477 ਪੈਕੇਟ ਆਤਿਸ਼ਬਾਜ਼ੀ ਅਤੇ 18 ਕਿੱਲੋ ਪੋਟਾਸ਼ ਜ਼ਬਤ, ਮਕਾਨ ਮਾਲਕ ਖ਼ਿਲਾਫ਼ ਕੇਸ ਦਰਜ
ਡੱਬਵਾਲੀ, 30 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਵਿਚ ਪੁਰਾਣੇ ਅਗਨੀ ਕਾਂਡ ਅਤੇ ਪਟਾਕਾ ਫੈਕਟਰੀਆਂ ਵਿਚ ਹੋਏ ਭਿਆਨਕ ਧਮਾਕਿਆਂ ਦੇ ਬਾਵਜੂਦ ਲੋਕ ਸਬਕ ਲੈਣ ਨੂੰ ਤਿਆਰ ਨਹੀਂ ਹਨ। ਦੀਵਾਲੀ ਤੋਂ ਪਹਿਲਾਂ ਸ਼ਹਿਰ ਦੇ ਵਾਰਡ ਨੰਬਰ-4 ਦੇ ਇਕ ਰਿਹਾਇਸ਼ੀ ਮਕਾਨ ਵਿਚੋਂ ਪੁਲਿਸ ਨੇ 96 ਕਿੱਲੋ 200 ਗ੍ਰਾਮ ਪਟਾਕੇ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਸਾਂਝੀ ਟੀਮ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਆਤਿਸ਼ਬਾਜ਼ੀ ਦੇ 477 ਪੈਕੇਟ ਜ਼ਬਤ ਕੀਤੇ ਗਏ।
ਜਾਣਕਾਰੀ ਅਨੁਸਾਰ ਗੋਲ ਬਾਜ਼ਾਰ ਚੌਕੀ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਿਹਾਇਸ਼ੀ ਇਲਾਕੇ ਵਿਚ ਸਥਿਤ ਇਕ ਕਰਿਆਨਾ ਦੁਕਾਨ ਦੇ ਅੰਦਰ ਬਣੇ ਮਕਾਨ ਵਿਚ ਵੱਡੀ ਮਾਤਰਾ ਵਿਚ ਪਟਾਕੇ ਸਟੋਰ ਕੀਤੇ ਗਏ ਹਨ। ਇਸ ਤੋਂ ਬਾਅਦ ਏ.ਐੱਸ.ਆਈ. ਧਰਮਬੀਰ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਤਲਾਸ਼ੀ ਲਈ।
ਪੁਲਿਸ ਬੁਲਾਰੇ ਆਨੰਦ ਕੁਮਾਰ ਮੁਤਾਬਕ ਤਲਾਸ਼ੀ ਦੌਰਾਨ ਦੋ ਗੱਟਿਆਂ ਵਿਚੋਂ 18 ਕਿੱਲੋ 200 ਗ੍ਰਾਮ ਪੋਟਾਸ਼ ਬਰਾਮਦ ਹੋਈ। ਇਸ ਤੋਂ ਇਲਾਵਾ 11 ਗੱਟਿਆਂ ਵਿਚੋਂ ਸੁਤਲੀ ਬੰਬ, ਬੁਲੇਟ ਬੰਬ, ਅਨਾਰ, ਮੁਰਗਾ ਛਾਪ ਅਤੇ ਫੁੱਲਝੜੀਆਂ ਸਮੇਤ ਆਤਿਸ਼ਬਾਜ਼ੀ ਦੇ 477 ਪੈਕੇਟ ਮਿਲੇ। ਕੁਝ ਪਟਾਕੇ ਪਲਾਸਟਿਕ ਦੇ ਥੈਲਿਆਂ ਵਿਚ ਲੁਕਾ ਕੇ ਵੀ ਰੱਖੇ ਹੋਏ ਸਨ।
ਮਕਾਨ ਮਾਲਕ ਰਾਕੇਸ਼ ਕੁਮਾਰ ਪਟਾਕਿਆਂ ਦੇ ਭੰਡਾਰਨ ਅਤੇ ਵਿਕਰੀ ਸਬੰਧੀ ਕੋਈ ਜਾਇਜ਼ ਲਾਇਸੈਂਸ ਜਾਂ ਸਰਕਾਰੀ ਮਨਜ਼ੂਰੀ ਪੇਸ਼ ਨਹੀਂ ਕਰ ਸਕਿਆ। ਪੁਲਿਸ ਨੇ ਸਾਰੀ ਸਮੱਗਰੀ ਜ਼ਬਤ ਕਰਕੇ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਵਿਚ ਬੀ.ਐੱਨ.ਐੱਸ. ਦੀ ਧਾਰਾ 288 ਅਤੇ ਵਿਸਫੋਟਕ ਐਕਟ, 1884 ਦੀ ਧਾਰਾ 9(ਬੀ) ਤਹਿਤ ਮਾਮਲਾ ਦਰਜ ਕਰ ਲਿਆ ਹੈ।
ਤਿੰਨ ਵੱਡੇ ਹਾਦਸਿਆਂ ਦੇ ਬਾਵਜੂਦ ਨਹੀਂ ਬਦਲੀ ਸੋਚ
ਡੱਬਵਾਲੀ ਦਾ 23 ਦਸੰਬਰ 1995 ਦਾ ਭਿਆਨਕ ਅਗਨੀ ਕਾਂਡ ਅੱਜ ਵੀ ਲੋਕਾਂ ਦੇ ਮਨਾਂ ਵਿਚ ਤਾਜ਼ਾ ਹੈ, ਜਿਸ ਵਿਚ 442 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ 10 ਜਨਵਰੀ 2024 ਨੂੰ ਸ਼ਹਿਰ ਵਿਚ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿਚ ਹੋਏ ਜ਼ਬਰਦਸਤ ਧਮਾਕੇ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਮਾਰਤ ਦੇ ਨਾਲ ਲੱਗਦੇ ਡੇਰੇ ਨੂੰ ਵੀ ਨੁਕਸਾਨ ਪਹੁੰਚਿਆ ਸੀ।
ਇਸੇ ਤਰ੍ਹਾਂ 30 ਮਈ 2025 ਨੂੰ ਲੰਬੀ ਹਲਕੇ ਦੇ ਸਰਹੱਦੀ ਪਿੰਡ ਫਤੂਹੀਵਾਲਾ ਵਿਚ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਦੌਰਾਨ ਪੰਜ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਸੀ, ਜਦਕਿ 27 ਲੋਕ ਜ਼ਖ਼ਮੀ ਹੋਏ ਸਨ।
ਇਨ੍ਹਾਂ ਦਰਦਨਾਕ ਹਾਦਸਿਆਂ ਦੇ ਬਾਵਜੂਦ ਰਿਹਾਇਸ਼ੀ ਮਕਾਨ ਵਿਚ ਇੰਨੀ ਵੱਡੀ ਮਾਤਰਾ ਵਿਚ ਪਟਾਕਿਆਂ ਦਾ ਭੰਡਾਰ ਮਿਲਣਾ ਸੁਰੱਖਿਆ ਪ੍ਰਬੰਧਾਂ ਅਤੇ ਲੋਕਾਂ ਦੀ ਜ਼ਿੰਮੇਵਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਥੋੜ੍ਹੇ ਜਿਹੇ ਮੁਨਾਫ਼ੇ ਲਈ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਉਣਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਤੋਂ ਘੱਟ ਨਹੀਂ।