ਚੋਗਾਵਾਂ/ਅੰਮ੍ਰਿਤਸਰ, 23 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ ਅੱਜ ਲੋਪੋਕੇ ਸਟੇਡੀਅਮ ਵਿਖੇ 7 ਦਸੰਬਰ 2026 ਨੂੰ ਚੰਡੀਗੜ੍ਹ ਵਿਖੇ ਲੱਗਣ ਵਾਲੇ ਪੱਕੇ ਮੋਰਚੇ ਦੀ ਤਿਆਰੀ ਵਜੋਂ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਜੋਨ, ਚੋਗਾਵਾਂ, ਰਾਮ ਤੀਰਥ, ਮੋਰਚਾ ਸਾਹਿਬ, ਬਾਊਲੀ ਸਾਹਿਬ, ਬਾਬਾ ਸੋਹਣ ਸਿੰਘ ਭਕਨਾ ਜ਼ੋਨਾਂ ਦਾ ਵਿਸ਼ਾਲ ਇਕੱਠ ਹੋਇਆ, ਜਿਸ ਵਿਚ ਕਿਸਾਨ-ਮਜ਼ਦੂਰ ਵੱਡੀ ਗਿਣਤੀ ਵਿਚ ਟਰੈਕਟਰ-ਟਰਾਲੀਆਂ ਲੈ ਕੇ ਸ਼ਾਮਲ ਹੋਏ।
ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਭਗਵੰਤ ਮਾਨ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰਦਿਆਂ ਮੰਗ ਕੀਤੀ ਕਿ ਘੱਟ ਪਾਣੀ ਵਾਲੀਆਂ ਪੰਜ ਫ਼ਸਲਾਂ (ਮੂੰਗੀ, ਮੱਕੀ, ਆਲੂ, ਬਾਸਮਤੀ ਅਤੇ ਸਰ੍ਹੋਂ) ਦੀ ਸਰਕਾਰੀ ਖ਼ਰੀਦ ਦੀ ਗਾਰੰਟੀ ਦਿੱਤੀ ਜਾਵੇ ਅਤੇ ਸਰਕਾਰ ਆਪਣੇ ਖ਼ਰਚੇ 'ਤੇ ਫ਼ਸਲੀ ਬੀਮਾ ਯੋਜਨਾ ਲਾਗੂ ਕਰੇ। ਇਸ ਤੋਂ ਇਲਾਵਾ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ, ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਢੁੱਕਵੀਂ ਰਾਹਤ ਦੇਣ ਅਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਦਾ ਗਠਜੋੜ ਤੋੜ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੰਗ ਕੀਤੀ ਗਈ।
ਆਗੂਆਂ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈਣ, ਜ਼ਬਰਦਸਤੀ ਸਮਾਰਟ ਮੀਟਰ ਲਗਾਉਣੇ ਬੰਦ ਕਰਨ ਅਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਭਾਰਤ-ਅਮਰੀਕਾ ਸਮਝੌਤੇ ਸਮੇਤ ਸਾਰੇ ਮੁਕਤ ਵਪਾਰ ਸਮਝੌਤੇ, ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਸਹਿਕਾਰੀ ਐਕਟ ਰੱਦ ਕਰਨ ਦਾ ਮਤਾ ਪਾਸ ਕਰਨ ਦੀ ਮੰਗ ਉਭਾਰੀ। 7 ਦਸੰਬਰ ਨੂੰ ਚੰਡੀਗੜ੍ਹ ਵਿਖੇ ਲੱਗਣ ਵਾਲੇ ਪੱਕੇ ਮੋਰਚੇ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਮਜ਼ਦੂਰਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਲਖਵਿੰਦਰ ਸਿੰਘ ਡਾਲਾ, ਕੁਲਜੀਤ ਸਿੰਘ ਘੱਣੁਪੁਰ ਕਾਲੇ, ਜ਼ਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ, ਕੁਲਬੀਰ ਸਿੰਘ ਲੋਪੋਕੇ, ਸੁਖਜਿੰਦਰ ਸਿੰਘ ਲੋਪੋਕੇ, ਗੁਰਪ੍ਰਤਾਪ ਸਿੰਘ ਕੱਕੜ, ਸ਼ਰਨਪਾਲ ਸਿੰਘ ਬੱਚੀਵਿੰਡ, ਪ੍ਰਧਾਨ ਗੁਰਲਾਲ ਸਿੰਘ ਕੱਕੜ, ਸਾਹਿਬ ਸਿੰਘ ਕੱਕੜ , ਪ੍ਰਗਟ ਸਿੰਘ ਚੋਗਾਵਾਂ, ਹਰਜੀਤ ਸਿੰਘ ਸ਼ਹੂਰਾ, ਸੁਖਵਿੰਦਰ ਸਿੰਘ ਕੋਲੋਵਾਲ, ਦਿਆਲ ਸਿੰਘ, ਫਤਿਹ ਸਿੰਘ ਲੋਪੋਕੇ, ਸੁਖਦਿਆਲ ਸਿੰਘ ਚੱਕ ਅਤੇ ਭੁਪਿੰਦਰ ਸਿੰਘ ਮਾਲੂਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਤੇ ਬੀਬੀਆਂ ਹਾਜ਼ਰ ਸਨ।