ਰਾਜਾਸਾਂਸੀ (ਅੰਮ੍ਰਿਤਸਰ), 20 ਨਵੰਬਰ (ਹਰਦੀਪ ਸਿੰਘ ਖੀਵਾ)- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਡਿਬਰੂਗੜ੍ਹ ਤੋਂ ਪੰਜਾਬ ਆਮਦ ਅਤੇ ਵਾਪਸੀ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਦਾ ਮਾਮਲਾ ਚਰਚਾ ਵਿਚ ਆ ਗਿਆ ਹੈ। ਪੰਜਾਬ ਪੁਲਿਸ ਵਲੋਂ ਉਸ ਦੀ ਆਵਾਜਾਈ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇ ਏਅਰਪੋਰਟ ਸਿਕਿਉਰਿਟੀ ਗਰੁੱਪ (ਏ.ਐੱਸ.ਜੀ.) ਤੋਂ ਸਹਿਯੋਗ ਮੰਗਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡਿਬਰੂਗੜ੍ਹ, ਦਿੱਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ’ਤੇ ਅੰਮ੍ਰਿਤਪਾਲ ਸਿੰਘ ਦੀ ਆਮਦ ਅਤੇ ਰਵਾਨਗੀ ਸਮੇਂ ਸੀ.ਆਈ.ਐੱਸ.ਐੱਫ. ਦੀ ਸਹਾਇਤਾ ਮੰਗੀ ਗਈ ਹੈ।
ਅੰਮ੍ਰਿਤਪਾਲ ਸਿੰਘ ਨੂੰ ‘ਹਾਈ ਰਿਸਕ ਕੈਦੀ’ ਦਰਸਾਉਂਦਿਆਂ ਉਸ ਦੀ ਹਵਾਈ ਯਾਤਰਾ ਸਬੰਧੀ ਪ੍ਰਬੰਧ ਹਵਾਈ ਅੱਡੇ ਤੇ ਸੀ. ਆਈ. ਐਸ. ਐਫ. ਨੂੰ ਦਿੱਤਾ ਗਿਆ ਹੈ। ਇਸ ਅਨੁਸਾਰ ਉਸ ਨੇ 20 ਨਵੰਬਰ ਨੂੰ ਡਿਬਰੂਗੜ੍ਹ ਤੋਂ ਦਿੱਲੀ, 21 ਨਵੰਬਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਣਾ ਹੈ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਦਿੱਲੀ ਜਾਣਾ ਹੈ। ਇਸ ਤੋਂ ਬਾਅਦ 22 ਨਵੰਬਰ ਨੂੰ ਦਿੱਲੀ ਤੋਂ ਡਿਬਰੂਗੜ੍ਹ ਵਾਪਸੀ ਦਾ ਪ੍ਰੋਗਰਾਮ ਦਰਜ ਹੈ। ਇਸ ਸਬੰਧੀ ਜਦੋਂ ਅੰਮ੍ਰਿਤਸਰ ਹਵਾਈ ਅੱਡੇ ਦੀ ਏ.ਸੀ.ਪੀ. ਮੈਡਮ ਸਪਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਹਵਾਈ ਅੱਡੇ ’ਤੇ ਆਉਣ ਸਬੰਧੀ ਸੂਚਨਾ ਤਾਂ ਹੈ, ਪਰ ਉਸ ਦੀ ਸੁਰੱਖਿਆ ਨੂੰ ਲੈ ਕੇ ਉੱਚ ਅਧਿਕਾਰੀਆਂ ਵਲੋਂ ਅਜੇ ਤੱਕ ਉਨ੍ਹਾਂ ਨੂੰ ਕੋਈ ਵਿਸ਼ੇਸ਼ ਹਦਾਇਤ ਜਾਂ ਆਦੇਸ਼ ਜਾਰੀ ਨਹੀਂ ਕੀਤੇ ਗਏ। ਇਸੇ ਤਰ੍ਹਾਂ ਹਵਾਈ ਅੱਡਾ ਪੁਲਿਸ ਥਾਣੇ ਦੇ ਮੁਖੀ ਐੱਸ.ਐੱਚ.ਓ. ਰਾਜੇਸ਼ ਕੁਮਾਰ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਆਮਦ ਬਾਰੇ ਜਾਣਕਾਰੀ ਹੈ, ਪਰ ਸੁਰੱਖਿਆ ਪ੍ਰਬੰਧਾਂ ਸਬੰਧੀ ਉੱਚ ਅਧਿਕਾਰੀਆਂ ਵਲੋਂ ਹੁਣ ਤੱਕ ਕੋਈ ਵਿਸ਼ੇਸ਼ ਆਦੇਸ਼ ਪ੍ਰਾਪਤ ਨਹੀਂ ਹੋਏ।
ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੀ ਆਵਾਜਾਈ ਨੂੰ ਲੈ ਕੇ ਤਿੰਨ ਹਵਾਈ ਅੱਡਿਆਂ ’ਤੇ ਸੀ.ਆਈ.ਐੱਸ.ਐੱਫ. ਤੋਂ ਸਹਾਇਤਾ ਮੰਗੀ ਗਈ ਹੈ ਤਾਂ ਫਿਰ ਰਾਜਾਸਾਂਸੀ ਹਵਾਈ ਅੱਡੇ ਦੇ ਸਥਾਨਕ ਪੁਲਿਸ ਅਧਿਕਾਰੀਆਂ ਤੱਕ ਸੁਰੱਖਿਆ ਪ੍ਰਬੰਧਾਂ ਸਬੰਧੀ ਵਿਸ਼ੇਸ਼ ਹਦਾਇਤਾਂ ਕਿਉਂ ਨਹੀਂ ਪਹੁੰਚੀਆਂ? ਸੀ.ਆਈ.ਐੱਸ.ਐੱਫ. ਨੂੰ ਸਹਾਇਤਾ ਲਈ ਪੱਤਰ ਭੇਜੇ ਜਾਣ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਹਾਲੇ ਤੱਕ ਕੋਈ ਵਿਸ਼ੇਸ਼ ਆਦੇਸ਼ ਨਾ ਮਿਲਣ ਵਿਚਕਾਰ ਤਾਲਮੇਲ ਦੀ ਸਥਿਤੀ ਵੀ ਸਪੱਸ਼ਟ ਹੋਣੀ ਬਾਕੀ ਹੈ। ਹੁਣ ਦੇਖਣਾ ਹੋਵੇਗਾ ਕਿ ਸੰਸਦ ਮੈਂਬਰ ਦੀ 21 ਨਵੰਬਰ ਨੂੰ ਆਮਦ ਅਤੇ ਉਸੇ ਦਿਨ ਰਵਾਨਗੀ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਸੁਰੱਖਿਆ ਦੇ ਕੀ ਪ੍ਰਬੰਧ ਕੀਤੇ ਜਾਂਦੇ ਹਨ।