ਨਿਊਯਾਰਕ, 28 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਲੋਕਾਂ ਨੂੰ ਵੱਡੇ ਮੁਨਾਫ਼ੇ ਦਾ ਭਰੋਸਾ ਦੇ ਕੇ ਉਨ੍ਹਾਂ ਦੀ ਉਮਰ ਭਰ ਦੀ ਬੱਚਤ ਡੋਬਣ ਵਾਲੇ ਜਾਰਜੀਆ ਦੇ ਕਾਰੋਬਾਰੀ ਐਡਵਿਨ ਬ੍ਰੈਂਟ ਫਰੌਸਟ ਚੌਥੇ ਨੂੰ 15 ਸਾਲ ਦੀ ਸੰਘੀ ਕੈਦ ਸੁਣਾਈ ਗਈ ਹੈ। ਰਿਪਬਲਿਕਨ ਪਾਰਟੀ ਦੇ ਪ੍ਰਮੁੱਖ ਚੰਦਾਦਾਤਾ ਵਜੋਂ ਜਾਣੇ ਜਾਂਦੇ 69 ਸਾਲਾ ਫਰੌਸਟ ਦੀ ਧੋਖਾਧੜੀ ਕਾਰਨ 300 ਤੋਂ ਵੱਧ ਨਿਵੇਸ਼ਕਾਂ ਨੂੰ ਸੱਤ ਕਰੋੜ 60 ਲੱਖ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਅਦਾਲਤ ਨੇ ਉਸ ਨੂੰ ਪੀੜਤਾਂ ਦੀ ਇਸ ਰਕਮ ਦੀ ਭਰਪਾਈ ਕਰਨ ਦਾ ਹੁਕਮ ਵੀ ਦਿੱਤਾ ਹੈ। ਕੈਦ ਮਗਰੋਂ ਉਹ ਤਿੰਨ ਸਾਲ ਨਿਗਰਾਨੀ ਹੇਠ ਰਹੇਗਾ। ਫਰੌਸਟ ਦੀ ਕੰਪਨੀ ‘ਫਰਸਟ ਲਿਬਰਟੀ ਬਿਲਡਿੰਗ ਐਂਡ ਲੋਨ’ ਦਾਅਵਾ ਕਰਦੀ ਸੀ ਕਿ ਉਹ ਕਾਰੋਬਾਰਾਂ ਨੂੰ ਉਚੇ ਵਿਆਜ ਉਤੇ ਥੋੜ੍ਹੇ ਸਮੇਂ ਦੇ ਕਰਜ਼ੇ ਦਿੰਦੀ ਹੈ ਅਤੇ ਉਨ੍ਹਾਂ ਦੀ ਵਾਪਸੀ ਤੋਂ ਨਿਵੇਸ਼ਕਾਂ ਨੂੰ ਚੰਗਾ ਮੁਨਾਫ਼ਾ ਮਿਲਦਾ ਹੈ।
ਧਾਰਮਿਕ ਤੇ ਸਿਆਸੀ ਹਲਕਿਆਂ ਵਿਚ ਉਸ ਦੀ ਪਹੁੰਚ ਅਤੇ ਰੂੜ੍ਹੀਵਾਦੀ ਵਿਚਾਰਾਂ ਵਾਲੇ ਪ੍ਰੋਗਰਾਮਾਂ ਵਿਚ ਕੰਪਨੀ ਦੇ ਪ੍ਰਚਾਰ ਕਾਰਨ ਕਈ ਲੋਕਾਂ ਨੇ ਉਸ ਉਤੇ ਭਰੋਸਾ ਕਰਕੇ ਪੈਸਾ ਲਾਇਆ। ਸਰਕਾਰੀ ਵਕੀਲਾਂ ਮੁਤਾਬਕ ਫਰੌਸਟ ਨੇ ਨਿਵੇਸ਼ਕਾਂ ਦੇ ਪੈਸੇ ਆਪਣੇ ਨਿੱਜੀ ਖ਼ਰਚਿਆਂ ਲਈ ਵਰਤੇ। ਉਸ ਨੇ ਛੁੱਟੀਆਂ ਮਨਾਉਣ ਲਈ ਘਰ ਕਿਰਾਏ ਉਤੇ ਲਿਆ, ਗਹਿਣੇ ਤੇ ਘੜੀਆਂ ਖ਼ਰੀਦੀਆਂ ਅਤੇ ਕਰੈਡਿਟ ਕਾਰਡਾਂ ਦੇ 20 ਲੱਖ ਡਾਲਰ ਤੋਂ ਵੱਧ ਦੇ ਬਿੱਲ ਚੁਕਾਏ। ਪੰਜ ਲੱਖ 70 ਹਜ਼ਾਰ ਡਾਲਰ ਤੋਂ ਵੱਧ ਸਿਆਸੀ ਚੰਦੇ ਵਜੋਂ ਵੀ ਦਿੱਤੇ ਗਏ।
ਜਾਂਚ ਅਨੁਸਾਰ 2021 ਤੱਕ ਕੰਪਨੀ ਆਪਣੀਆਂ ਦੇਣਦਾਰੀਆਂ ਚੁਕਾਉਣ ਜੋਗੀ ਕਮਾਈ ਨਹੀਂ ਕਰ ਰਹੀ ਸੀ ਪਰ ਫਰੌਸਟ ਨਿਵੇਸ਼ਕਾਂ ਨੂੰ ਝੂਠੇ ਭਰੋਸੇ ਦਿੰਦਾ ਰਿਹਾ। ਜੂਨ 2025 ਵਿਚ ਕੰਪਨੀ ਡਿੱਗਣ ਮਗਰੋਂ ਜਾਂਚ ਸ਼ੁਰੂ ਹੋਈ। ਉਸ ਨੇ ਇਸ ਸਾਲ ਮਈ ਵਿਚ ਧੋਖਾਧੜੀ ਦਾ ਦੋਸ਼ ਕਬੂਲ ਕਰ ਲਿਆ ਸੀ।