21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਤਿੰਨ ਕਾਰਾਂ ਦੀ ਟੱਕਰ 'ਚ ਲਾਅ ਦੀ ਵਿਦਿਆਰਥਣ ਦੀ ਮੌਤ, ਮਾਪੇ ਤੇ ਭਰਾ ਗੰਭੀਰ ਜ਼ਖ਼ਮੀ

ਭਵਾਨੀਗੜ੍ਹ (ਸੰਗਰੂਰ), 21 ਅਕਤੂਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) - ਪਿੰਡ ਘਰਾਚੋਂ ਵਿਖੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਸੁਨਾਮ-ਭਵਾਨੀਗੜ੍ਹ...

ਅਜੀਤ ਡੈਸਕ 21-10-2026

ਭਵਾਨੀਗੜ੍ਹ (ਸੰਗਰੂਰ), 21 ਅਕਤੂਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) - ਪਿੰਡ ਘਰਾਚੋਂ ਵਿਖੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਸੁਨਾਮ-ਭਵਾਨੀਗੜ੍ਹ ਮੁਖ ਸੜਕ ’ਤੇ ਅੱਜ ਸਵੇਰੇ ਤਿੰਨ ਕਾਰਾਂ ਵਿਚਕਾਰ ਹੋਏ ਸੜਕ ਹਾਦਸੇ ਵਿਚ 22 ਸਾਲਾ ਲਾਅ ਦੀ ਵਿਦਿਆਰਥਣ ਅੰਸ਼ਿਕਾ ਸ਼ਰਮਾ ਦੀ ਮੌਤ ਹੋ ਗਈ, ਜਦਕਿ ਉਸ ਦੇ ਮਾਤਾ-ਪਿਤਾ ਅਤੇ ਭਰਾ ਦੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿਚ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੌਤਮ ਸ਼ਰਮਾ ਵਾਸੀ ਸਿਰਸਾ ਹਾਲ ਆਬਾਦ ਪੰਚਕੂਲਾ ਦੀ ਕਾਰ ਵਿਚ ਉਸ ਦਾ ਪਿਤਾ ਮਹਿੰਦਰ ਕੁਮਾਰ, ਮਾਤਾ ਮੀਨਾਕਸ਼ੀ ਸ਼ਰਮਾ ਅਤੇ ਭੈਣ ਅੰਸ਼ਿਕਾ ਸ਼ਰਮਾ ਸਵਾਰ ਸਨ। ਇਹ ਕਾਰ ਸੁਨਾਮ ਵਾਲੀ ਸਾਇਡ ਤੋਂ ਭਵਾਨੀਗੜ੍ਹ ਵੱਲ ਨੂੰ ਜਾ ਰਹੀ ਸੀ ਤਾਂ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸਾਹਮਣੇ ਭਵਾਨੀਗੜ੍ਹ ਵਾਲੀ ਸਾਇਡ ਤੋਂ ਆਉਂਦੀ ਇਕ ਐੱਮ.ਜੀ. ਹੈਕਟਰ ਗੱਡੀ ਨਾਲ ਟਕਰਾ ਗਈ ਤਾਂ ਹੈਕਟਰ ਗੱਡੀ ਦੇ ਪਿੱਛੇ ਆ ਰਹੀ ਇਕ ਹੋਰ ਕਾਰ ਹੈਕਟਰ ਗੱਡੀ ਨਾਲ ਟਕਰਾ ਕੇ ਗੱਡੀਆਂ ਖ਼ਤਾਨਾ ’ਚ ਉਤਰ ਗਈਆ। ਹਾਦਸੇ ਦੌਰਾਨ ਗੌਤਮ ਸ਼ਰਮਾ ਕਾਰ ਵਿਚ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਪਿੰਡ ਵਾਸੀਆਂ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਦੋ ਟਰੈਕਟਰਾਂ, ਜੇ.ਸੀ.ਬੀ. ਮਸ਼ੀਨ ਅਤੇ ਕਟਰ ਦੀ ਮਦਦ ਨਾਲ ਕਾਰ ਕੱਟ ਕੇ ਬਾਹਰ ਕੱਢਿਆ। ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਗੰਭੀਰ ਜ਼ਖ਼ਮੀ ਅੰਸ਼ਿਕਾ ਸ਼ਰਮਾ ਅਤੇ ਮੀਨਾਕਸ਼ੀ ਸ਼ਰਮਾ ਨੂੰ ਨਿੱਜੀ ਵਾਹਨ ਰਾਹੀਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਉੱਥੇ ਇਲਾਜ ਦੌਰਾਨ ਅੰਸ਼ਿਕਾ ਸ਼ਰਮਾ ਦੀ ਮੌਤ ਹੋ ਗਈ।
ਇਸ ਸੰਬੰਧੀ ਮਹਿੰਦਰ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਸਿਰਸਾ ਨੇ ਦੱਸਿਆ ਕਿ ਉਹ ਕਾਰ ਸਵਾਰ ਹੋ ਕੇ ਆਪਣੀ ਪਤਨੀ ਮੀਨਾਕਸ਼ੀ ਸ਼ਰਮਾ, ਲੜਕੀ ਅੰਸ਼ਿਕਾ ਸ਼ਰਮਾ, ਲੜਕਾ ਗੌਤਮ ਸ਼ਰਮਾ ਨਾਲ ਸਿਰਸਾ ਤੋਂ ਪੰਚਕੂਲਾ ਜਾ ਰਹੇ ਸੀ ਤਾਂ ਜਦੋਂ ਉਹ ਪਿੰਡ ਘਰਾਚੋਂ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਦੀ ਲੜਕੀ ਦੀ ਜਖ਼ਮਾਂ ਦੀ ਤਾਬ ਨੂੰ ਨਾ ਝੱਲਦਿਆਂ ਹੋਏ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੀ ਲੜਕੀ ਬਹੁਤ ਹੀ ਹੋਣਹਾਰ ਸੀ ਤੇ ਉਹ ਬਰਵਾਲਾ ਦੇ ਦੇਵੀ ਦਿਆਲ ਲਾਅ ਕਾਲਜ ਨੇੜੇ (ਪੰਚਕੂਲਾ) ਵਿਖੇ ਲਾਅ ਦੇ ਅਖ਼ਰੀਲੇ ਸਾਲ ਦੀ ਪੜ੍ਹਾਈ ਕਰ ਰਹੀ ਸੀ।
ਇਸ ਮੌਕੇ ਐੱਮ.ਜੀ. ਹੈਕਟਰ ਵਿਚ ਸਵਾਰ ਸੰਦੀਪ ਕੁਮਾਰ ਵਾਸੀ ਦਿੜ੍ਹਬਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਈਸ਼ਵਰ ਦਾਸ ਨਾਲ ਪਟਿਆਲਾ ਤੋਂ ਵਾਪਸ ਆਪਣੇ ਸ਼ਹਿਰ ਦਿੜ੍ਹਬਾ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਘਰਾਚੋਂ ਕੋਲ ਪਹੁੰਚਿਆਂ ਤਾਂ ਸਾਹਮਣੇ ਤੋਂ ਸੁਨਾਮ ਵਾਲੀ ਸਾਈਡ ਆਉਂਦੀ ਇਕ ਕਾਰ ਦੇ ਚਾਲਕ ਨੇ ਉਸ ਦੀ ਗੱਡੀ ਨੂੰ ਸਿੱਧੀ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਗੱਡੀ ਖ਼ਤਾਨਾ ’ਚ ਉਤਰ ਗਈ। ਉਸ ਨੇ ਦੱਸਿਆ ਕਿ ਉਸ ਨੇ ਸਾਹਮਣੇ ਤੋਂ ਆਉਂਦੀ ਕਾਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਨੇ ਗਲਤ ਦਿਸ਼ਾ ’ਚ ਲਿਆ ਕੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਦੇ ਵੀ ਗੁੱਝੀਆ ਸੱਟਾਂ ਲੱਗਣ ਕਾਰਨ ਉਸ ਨੇ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚੋਂ ਇਲਾਜ ਕਰਵਾਇਆ ਹੈ।
ਇਸ ਮੌਕੇ ਗਗਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੋਹਾਲੀ ਨੇ ਦੱਸਿਆ ਕਿ ਉਹ ਵੀ ਹੈਕਟਰ ਗੱਡੀ ਦੇ ਪਿੱਛੇ-ਪਿੱਛੇ ਆ ਰਿਹਾ ਸੀ ਤਾਂ ਜਦੋਂ ਹੈਕਟਰ ਗੱਡੀ ਸਾਹਮਣੇ ਤੋਂ ਆਉਂਦੀ ਕਾਰ ਨਾਲ ਟੱਕਰਾਈ ਤਾਂ ਉਸ ਦੀ ਕਾਰ ਵੀ ਬੇਕਾਬੂ ਹੋ ਕੇ ਹੈਕਟਰ ਗੱਡੀ ਦੇ ਪਿੱਛੇ ਟਕਰਾ ਜਾਣ ਕਾਰਨ ਖ਼ਤਾਨਾ ’ਚ ਉਤਰ ਗਈ ਅਤੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਹਾਦਸੇ ਕਾਰਨ ਸੁਨਾਮ-ਭਵਾਨੀਗੜ੍ਹ ਮੁੱਖ ਸੜਕ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪ੍ਰਭਾਵਿਤ ਹੋਈ।

ਪਿਛਲੀ ਖ਼ਬਰ ਐਕਸ਼ਨ ਕਮੇਟੀ ਦੀ ਪ੍ਰਸ਼ਾਸਨ ਨਾਲ ਦੂਜੇ ਗੇੜ ਦੀ ਮੀਟਿੰਗ ਜਾਰੀ ਅਗਲੀ ਖ਼ਬਰ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਵਲੋਂ ਗੁਰੂ ਹਰ ਸਹਾਏ ਦੀ ਮੁੱਖ ਅਨਾਜ ਮੰਡੀ ਦਾ ਦੌਰਾ