ਗੁਰਦਾਸਪੁਰ, 27 ਨਵੰਬਰ (ਰੋਹਿਤ ਗੁਪਤਾ)- ਰਾਜਸਥਾਨ ਪੁਲਿਸ ਨੇ ਸ੍ਰੀ ਗੰਗਾਨਗਰ ਰੇਲਵੇ ਟ੍ਰੈਕ ਧਮਾਕੇ ਦੇ ਮਾਮਲੇ ਵਿਚ ਗੁਰਦਾਸਪੁਰ ਨਾਲ ਹੀ ਸੰਬੰਧਿਤ ਚੌਥੀ ਗ੍ਰਿਫ਼ਤਾਰੀ ਕੀਤੀ ਹੈ, ਜਿਸ ਵਿਚ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਉਰਫ਼ ਰੋਹਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਦੋਸ਼ੀ ਰਵਿੰਦਰ ਸਿੰਘ ਦਾ ਪਿਤਾ ਕੁਲਦੀਪ ਸਿੰਘ ਦੋਰਾਂਗਲਾ ਪੁਲਿਸ ਸਟੇਸ਼ਨ ਵਿਚ ਕਾਂਸਟੇਬਲ ਦੇ ਤੌਰ ’ਤੇ ਤਾਇਨਾਤ ਹੈ। ਰਵਿੰਦਰ ਸਿੰਘ ਇਸ ਮਾਮਲੇ ਵਿਚ ਗ੍ਰਿਫ਼ਤਾਰ ਪਹਿਲੇ ਮੁਲਜ਼ਮ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਦਾ ਦੋਸਤ ਹੈ ਅਤੇ ਉਹ ਇਕੱਠੇ ਸਕੂਲ ਪੜ੍ਹਦੇ ਸਨ। ਜਾਣਕਾਰੀ ਮਿਲੀ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਬਲਾਸਟ ਵਿਚ ਰਵਿੰਦਰ ਸਿੰਘ ਰੋਹਿਤ ਦਾ ਕਿੰਨਾ ਕੁ ਰੋਲ ਹੈ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮਾਮਲੇ ਵਿਚ ਪਹਿਲਾਂ ਤੋਂ ਫੜੀ ਗਈ ਲੜਕੀ ਮਹਿਕਦੀਪ ਵੀ ਇਸੇ ਪਿੰਡ ਦੋਸਤਪੁਰ ਦੀ ਹੀ ਰਹਿਣ ਵਾਲੀ ਹੈ ਜਦਕਿ ਮਾਮਲੇ ਵਿਚ ਪਹਿਲਾਂ ਤੋਂ ਗ੍ਰਿਫਤਾਰ ਉਸ ਦਾ ਇਕ ਸਾਥੀ ਦਵਿੰਦਰ ਸਿੰਘ ਦੋਸਪੁਰ ਦੇ ਨਜ਼ਦੀਕੀ ਪਿੰਡ ਚੋੜਾ ਕਲਾ ਦਾ ਰਹਿਣ ਵਾਲਾ ਹੈ। ਇਸ ਤਰਾਂ ਸ੍ਰੀ ਗੰਗਾਨਗਰ ਪੁਲਿਸ ਵਲੋਂ ਰੇਲਵੇ ਧਮਾਕੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚੋਂ ਚਾਰ ਮੁੱਖ ਸਾਜਿਸ਼ ਕਰਤਾ ਗੁਰਦਾਸਪੁਰ ਨਾਲ ਸੰਬੰਧਿਤ ਨਿਕਲੇ ਹਨ।