ਨਵੀਂ ਦਿੱਲੀ, 15 ਨਵੰਬਰ (ਏਜੰਸੀ)-ਭਾਰਤੀ ਬਰਾਮਦਕਾਰਾਂ ਨੂੰ ਅਮਰੀਕੀ ਬਾਜ਼ਾਰ ’ਚ ਮੁਕਾਬਲੇਬਾਜ਼ ਦੇਸ਼ਾਂ ਦੇ ਮੁਕਾਬਲੇ ਘੱਟ ਦਰਾਮਦ ਡਿਊਟੀ ਦਾ ਲਾਭ ਮਿਲੇਗਾ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਸਹਿਮਤੀ ਬਣੀ ਹੈ।
ਗੋਇਲ ਨੇ ਮਿਸਰ ਦੀ ਰਾਜਧਾਨੀ ਕਾਹਿਰਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ (ਬੀ.ਟੀ.ਏ.) ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਭਾਰਤੀ ਵਸਤਾਂ ਨੂੰ ਦੂਜੇ ਮੁਕਾਬਲੇਬਾਜ਼ ਦੇਸ਼ਾਂ ਨਾਲੋਂ ਟੈਰਿਫ ਦੇ ਮਾਮਲੇ ’ਚ ਫਾਇਦਾ ਮਿਲੇਗਾ। ਹਾਲਾਂਕਿ, ਇਸ ਦਾ ਅਸਲ ਲਾਭ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀਆਂ ਅੰਤਿਮ ਸ਼ਰਤਾਂ ‘ਤੇ ਨਿਰਭਰ ਕਰੇਗਾ।
ਭਾਰਤ ਤੇ ਅਮਰੀਕਾ ਨੇ ਇਸ ਸਾਲ ਫਰਵਰੀ ’ਚ ਸਮਝੌਤੇ ਦੇ ਪਹਿਲੇ ਪੜਾਅ ਦਾ ਖਾਕਾ ਤਿਆਰ ਕੀਤਾ ਸੀ, ਪਰ ਅਮਰੀਕਾ ਦੀ ਟੈਰਿਫ ਨੀਤੀ ’ਚ ਤਬਦੀਲੀਆਂ ਕਾਰਨ ਇਸ ਨੂੰ ਅੰਤਿਮ ਰੂਪ ਦੇਣ ’ਚ ਦੇਰੀ ਹੋਈ ਹੈ। ਦੋਵੇਂ ਦੇਸ਼ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਸਮਝੌਤੇ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਅਮਰੀਕੀ ਸੁਪਰੀਮ ਕੋਰਟ ਵਲੋਂ ਰਾਸ਼ਟਰਪਤੀ ਟਰੰਪ ਦੇ ਜਵਾਬੀ ਟੈਰਿਫ ਰੱਦ ਕੀਤੇ ਜਾਣ ਤੋਂ ਬਾਅਦ ਵੀ ਗੱਲਬਾਤ ਪ੍ਰਭਾਵਿਤ ਹੋਈ ਹੈ। ਅਮਰੀਕਾ ਹੁਣ ਟੈਰਿਫ ਦੀ ਨਵੀਂ ਵਿਵਸਥਾ ਲਈ ਬਦਲਵੇਂ ਕਾਨੂੰਨੀ ਰਾਹ ਲੱਭ ਰਿਹਾ ਹੈ।