ਨਵੀਂ ਦਿੱਲੀ, 3 ਅਕਤੂਬਰ (ਪੀ.ਟੀ.ਆਈ.)- ਏਅਰ ਚੀਫ਼ ਸਟਾਫ, ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਕਿਹਾ ਕਿ ਤੇਜਸ ਲੜਾਕੂ ਜਹਾਜ਼ਾਂ ਨੂੰ ਸ਼ਾਮਿਲ ਕਰਨ ਵਿਚ ਬਹੁਤ ਜ਼ਿਆਦਾ ਦੇਰੀ ਭਾਰਤੀ ਹਵਾਈ ਸੈਨਾ ਲਈ ਨੁਕਸਾਨਦੇਹ ਸਾਬਤ ਹੋ ਰਹੀ ਹੈ। ਅਜਿਹੇ ਸਮੇਂ ਜਦੋਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਹਵਾਈ ਤਾਕਤ ਬਹੁਤ ਮਹੱਤਵਪੂਰਨ ਹੁੰਦੀ ਜਾ ਰਹੀ ਹੈ, ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਦੇ ਸਕੁਐਡਰਨਾਂ ਦੀ ਗਿਣਤੀ ਘੱਟ ਰਹੀ ਹੈ।
ਹਵਾਈ ਸੈਨਾ ਦਿਵਸ ਤੋਂ ਪਹਿਲਾਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਹਵਾਈ ਸੈਨਾ ਮੁਖੀ ਨੇ ਇਹ ਵੀ ਕਿਹਾ ਕਿ ਸੈਨਾ ਨੂੰ ਅਗਲੇ ਕੁਝ ਸਾਲਾਂ ਲਈ ਹਰ ਸਾਲ ਘੱਟੋ-ਘੱਟ 36-40 ਲੜਾਕੂ ਜਹਾਜ਼ਾਂ ਦੀ ਲੋੜ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਦੇਸ਼ ’ਚ ਬਣੇ ਤੇਜਸ ਮਾਰਕ-1ਏ ਜਹਾਜ਼ਾਂ ਤੇ ‘ਮਲਟੀ-ਰੋਲ ਫਾਈਟਰ ਏਅਰਕ੍ਰਾਫਟ’ ਪ੍ਰੋਗਰਾਮ ਤਹਿਤ ਖ਼ਰੀਦੇ ਜਾਣ ਵਾਲੇ ਰਾਫੇਲ ਲੜਾਕੂ ਜਹਾਜ਼ਾਂ ਦੇ ਸ਼ਾਮਲ ਹੋਣ ਨਾਲ ਸਥਿਤੀ ’ਚ ਸੁਧਾਰ ਹੋਵੇਗਾ।