ਬੱਲੂਆਣਾ (ਬਠਿੰਡਾ), 10 ਸਤੰਬਰ (ਗੁਰਨੈਬ ਸਾਜਨ)- ਕਹਿੰਦੇ ਨੇ ਕਿ ਮੰਜ਼ਿਲਾਂ ਉਹਨਾਂ ਨੂੰ ਹੀ ਮਿਲਦੀਆਂ ਹਨ, ਜਿੰਨ੍ਹਾਂ ਦੇ ਸੁਪਨਿਆਂ ਵਿਚ ਜਾਨ ਹੁੰਦੀ ਹੈ; ਇਕੱਲੇ ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਸਲਿਆਂ ਨਾਲ ਉਡਾਣ ਹੁੰਦੀ ਹੈ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿਰਕ ਕਲਾਂ ਵਿਚ ਇਕ ਸਧਾਰਨ ਕਿਸਾਨ ਗੁਰਮੀਤ ਸਿੰਘ ਵਿਰਕ ਪੁੱਤਰ ਬਲਵਿੰਦਰ ਸਿੰਘ ਵਿਰਕ ਦੇ ਘਰ ਮਾਤਾ ਮਨਪ੍ਰੀਤ ਕੌਰ ਵਿਰਕ ਦੀ ਕੁੱਖੋਂ ਜਨਮਿਆਂ ਜਸਲੀਨ ਸਿੰਘ ਜਸ਼ਨ ਵਿਰਕ ਸਾਲ 2018 ਵਿਚ, ਆਪਣਾ ਪਿੰਡ, ਆਪਣਾ ਪਰਿਵਾਰ ਅਤੇ ਆਪਣੀ ਜਾਣੀ-ਪਛਾਣੀ ਦੁਨੀਆਂ ਨੂੰ ਪਿੱਛੇ ਛੱਡ ਕੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ। ਦਿਲ ਵਿਚ ਕੁਝ ਸੁਪਨੇ ਸਨ, ਪਰਿਵਾਰ ਦੀਆਂ ਉਮੀਦਾਂ ਅਤੇ ਸਾਹਮਣੇ ਇੱਕ ਅਜਿਹੀ ਦੁਨੀਆ ਸੀ ਜਿੱਥੇ ਹਰ ਚੀਜ਼ ਨਵੀਂ ਸੀ।
ਕੈਨੇਡਾ ਆ ਕੇ ਉਸਨੇ ਹਾਸਪੀਟਲਟੀ ਦੀ ਪੜ੍ਹਾਈ ਕੀਤੀ, ਪਰ ਉਸਦੀ ਅਸਲੀ ਪੜ੍ਹਾਈ ਸਿਰਫ਼ ਕਾਲਜ ਦੀਆਂ ਕਿਤਾਬਾਂ ਤੱਕ ਸੀਮਿਤ ਨਹੀਂ ਸੀ। ਕਾਰ ਵਾਸ਼ ਵਿੱਚ ਗੱਡੀਆਂ ਸਾਫ਼ ਕੀਤੀਆਂ, ਕਦੇ ਕੰਸਟਰਕਸ਼ਨ ਵਿਚ ਮਿਹਨਤ ਕੀਤੀ, ਕਦੇ ਫੈਕਟਰੀਆਂ ਵਿਚ ਕੰਮ ਕੀਤਾ। ਉਸਨੇ ਵੱਖ-ਵੱਖ ਰੈਸਟੋਰੈਂਟਾਂ ਵਿਚ ਕੁੱਕ ਵਜੋਂ ਕੰਮ ਕੀਤਾ, ਫਿਟਨੈੱਸ ਕੋਚ ਬਣਿਆ ਅਤੇ ਫਿਰ ਸੁਰੱਖਿਆ ਦੇ ਖੇਤਰ ਵਿਚ ਇਕ ਸਿਕਿਉਰਟੀ ਗਾਰਡ ਵਜੋਂ ਆਪਣਾ ਸਫ਼ਰ ਸ਼ੁਰੂ ਕੀਤੀ। ਲੰਬੀਆਂ ਸ਼ਿਫਟਾਂ, ਥਕਾਵਟ, ਮੁਸ਼ਕਲ ਦਿਨ, ਘਰ ਤੋਂ ਦੂਰੀ ਅਤੇ ਜ਼ਿੰਦਗੀ ਦੀਆਂ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਉਸਨੇ ਕਦੇ ਆਪਣੇ ਹਾਲਾਤਾਂ ਨੂੰ ਆਪਣੀ ਪਹਿਚਾਣ ਨਹੀਂ ਬਣਨ ਦਿੱਤਾ। ਸੁਰੱਖਿਆ ਦੇ ਖੇਤਰ ਵਿਚ ਵੀ ਉਹ ਲਗਾਤਾਰ ਅੱਗੇ ਵਧਦਾ ਗਿਆ ਅਤੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲੀਡਰਸ਼ਿਪ ਦੇ ਬਲ ’ਤੇ ਆਖ਼ਿਰਕਾਰ ਸਿਕਿਉਰਿਟੀ ਮੈਨੇਜਰ ਦੇ ਅਹੁਦੇ ਤੱਕ ਪਹੁੰਚਿਆ, ਉਸਦਾ ਕੈਨੇਡਾ ਵਿੱਚ ਪੁਲਿਸ ਅਫ਼ਸਰ ਬਣਨ ਦਾ ਸੁਪਨਾ ਸੀ ਪਰ ਰਾਸਤਾ ਆਸਾਨ ਨਹੀਂ ਸੀ। ਪਰ ਉਸਨੇ ਹਾਰ ਨਹੀਂ ਮੰਨੀ।
ਨਵੰਬਰ 2025 ਵਿਚ ਸਾਲਾਂ ਦੀ ਮਿਹਨਤ, ਸਬਰ ਅਤੇ ਕੁਰਬਾਨੀਆਂ ਦਾ ਫਲ ਮਿਲਿਆ, ਜਦੋਂ ਜਸ਼ਨ ਨੂੰ ਪੀਲ ਰਿਜਨਲ ਪੁਲਿਸ ਵਲੋਂ ਪੁਲਿਸ ਅਫ਼ਸਰ ਵਜੋਂ ਚੁਣ ਲਿਆ ਗਿਆ।
ਜਿਸ ਨੌਜਵਾਨ ਨੇ ਕਦੇ ਕੈਨੇਡਾ ਵਿਚ ਕਾਰਾਂ ਸਾਫ਼ ਕਰਨ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਉਹ ਹੁਣ ਉਸੇ ਦੇਸ਼ ਵਿਚ ਲੋਕਾਂ ਦੀ ਸੁਰੱਖਿਆ ਅਤੇ ਸੇਵਾ ਕਰਨ ਲਈ ਪੁਲਿਸ ਦੀ ਵਰਦੀ ਪਹਿਨਣ ਜਾ ਰਿਹਾ ਸੀ। ਅਗਸਤ 2026 ਵਿਚ ਉਸਨੇ ਆਪਣੀ ਪੁਲਿਸ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕੀਤੀ ਅਤੇ ਪੀਲ ਰਿਜਨਲ ਪੁਲਿਸ ਦਾ ਪੂਰੀ ਤਰ੍ਹਾਂ ਸੇਵਾ ਨਿਭਾਉਣ ਵਾਲਾ ਪੁਲਿਸ ਅਫ਼ਸਰ ਬਣ ਗਿਆ।
ਉਸ ਦਿਨ ਉਸਦੀ ਵਰਦੀ ’ਤੇ ਲੱਗਿਆ ਬੈਜ ਸਿਰਫ਼ ਇਕ ਪੁਲਿਸ ਬੈਜ ਨਹੀਂ ਸੀ। ਉਸ ਵਿਚ ਇਕ ਕਿਸਾਨ ਪਰਿਵਾਰ ਦੀਆਂ ਉਮੀਦਾਂ ਸਨ। ਉਸ ਵਿਚ ਮਾਪਿਆਂ ਦੀਆਂ ਦੁਆਵਾਂ ਸਨ। ਉਸ ਵਿਚ 19 ਸਾਲ ਦੇ ਉਸ ਨੌਜਵਾਨ ਦਾ ਸੁਪਨਾ ਸੀ ਜੋ ਇਕ ਛੋਟੇ ਜਿਹੇ ਪਿੰਡ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਆਪਣੀ ਕਿਸਮਤ ਬਣਾਉਣ ਨਿਕਲਿਆ ਸੀ। ਉਸ ਵਿਚ ਕਾਰ ਵਾਸ਼ ਤੋਂ ਲੈ ਕੇ ਕੰਸਟਰਕਸ਼ਨ, ਫੈਕਟਰੀਆਂ, ਰੈਸਟੋਰੈਂਟਾਂ ਅਤੇ ਸਿਕਿਉਰਿਟੀ ਦੀਆਂ ਅਣਗਿਣਤ ਸ਼ਿਫਟਾਂ ਦੀ ਮਿਹਨਤ ਸੀ ਅਤੇ ਸਭ ਤੋਂ ਵੱਧ, ਉਸ ਵਿੱਚ ਕਦੇ ਹਾਰ ਨਾ ਮੰਨਣ ਵਾਲੇ ਇਨਸਾਨ ਦੀ ਕਹਾਣੀ ਸੀ।
ਵਿਰਕ ਕਲਾਂ ਦੇ ਇਕ ਸਧਾਰਨ ਕਿਸਾਨ ਪਰਿਵਾਰ ਦੇ ਪੁੱਤਰ ਤੋਂ ਲੈ ਕੇ ਕੈਨੇਡਾ ਚ ਪੁਲਿਸ ਅਫ਼ਸਰ ਬਣਨ ਤੱਕ ਦਾ ਜਸ਼ਨ ਦਾ ਇਹ ਸਫ਼ਰ ਸਾਨੂੰ ਇੱਕ ਗੱਲ ਸਿਖਾਉਂਦਾ ਹੈ— ਇਨਸਾਨ ਕਿੱਥੋਂ ਸ਼ੁਰੂ ਕਰਦਾ ਹੈ, ਇਹ ਉਸਦੀ ਕਿਸਮਤ ਦਾ ਫੈਸਲਾ ਨਹੀਂ ਕਰਦਾ। ਉਹ ਕਿੰਨੀ ਮਿਹਨਤ ਕਰਦਾ ਹੈ, ਕਿੰਨੀ ਵਾਰ ਡਿੱਗ ਕੇ ਮੁੜ ਖੜ੍ਹਾ ਹੁੰਦਾ ਹੈ ਅਤੇ ਆਪਣੇ ਸੁਪਨੇ ਉੱਤੇ ਕਿੰਨਾ ਵਿਸ਼ਵਾਸ ਰੱਖਦਾ ਹੈ—ਇਹ ਉਸਦੀ ਮੰਜ਼ਿਲ ਤੈਅ ਕਰਦਾ ਹੈ।
ਅੱਜ ਜਸ਼ਨ ਦੀ ਕਹਾਣੀ ਸਿਰਫ਼ ਉਸਦੀ ਆਪਣੀ ਕਾਮਯਾਬੀ ਦੀ ਕਹਾਣੀ ਨਹੀਂ। ਇਹ ਹਰ ਉਸ ਨੌਜਵਾਨ ਲਈ ਇਕ ਸੁਨੇਹਾ ਹੈ ਜੋ ਇੱਕ ਛੋਟੇ ਪਿੰਡ, ਇਕ ਸਧਾਰਨ ਪਰਿਵਾਰ ਜਾਂ ਮੁਸ਼ਕਲ ਹਾਲਾਤਾਂ ਵਿਚੋਂ ਨਿਕਲ ਕੇ ਕੋਈ ਵੱਡਾ ਸੁਪਨਾ ਦੇਖ ਰਿਹਾ ਹੈ। ਆਪਣੀ ਸ਼ੁਰੂਆਤ ਨੂੰ ਕਦੇ ਆਪਣੀ ਹੱਦ ਨਾ ਸਮਝੋ। ਮਿਹਨਤ ਕਰਦੇ ਰਹੋ। ਆਪਣੇ ਮਕਸਦ ਨਾਲ ਵਫ਼ਾਦਾਰ ਰਹੋ। ਠੋਕਰਾਂ ਤੋਂ ਡਰੋ ਨਾ ਅਤੇ ਸਭ ਤੋਂ ਵੱਧ—ਆਪਣੇ ਸੁਪਨੇ ਨੂੰ ਕਦੇ ਮਰਨ ਨਾ ਦਿਓ।
ਕਿਉਂਕਿ ਕਈ ਵਾਰ ਇਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੋਇਆ ਸਫ਼ਰ ਵੀ ਇਕ ਦਿਨ ਉਸ ਮੁਕਾਮ ਤੱਕ ਪਹੁੰਚ ਜਾਂਦਾ ਹੈ, ਜਿਸਨੂੰ ਕਦੇ ਲੋਕ ਸਿਰਫ਼ ਸੁਪਨਾ ਕਹਿੰਦੇ ਸਨ।