ਨਵੀਂ ਦਿੱਲੀ, 3 ਸਤੰਬਰ (ਪੀ.ਟੀ.ਆਈ)-ਦੋ ਸਾਲ ਤੋਂ ਵੱਧ ਸਮੇਂ ਤੋਂ ਉਡਾਣਾਂ ਚਲਾ ਰਹੀ ਖੇਤਰੀ ਹਵਾਈ ਕੰਪਨੀ ਫਲਾਈ91 ਨੇ 40 ਨਵੇਂ ਏ.ਟੀ.ਆਰ. 72-600 ਟਰਬੋ-ਪ੍ਰਾਪ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਇਨ੍ਹਾਂ ਜਹਾਜ਼ਾਂ ਦੀ ਕੀਮਤ ਲਗਭਗ 1 ਅਰਬ ਅਮਰੀਕੀ ਡਾਲਰ ਹੈ। ਇਹ ਦੁਨੀਆ ਪੱਧਰ ’ਤੇ ਕਿਸੇ ਖੇਤਰੀ ਹਵਾਈ ਕੰਪਨੀ ਵਲੋਂ ਏ.ਟੀ.ਆਰ. ਜਹਾਜ਼ਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਵੀ ਹੈ। ਕੰਪਨੀ ਦੇ ਚੇਅਰਮੈਨ ਹਰਸ਼ਾ ਰਾਘਵਨ ਨੇ ਕਿਹਾ ਕਿ 40 ਜਹਾਜ਼ਾਂ ਦੇ ਇਸ ਆਰਡਰ ਦੀ ਕੀਮਤ ਲਗਭਗ 1 ਅਰਬ ਅਮਰੀਕੀ ਡਾਲਰ ਹੈ।
ਹਵਾਈ ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ 40 ਜਹਾਜ਼ਾਂ ਦਾ ਇਹ ਇਤਿਹਾਸਕ ਆਰਡਰ ਇੱਕ ਵੱਡਾ ਖੇਤਰੀ ਨੈੱਟਵਰਕ ਤਿਆਰ ਕਰਨ ਅਤੇ ਦੇਸ਼ ਭਰ ਦੇ ਅਜਿਹੇ ਸ਼ਹਿਰਾਂ ਨੂੰ ਜੋੜਨ ’ਚ ਮਦਦ ਕਰੇਗਾ, ਜਿਥੇ ਅਜੇ ਤੱਕ ਹਵਾਈ ਨਹੀਂ ਹੈ ਜਾਂ ਬਹੁਤ ਘੱਟ ਹੈ। ਕੰਪਨੀ ਦੇ ਸੰਸਥਾਪਕ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਮਨੋਜ ਚਾਕੋ ਨੇ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਦੀ ਡਿਲਿਵਰੀ 2027 ਦੇ ਅੰਤ ਤੋਂ ਸ਼ੁਰੂ ਹੋਵੇਗੀ ਅਤੇ ਸਾਰੇ ਜਹਾਜ਼ 2032 ਤੱਕ ਮਿਲ ਜਾਣ ਦੀ ਉਮੀਦ ਹੈ। ਰਾਸ਼ਟਰੀ ਰਾਜਧਾਨੀ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ, ਏ.ਟੀ.ਆਰ. ਦੀ ਸੀ.ਈ.ਓ. ਨੈਥਲੀ ਤਾਰਨੋ ਲਾਊਡ, ਫਲਾਈ91 ਦੇ ਚੇਅਰਮੈਨ ਰਾਘਵਨ, ਏ.ਟੀ.ਆਰ. ਦੇ ਚੀਫ ਕਮਰਸ਼ੀਅਲ ਅਫਸਰ ਐਲੈਕਸਿਸ ਵਿਡਾਲ, ਚਾਕੋ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ’ਚ ਜਹਾਜ਼ਾਂ ਦੇ ਆਰਡਰ ’ਤੇ ਦਸਤਖ਼ਤ ਕੀਤੇ ਗਏ। ਇਸ ਸਮੇਂ ਫਲਾਈ91 ਦੇ ਬੇੜੇ ’ਚ ਛੇ ਏ.ਟੀ.ਆਰ. 72-600 ਜਹਾਜ਼ ਹਨ ਅਤੇ ਕੰਪਨੀ ਹਰ ਹਫ਼ਤੇ 280 ਤੋਂ ਵੱਧ ਉਡਾਣਾਂ ਚਲਾਉਂਦੀ ਹੈ।