ਮਾਛੀਵਾੜਾ ਸਾਹਿਬ (ਲੁਧਿਆਣਾ), 10 ਅਕਤੂਬਰ (ਰਾਜਦੀਪ ਸਿੰਘ ਅਲਬੇਲਾ) - ਅੱਜ ਸਵੇਰੇ ਸਮਰਾਲਾ ਮਾਰਗ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮਾਛੀਵਾੜਾ ਮੀਆਂ ਮੁਹੱਲਾ ਦੇ ਵਾਸੀ ਬਜ਼ੁਰਗ ਗੁਰਦੀਪ ਸਿੰਘ ਉਮਰ 82 ਸਾਲ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਬੀਮਾਰ ਰਹਿ ਰਿਹਾ ਸੀ ਜੋ ਕਿਡਨੀ ਦੀ ਬੀਮਾਰੀ ਨਾਲ ਲੜ ਰਿਹਾ ਸੀ। ਅੱਜ ਸਵੇਰੇ ਉਹ ਕਾਰ ਰਾਹੀਂ ਆਪਣੀ ਲੜਕੀ ਨੂੰ ਨਾਲ ਲੈ ਕੇ ਹਸਪਤਾਲ ਵਿਚ ਡਾਇਲਸਿਸ ਕਰਵਾਉਣ ਜਾ ਰਿਹਾ ਸੀ ਕਿ ਸਾਹਮਣੇ ਸਮਰਾਲਾ ਤੋਂ ਆ ਰਹੀ ਕਾਰ ਨਾਲ ਸਿੱਧੀ ਟੱਕਰ ਹੋ ਗਈ।
ਇਸ ਹਾਦਸੇ ਵਿਚ ਗੁਰਦੀਪ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਖੰਨਾ ਹਸਪਤਾਲ ਲਿਆਂਦਾ ਗਿਆ। ਖੰਨਾ ਵਿਖੇ ਉਸਦੀ ਹਾਲਤ ਗੰਭੀਰ ਦੇਖਦਿਆਂ ਰੈਫ਼ਰ ਕਰ ਦਿੱਤਾ ਗਿਆ ਪਰ ਸ਼ਾਮ ਨੂੰ ਜਖ਼ਮਾਂ ਦੀ ਤਾਬ ਨਾ ਝੱਲਦੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਵਲੋਂ ਹਾਦਸਾਗ੍ਰਸਤ ਦੋਵੇਂ ਕਾਰਾਂ ਨੂੰ ਕਬਜ਼ੇ ਵਿਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਰਗਟ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਉਪਰੰਤ ਕਾਰ ਚਾਲਕ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਹਾਦਸੇ ਵਿਚ ਮ੍ਰਿਤਕ ਗੁਰਦੀਪ ਸਿੰਘ ਦੀ ਧੀ ਸੇਵਾਮੁਕਤ ਲੈਕਚਰਾਰ ਰਵਿੰਦਰ ਕੌਰ ਪਿੰਕੀ ਦੇ ਵੀ ਸੱਟਾਂ ਲੱਗੀਆਂ ਜੋ ਕਿ ਇਲਾਜ ਲਈ ਹਸਪਤਾਲ ਦਾਖਲ ਹੈ। ਸਵ. ਗੁਰਦੀਪ ਸਿੰਘ ਦਾ ਭਲਕੇ 11 ਅਕਤੂਬਰ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਅੰਤਿਮ ਸੰਸਕਾਰ ਮਾਛੀਵਾੜਾ ਦੇ ਸਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।