ਰੂਪਨਗਰ, 6 ਅਕਤੂਬਰ (ਸਤਨਾਮ ਸਿੰਘ ਸੱਤੀ/ਵਰੁਣ ਲਾਂਬਾ) - ਰੋਪੜ ਅਨਾਜ ਮੰਡੀ ਦੇ ਬਾਹਰ ਕਿਸਾਨਾਂ ਨੇ ਸੈਲਰ ਮਾਲਕਾਂ ਵਲੋਂ ਹਾਈਬ੍ਰਿਡ ਝੋਨੇ ’ਤੇ ਕਥਿਤ ਤੌਰ ’ਤੇ 5 ਕਿਲੋ ਪ੍ਰਤੀ ਕੁਇੰਟਲ ਕੱਟ ਲਗਾਉਣ ਦੇ ਵਿਰੋਧ ਵਿਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਕਹਿਣ ’ਤੇ ਉਨ੍ਹਾਂ ਵਲੋਂ ਹਾਈਬ੍ਰਿਡ ਝੋਨੇ ਦੀ ਬਿਜਾਈ ਕੀਤੀ ਗਈ ਸੀ। ਹੁਣ ਸੈਲਰ ਮਾਲਕ 5 ਕਿਲੋ ਪ੍ਰਤੀ ਕੁਇੰਟਲ ਕੱਟ ਲਗਾਉਣ ਦੀ ਸ਼ਰਤ ’ਤੇ ਹੀ ਫ਼ਸਲ ਖ਼ਰੀਦਣ ਦੀ ਗੱਲ ਕਰ ਰਹੇ ਹਨ। ਕਿਸਾਨਾਂ ਨੇ ਇਸ ਨੂੰ ਉਨ੍ਹਾਂ ਦੀ ਸਿੱਧੀ ਲੁੱਟ ਕਰਾਰ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਇਹ ਕੱਟ ਬਰਦਾਸ਼ਤ ਨਹੀਂ ਕਰਨਗੇ।
ਕਿਸਾਨ ਆਗੂ ਤਰਨਵੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ 17 ਤਰੀਕ ਤੋਂ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਅਤੇ ਚਾਰਾਂ ਖ਼ਰੀਦ ਏਜੰਸੀਆਂ ਕੋਲ ਇਹ ਮਾਮਲਾ ਉਠਾ ਰਹੇ ਹਨ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਜੇਕਰ ਜਲਦ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਹਾਈਬ੍ਰਿਡ ਝੋਨਾ ਸਰਕਾਰ ਦੀ ਸਹਿਮਤੀ ਨਾਲ ਬੀਜਿਆ ਗਿਆ ਸੀ ਅਤੇ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਦੀ ਫ਼ਸਲ ਦੀ ਬਿਨਾਂ ਕਿਸੇ ਕੱਟ ਦੇ ਖ਼ਰੀਦ ਯਕੀਨੀ ਬਣਾਈ ਜਾਵੇ। ਉਨ੍ਹਾਂ ਮੰਡੀ ਵਿਚ ਪਈ ਪੁਰਾਣੀ ਫ਼ਸਲ ਅਤੇ ਲਿਫਟਿੰਗ ਵਿਚ ਦੇਰੀ ਨੂੰ ਲੈ ਕੇ ਵੀ ਸਵਾਲ ਚੁੱਕੇ।
ਪ੍ਰਸ਼ਾਸਨ ਵਲੋਂ ਮੰਡੀ ਵਿਚੋਂ ਝੋਨੇ ਦੀ ਲਿਫਟਿੰਗ ਸ਼ੁਰੂ ਕਰਵਾਉਣ ਲਈ ਗੱਡੀਆਂ ਭੇਜਣ ਦੀ ਗੱਲ ਕਹੀ ਗਈ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਵਲੋਂ ਅਗਲੇ ਫ਼ੈਸਲੇ ਲਈ ਮੀਟਿੰਗ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਸੀ।
ਤਾਜ਼ਾ ਖ਼ਬਰਾਂ
Free
ਕਿਸਾਨਾਂ ਨੇ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਕੀਤਾ ਜਾਮ
ਰੂਪਨਗਰ, 6 ਅਕਤੂਬਰ (ਸਤਨਾਮ ਸਿੰਘ ਸੱਤੀ/ਵਰੁਣ ਲਾਂਬਾ) - ਰੋਪੜ ਅਨਾਜ ਮੰਡੀ ਦੇ ਬਾਹਰ ਕਿਸਾਨਾਂ ਨੇ ਸੈਲਰ ਮਾਲਕਾਂ ਵਲੋਂ ਹਾਈਬ੍ਰਿਡ ਝੋਨੇ ’ਤੇ ਕਥਿਤ ਤੌਰ ’ਤੇ 5 ਕਿਲੋ ਪ੍ਰਤੀ ਕੁਇੰਟਲ...
ਅਜੀਤ ਡੈਸਕ
06-10-2026