ਸੁਲਤਾਨਪੁਰ ਲੋਧੀ, 21 ਨਵੰਬਰ (ਥਿੰਦ)- ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557 ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਚੱਲ ਰਹੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਹਨ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਮੁੱਚੇ ਕੰਪਲੈਕਸ ਨੂੰ ਸੁੰਦਰ ਲੜੀਆਂ ਨਾਲ ਸਜਾ ਦਿੱਤਾ ਗਿਆ ਹੈ ਅਤੇ ਰਾਤ ਸਮੇਂ ਸੁੰਦਰ ਬਿਜਲੀ ਲੜੀਆਂ ਵੀ ਅਦਭੁੱਤ ਦ੍ਰਿਸ਼ ਪੇਸ਼ ਕਰ ਰਹੀਆਂ ਹਨ।
ਦਰਸ਼ਨੀ ਡਿਉਢੀ ਅਤੇ ਦਰਬਾਰ ਹਾਲ ਨੂੰ ਬਹੁਤ ਹੀ ਸ਼ਾਨਦਾਰ ਦੇਸੀ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਹੈ, ਜੋ ਕਿ ਮਨਮੋਹਕ ਨਜ਼ਾਰਾ ਪੇਸ਼ ਕਰ ਰਹੇ ਹਨ। ਜਿਸ ਨੂੰ ਸੰਗਤਾਂ ਆਪਣੇ ਮੋਬਾਈਲ ਫੋਨਾਂ ਵਿਚ ਕੈਦ ਕਰ ਰਹੀਆਂ ਹਨ। 'ਅਜੀਤ' ਦੀ ਟੀਮ ਵਲੋਂ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਦਰਸ਼ਨ ਕਰਨ ਮੌਕੇ ਦੇਖਿਆ ਕਿ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ ਅਤੇ ਸੰਗਤਾਂ ਦੀ ਆਮਦ ਤੇਜ਼ੀ ਨਾਲ ਹੋ ਰਹੀ ਸੀ।
ਫੁੱਲਾਂ ਦੀ ਸਜਾਵਟ ਦਾ ਕੰਮ ਲੱਗਭੱਗ ਮੁਕੰਮਲ ਹੋ ਚੁੱਕਾ ਹੈ। ਇਨ੍ਹਾਂ ਫੁੱਲਾਂ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਡਾਕਟਰ ਹੀਰਾ ਸਿੰਘ ਡਾਇਮੰਡ ਅਤੇ ਸੁਖਵਿੰਦਰ ਸਿੰਘ ਡਡਵਿੰਡੀ ਵਲੋਂ ਕੀਤੀ ਗਈ ਹੈ। ਇਸ ਮੌਕੇ ਅਜੀਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਕਾਹਲਵਾਂ ਨੇ ਦੱਸਿਆ ਕਿ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤਾਂ ਲਈ ਰਿਹਾਇਸ਼ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਬੇਬੇ ਨਾਨਕੀ ਨਿਵਾਸ ਵਿਚ ਆਧੁਨਿਕ ਕਮਰੇ ਅਤੇ ਹਾਲ ਸੰਗਤਾਂ ਲਈ ਹਰ ਸਮੇਂ ਉਪਲੱਬਧ ਹੋਣਗੇ। ਇਸ ਦੇ ਨਾਲ ਹੀ ਲੰਗਰ ਹਾਲ ਵਿਚ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜਿੱਥੇ ਸੰਗਤਾਂ 24 ਘੰਟੇ ਲੰਗਰ ਛੱਕ ਸਕਦੀਆਂ ਹਨ।