਮਾਨਿਤ

ਅਜਨਾਲਾ (ਅੰਮ੍ਰਿਤਸਰ), 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਆਪਣੀ ਨਿਵੇਕਲੀ ਸੇਵਾ ਕਾਰਜ ਸ਼ੈਲੀ ਕਾਰਨ ਪੂਰੀ ਦੁਨੀਆਂ...

ਅਜੀਤ ਡੈਸਕ 27-09-2026

ਅਜਨਾਲਾ (ਅੰਮ੍ਰਿਤਸਰ), 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਆਪਣੀ ਨਿਵੇਕਲੀ ਸੇਵਾ ਕਾਰਜ ਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ ਮਨੁੱਖਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਉਬਰਾਏ ਨੂੰ ਡੀ.ਸੀ. ਵਾਸ਼ਿੰਗਟਨ ਅਮਰੀਕਾ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਯੂਨੀਵਰਸਲ ਪੀਸ ਫੈਡਰੇਸ਼ਨ (ਯੂ.ਪੀ.ਐੱਫ.) ਵਲੋਂ  'ਅੰਬੈਸਡਰ ਫ਼ਾਰ ਪੀਸ' ਨਾਮੀ ਵਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।

ਇਸ ਸਬੰਧੀ ਅੱਜ ਇੱਥੇ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਟਰੱਸਟ ਦੇ ਬੁਲਾਰੇ ਮਨਪ੍ਰੀਤ ਸਿੰਘ ਸੰਧੂ ਚਮਿਆਰੀ ਨੇ ਦੱਸਿਆ ਕਿ ਡਾ. ਉਬਰਾਏ ਨੂੰ ਇਹ ਐਵਾਰਡ ਯੂਨੀਵਰਸਲ ਪੀਸ ਫੈਡਰੇਸ਼ਨ ਯੂ.ਐੱਸ.ਏ. ਦੀ ਵਾਈਸ ਪ੍ਰੈਜ਼ੀਡੈਂਟ ਟੋਮੀਕੋ ਦੁਗਾਨ ਵਲੋਂ ਉਨ੍ਹਾਂ ਦੀਆਂ ਬਿਨ੍ਹਾਂ ਕਿਸੇ ਸਵਾਰਥ ਤੋਂ ਲੋੜਵੰਦ ਲੋਕਾਂ ਲਈ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਨਾਲ-ਨਾਲ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜਾਂ ਵਿਚ ਹਮੇਸ਼ਾ ਕੀਤੀ ਜਾਂਦੀ ਪਹਿਲਕਦਮੀ ਅਤੇ ਸਮਾਜ ਭਲਾਈ ਦੇ ਹੋਰਨਾਂ ਅਨੇਕਾਂ ਹੀ ਖੇਤਰ ਵਿਚ ਨਿਰੰਤਰ ਪਾਏ ਜਾ ਰਹੇ ਬੇਮਿਸਾਲ ਯੋਗਦਾਨ ਲਈ ਭੇਟ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਕਤ ਸਮਾਗਮ ਨੂੰ ਸੰਬੋਧਨ ਕਰਦਿਆਂ ਟੋਮੀਕੋ ਦੁਗਾਨ ਨੇ ਡਾ. ਉਬਰਾਏ ਨੂੰ ''ਭਾਈਚਾਰੇ ਦਾ ਅਨਮੋਲ ਹੀਰਾ'' ਕਰਾਰ ਦਿੰਦਿਆਂ ਕਿਹਾ ਕਿ ਡਾ. ਉਬਰਾਏ ਦੀਆਂ ਨਿਰਸਵਾਰਥ ਸੇਵਾਵਾਂ ਨੇ ਅਣਗਿਣਤ ਲੋਕਾਂ ਦੀ ਜ਼ਿੰਦਗੀ ਵਿਚ ਆਸ ਦੀ ਕਿਰਨ ਜਗਾਈ ਹੈ। ਉਨ੍ਹਾਂ ਇਹ ਵੀ ਵਿਸ਼ਵਾਸ ਪ੍ਰਗਟਾਇਆ ਕਿ ਯੂਨੀਵਰਸਲ ਪੀਸ ਫੈਡਰੇਸ਼ਨ ਨਾਲ ਡਾ.ਉਬਰਾਏ ਦੀ ਇਹ ਸਾਂਝ ਸ਼ਾਂਤੀ, ਏਕਤਾ, ਆਪਸੀ ਸਤਿਕਾਰ ਅਤੇ ਮਨੁੱਖੀ ਭਲਾਈ ਦੇ ਵਿਸ਼ਵ-ਵਿਆਪੀ ਮਿਸ਼ਨ ਨੂੰ ਹੋਰ ਵੀ ਮਜ਼ਬੂਤ ਕਰੇਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈਚਾਰੇ ਦੀਆਂ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਡਾ.ਐੱਸ.ਪੀ. ਸਿੰਘ ਉਬਰਾਏ ਨੂੰ ਇਸ ਅਵਾਰਡ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ 'ਅੰਬੈਸਡਰ ਫ਼ਾਰ ਪੀਸ' ਦਾ ਸਨਮਾਨ ਉਨ੍ਹਾਂ ਦੀਆਂ ਸਮਾਜ ਭਲਾਈ ਨੂੰ ਸਮਰਪਿਤ ਨਿਰਸਵਾਰਥ ਸੇਵਾਵਾਂ ਦੀ ਯੋਗ ਪਛਾਣ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਡਾ.ਉਬਰਾਏ ਵਲੋਂ ਹੱਦਾਂ-ਸਰਹੱਦਾਂ ਤੋਂ ਉੱਪਰ ਉੱਠ ਕੇ ਬਿਨ੍ਹਾਂ ਕਿਸੇ ਧਰਮ, ਜਾਤ ਜਾਂ ਰੰਗ ਦੇ ਭੇਦ ਭਾਵ ਤੋਂ ਹਜ਼ਾਰਾਂ ਹੀ ਲੋੜਵੰਦ ਬਜ਼ੁਰਗਾਂ, ਵਿਦਿਆਰਥੀਆਂ ਦੀ ਪੜ੍ਹਾਈ, ਗਰੀਬ ਪਰਿਵਾਰਾਂ ਲਈ ਸਿਹਤ ਸਹੂਲਤਾਂ, ਮੁਸੀਬਤ ਵਿਚ ਫਸੇ ਲੋਕਾਂ ਦੀ ਸਹਾਇਤਾ, ਵਿਦੇਸ਼ਾਂ 'ਚ ਜਾਨ ਗਵਾਉਣ ਵਾਲੇ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਉਣ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਕੀਤੇ ਜਾਣ ਵਾਲੇ ਵੱਡੇ ਰਾਹਤ ਕਾਰਜਾਂ ਦੀ ਬਦੌਲਤ ਦੁਨੀਆਂ ਭਰ ਵਿਚ ਡਾ.ਉਬਰਾਏ ਨੂੰ ਹਰ ਖ਼ਿੱਤੇ ਦੇ ਲੋਕਾਂ ਵਲੋਂ ਸਤਿਕਾਰਦਿਆਂ ਜਾਂਦੇ ਹੈ,ਜੋ ਸਾਡੇ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੈ।

ਬੁਲਾਰੇ ਅਨੁਸਾਰ ਡਾ. ਉਬਰਾਏ ਨੇ ਇਸ ਵਕਾਰੀ ਸਨਮਾਨ ਅਤੇ ਨਿੱਘੇ ਸਵਾਗਤ ਲਈ ਯੂਨੀਵਰਸਲ ਪੀਸ ਫੈਡਰੇਸ਼ਨ ਅਤੇ ਭਾਈਚਾਰੇ ਦੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਨੁੱਖਤਾ ਦੀ ਸੇਵਾ ਅਤੇ ਵਿਸ਼ਵ ਸ਼ਾਂਤੀ ਦੇ ਆਪਣੇ ਮਿਸ਼ਨ ਨੂੰ ਹੋਰ ਸਮਰਪਣ ਨਾਲ ਅੱਗੇ ਵੀ ਜਾਰੀ ਰੱਖਣਗੇ। ਸਮਾਗਮ ਦੌਰਾਨ ਉਪਰੋਕਤ ਤੋਂ ਇਲਾਵਾ ਡਾ.ਸੁਰਿੰਦਰ ਸਿੰਘ ਗਿੱਲ ਚੇਅਰਮੈਨ ਇੰਟਰਨੈਸ਼ਨਲ ਫੋਰਮ ਯੂ.ਐੱਸ.ਏ, ਡਾ.ਦਵਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖ ਆਫ਼ ਪੰਜਾਬੀ ਕਲੱਬ ਮੈਰੀਲੈਂਡ, ਕੇ.ਕੇ. ਸਿੱਧੂ ਸੰਸਥਾਪਕ ਪੰਜਾਬੀ ਕਲੱਬ ਮੈਰੀਲੈਂਡ, ਰਣਜੀਤ ਚਹਿਲ ਸਕੱਤਰ ਪੰਜਾਬੀ ਕਲੱਬ, ਗੁਰਚਰਨ ਸਿੰਘ ਗੁਰੂ ਪ੍ਰਧਾਨ ਵਰਲਡ ਯੂਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ, ਜਗਵਿੰਦਰ ਸਿੰਘ, ਡਾ.ਕਰੀਨਾ ਹੂ ਪੇਟੈਂਟ-ਇਨ-ਚੀਫ਼ ਇੰਟਰਨੈਸ਼ਨਲ ਫੋਰਮ ਯੂ.ਐੱਸ.ਏ, ਨੌਨਿਹਾਲ ਸਿੰਘ, ਨਿਰਪਜੀਤ ਸਿੰਘ, ਰਣਜੀਤ ਰਾਣਾ, ਰਾਇਲ ਤਾਜ ਦੇ ਮਾਲਕ ਜਸਵਿੰਦਰ ਸਿੰਘ ਅਤੇ ਲਲਿਤ ਝਾਅ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਪਟਿਆਲਾ ਦਿਹਾਤੀ ਤੇ ਸ਼ਹਿਰੀ 'ਚ ‘ਆਪ’ ਦੀ ਅਗਲੀ ਖ਼ਬਰ ਗੋਆ ਘੁੰਮਣ ਗਏ ਨੌਜਵਾਨ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ