ਫਗਵਾੜਾ (ਕਪੂਰਥਲਾ)/ਜਲੰਧਰ, 5 ਨਵੰਬਰ (ਹਰਜੋਤ ਸਿੰਘ ਚਾਨਾ/ਦਵਿੰਦਰ) - ਇੰਗਲੈਂਡ ਵਿਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਫਗਵਾੜਾ ਦੀ ਜੰਮਪਲ ਨੌਜਵਾਨ ਡਾਕਟਰ ਡਾ. ਸ਼ਿਵਾਨੀ ਦੀ ਮੌਤ ਹੋਣ ਨਾਲ ਫਗਵਾੜਾ ਦੇ ਮੈਡੀਕਲ ਜਗਤ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਘਟਨਾ ਨੂੰ ਲੈ ਕੇ ਮ੍ਰਿਤਕਾ ਦੇ ਪਰਿਵਾਰ ਵਲੋਂ ਸਹੁਰੇ ਪਰਿਵਾਰ ’ਤੇ ਘਰੇਲੂ ਤਸ਼ੱਦਦ ਅਤੇ ਸਾਜ਼ਿਸ਼ ਦੇ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਲੜਕੇ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਬਿਜਲੀ ਦੇ ਸ਼ਾਰਟ ਸਰਕਟ ਜਾਂ ਹੀਟਰ ਕਾਰਨ ਵਾਪਰਿਆ ਹਾਦਸਾ ਕਰਾਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਇੰਗਲੈਂਡ ਸਥਿਤ ਪਤੀ-ਪਤਨੀ ਦੇ ਘਰ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਘਰ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਗੁਆਂਢੀਆਂ ਨੇ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀਆਂ ਫਾਇਰ ਅਤੇ ਰੈਸਕਿਊ ਟੀਮਾਂ ਨੇ ਦੋਵਾਂ ਨੂੰ ਘਰ ਵਿਚੋਂ ਬਾਹਰ ਕੱਢਿਆ। ਹਾਲਾਂਕਿ, ਡਾਕਟਰੀ ਸਹਾਇਤਾ ਦੇ ਬਾਵਜੂਦ ਡਾ. ਸ਼ਿਵਾਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਉਸ ਦੀ ਮੌਤ ਧੂੰਏਂ ਕਾਰਨ ਸਾਹ ਘੁੱਟਣ ਅਤੇ ਅੱਗ ਨਾਲ ਝੁਲਸਣ ਕਾਰਨ ਹੋਈ। ਓਧਰ, ਉਸ ਦਾ ਪਤੀ ਦਿਲਾਵਰ ਕਟਾਰੀਆ ਵੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਰਮਿੰਘਮ ਦੇ ਕੁਈਨ ਐਲਿਜ਼ਾਬੈਥ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਹ ਇਸ ਸਮੇਂ ਕੋਮਾ ਵਿਚ ਹੈ ਅਤੇ ਵੈਂਟੀਲੇਟਰ ਦੀ ਸਹਾਇਤਾ ’ਤੇ ਦੱਸਿਆ ਜਾ ਰਿਹਾ ਹੈ।
ਇਸ ਦੁਖਦਾਈ ਘਟਨਾ ਤੋਂ ਬਾਅਦ ਫਗਵਾੜਾ ਵਿਚ ਮ੍ਰਿਤਕਾ ਦੇ ਪਰਿਵਾਰ ਵਲੋਂ ਗੰਭੀਰ ਦੋਸ਼ ਲਗਾਏ ਗਏ ਹਨ। ਡਾ. ਸ਼ਿਵਾਨੀ ਦੇ ਪਿਤਾ ਡਾ. ਕੇ.ਕੇ. ਵਰਮਾ, ਜੋ ਫਗਵਾੜਾ ਦੇ ਪ੍ਰਸਿੱਧ ਡਾਕਟਰ ਹਨ, ਨੇ ਇਸ ਘਟਨਾ ਨੂੰ ਮਹਿਜ਼ ਹਾਦਸਾ ਮੰਨਣ ਤੋਂ ਇਨਕਾਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਸਾਲ 2023 ਵਿਚ ਵਿਆਹ ਤੋਂ ਬਾਅਦ ਜਦੋਂ ਉਨ੍ਹਾਂ ਦੀ ਧੀ ਆਪਣੇ ਪਤੀ ਨਾਲ ਪੇਸ਼ੇਵਰ ਕੰਮਕਾਜ ਲਈ ਇੰਗਲੈਂਡ ਗਈ ਤਾਂ ਉਸ ਨੂੰ ਕਥਿਤ ਤੌਰ ’ਤੇ ਮਾਨਸਿਕ ਪ੍ਰੇਸ਼ਾਨੀ, ਸਰੀਰਕ ਤਸ਼ੱਦਦ ਅਤੇ ਘਰੇਲੂ ਮੰਗਾਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਨੇ ਮੈਡੀਕਲ ਭਾਈਚਾਰੇ ਦੇ ਮੈਂਬਰਾਂ ਦੀ ਹਮਾਇਤ ਨਾਲ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਬ੍ਰਿਟੇਨ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਅੱਗ ਜਾਣਬੁੱਝ ਕੇ ਤਾਂ ਨਹੀਂ ਲਗਾਈ ਗਈ।
ਦੂਜੇ ਪਾਸੇ, ਫਗਵਾੜਾ ਨੇੜਲੇ ਪਿੰਡ ਖਾਟੀ ਦੇ ਰਹਿਣ ਵਾਲੇ ਦਿਲਾਵਰ ਕਟਾਰੀਆ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਤੀ-ਪਤਨੀ ਵਿਚਕਾਰ ਸੰਬੰਧ ਸੁਖਾਵੇਂ ਸਨ ਅਤੇ ਉਨ੍ਹਾਂ ਦਾ ਵਿਆਹੁਤਾ ਜੀਵਨ ਆਪਸੀ ਸਹਿਯੋਗ ਅਤੇ ਪਿਆਰ ਨਾਲ ਚੱਲ ਰਿਹਾ ਸੀ। ਪਰਿਵਾਰ ਨੇ ਦਾਅਵਾ ਕੀਤਾ ਕਿ ਇਹ ਇੱਕ ਮੰਦਭਾਗਾ ਹਾਦਸਾ ਸੀ, ਜਿਸ ਦਾ ਸੰਭਾਵਿਤ ਕਾਰਨ ਕਮਰੇ ਵਿਚ ਚੱਲ ਰਿਹਾ ਹੀਟਰ ਜਾਂ ਬਿਜਲੀ ਦੀਆਂ ਤਾਰਾਂ ਵਿਚ ਸ਼ਾਰਟ ਸਰਕਟ ਹੋ ਸਕਦਾ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਘਰੇਲੂ ਤਸ਼ੱਦਦ ਜਾਂ ਆਪਸੀ ਝਗੜੇ ਦੇ ਦੋਸ਼ਾਂ ਨੂੰ ਨਕਾਰਿਆ ਹੈ।ਓਧਰ, ਇੰਗਲੈਂਡ ਦੀ ਪੁਲਿਸ ਅਤੇ ਫੋਰੈਂਸਿਕ ਮਾਹਿਰਾਂ ਵਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਟੀਮ ਵਲੋਂ ਘਰ ਦੇ ਬਿਜਲੀ ਸਿਸਟਮ, ਤਾਰਾਂ, ਹੀਟਰ ਅਤੇ ਹੋਰ ਬਿਜਲੀ ਉਪਕਰਨਾਂ ਦੀ ਜਾਂਚ ਦੇ ਨਾਲ-ਨਾਲ ਅੱਗ ਦੇ ਫੈਲਣ ਦੇ ਤਰੀਕੇ ਅਤੇ ਘਟਨਾ ਸਥਾਨ ਤੋਂ ਮਿਲੇ ਸਬੂਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਇਸ ਦੌਰਾਨ ਡਾ. ਸ਼ਿਵਾਨੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਵੀ ਪਰਿਵਾਰ ਨੂੰ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਕਾਰਨ ਉਡੀਕ ਕਰਨੀ ਪੈ ਰਹੀ ਹੈ। ਬ੍ਰਿਟੇਨ ਦੇ ਕਾਨੂੰਨ ਅਨੁਸਾਰ ਸ਼ੱਕੀ ਜਾਂ ਅਸਪੱਸ਼ਟ ਹਾਲਾਤਾਂ ਵਿਚ ਹੋਈ ਮੌਤ ਦੇ ਮਾਮਲੇ ਵਿਚ ਕੋਰੋਨਰ ਵੱਲੋਂ ਜਾਂਚ ਕਰਵਾਈ ਜਾਂਦੀ ਹੈ। ਇਸ ਲਈ ਫੋਰੈਂਸਿਕ ਪੋਸਟਮਾਰਟਮ, ਮੌਤ ਦੇ ਕਾਰਨਾਂ ਦੀ ਪੁਸ਼ਟੀ ਅਤੇ ਲੋੜੀਂਦੀਆਂ ਕਾਨੂੰਨੀ ਤੇ ਕੂਟਨੀਤਕ ਪ੍ਰਵਾਨਗੀਆਂ ਤੋਂ ਬਾਅਦ ਹੀ ਮ੍ਰਿਤਕ ਦੇਹ ਨੂੰ ਫਗਵਾੜਾ ਲਿਆਉਣ ਦੀ ਪ੍ਰਕਿਰਿਆ ਪੂਰੀ ਹੋ ਸਕੇਗੀ।
ਤਾਜ਼ਾ ਖ਼ਬਰਾਂ
Free
ਫਗਵਾੜਾ ਨਾਲ ਸੰਬੰਧਿਤ ਡਾਕਟਰ ਦੀ ਇੰਗਲੈਂਡ ’ਚ ਘਰ ਨੂੰ ਅੱਗ ਲੱਗਣ ਕਾਰਨ ਮੌਤ
ਫਗਵਾੜਾ (ਕਪੂਰਥਲਾ)/ਜਲੰਧਰ, 5 ਨਵੰਬਰ (ਹਰਜੋਤ ਸਿੰਘ ਚਾਨਾ/ਦਵਿੰਦਰ) - ਇੰਗਲੈਂਡ ਵਿਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ...
ਅਜੀਤ ਡੈਸਕ
05-11-2026