ਚੋਗਾਵਾਂ/ਅੰਮ੍ਰਿਤਸਰ, 22 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਚੌਂਕੀ ਕੱਕੜ ਅਧੀਨ ਆਉਂਦੇ ਸਰਹੱਦੀ ਪਿੰਡ ਰਾਣੀਆਂ ਵਿਖੇ ਕੰਡਿਆਲੀ ਤਾਰੋਂ ਪਾਰ ਬੀਜੀ ਕਣਕ ਦੀ ਫ਼ਸਲ ਨੂੰ ਧੱਕੇ ਨਾਲ ਵਾਹ ਕੇ ਬਰਬਾਦ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਰਾਣੀਆਂ ਦੇ ਕਿਸਾਨ ਅਜੀਤ ਸਿੰਘ ਪੁੱਤਰ ਸੰਤੋਖ ਸਿੰਘ ਨੇ ਦੋਸ਼ ਲਗਾਇਆ ਕਿ ਉਹ ਪਿੰਡ ਰਾਣੀਆਂ ਦੀ ਹਦੂਦ ਅੰਦਰ ਕੰਡਿਆਲੀ ਤਾਰੋਂ ਪਾਰ ਆਪਣੀ ਅੱਠ ਏਕੜ ਮਾਲਕੀ ਜ਼ਮੀਨ ਪਿਛਲੇ 60 ਸਾਲਾਂ ਤੋਂ ਵਾਹ ਰਹੇ ਹਨ। ਉਨ੍ਹਾਂ ਨੇ ਇਸ ਜ਼ਮੀਨ ਵਿੱਚ ਕਣਕ ਦੀ ਫ਼ਸਲ ਬੀਜੀ ਹੋਈ ਸੀ।
ਬੀਤੇ ਦਿਨੀਂ ਪਿੰਡ ਕੱਕੜ ਦੇ ਰਹਿਣ ਵਾਲੇ ਰੁਲਦਾ ਸਿੰਘ ਅਤੇ ਸੇਵਕ ਸਿੰਘ ਨੇ ਕਥਿਤ ਤੌਰ 'ਤੇ ਧੱਕੇ ਨਾਲ ਉਨ੍ਹਾਂ ਦੀ ਚਾਰ ਏਕੜ ਜ਼ਮੀਨ ਵਾਹ ਕੇ ਖੜ੍ਹੀ ਫ਼ਸਲ ਬਰਬਾਦ ਕਰ ਦਿੱਤੀ। ਪੀੜਤ ਕਿਸਾਨ ਨੇ ਦੱਸਿਆ ਕਿ ਘਟਨਾ ਸਬੰਧੀ ਉਨ੍ਹਾਂ ਵਲੋਂ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ, ਪਰ ਪੁਲਿਸ ਉਸ ਸਮੇਂ ਮੌਕੇ 'ਤੇ ਜਾਇਜ਼ਾ ਲੈਣ ਨਹੀਂ ਪਹੁੰਚੀ। ਇਸ ਸਬੰਧੀ ਵਿਰੋਧੀ ਧਿਰ ਦੇ ਰੁਲਦਾ ਸਿੰਘ ਅਤੇ ਸੇਵਕ ਸਿੰਘ ਨੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਜ਼ਮੀਨ ਉਨ੍ਹਾਂ ਦੀ ਪਿਤਾ ਪੁਰਖੀ ਹੈ, ਜੋ 1975 ਵਿਚ ਤੇਜਾ ਸਿੰਘ ਨੂੰ ਅਲਾਟ ਹੋਈ ਸੀ। ਤੇਜਾ ਸਿੰਘ ਨੇ ਰੁਲਦਾ ਸਿੰਘ ਦੇ ਨਾਮ 'ਤੇ ਗਿਰਦਾਵਰੀ ਕੀਤੀ ਸੀ, ਜਿਸ ਦਾ ਸਾਰਾ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਉਲਟਾ ਦੋਸ਼ ਲਗਾਇਆ ਕਿ ਅਜੀਤ ਸਿੰਘ ਪੁੱਤਰ ਸੰਤੋਖ ਸਿੰਘ ਅਤੇ ਹੋਰ ਵਿਅਕਤੀ ਜ਼ਮੀਨ 'ਤੇ ਨਾਜਾਇਜ਼ ਕਾਬਜ਼ ਹਨ ਤੇ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
ਇਸ ਮਾਮਲੇ ਸਬੰਧੀ ਜਦੋਂ ਪੁਲਿਸ ਚੌਂਕੀ ਕੱਕੜ ਦੇ ਇੰਚਾਰਜ ਜਗਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਅੱਜ ਮੌਕੇ 'ਤੇ ਜਾ ਕੇ ਵਾਹੀ ਗਈ ਫ਼ਸਲ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਦੋਵਾਂ ਧਿਰਾਂ ਦੇ ਰਿਕਾਰਡ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ ਵਿਚ ਲਿਆਂਦੀ ਜਾਵੇਗੀ।