10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਡੱਬਵਾਲੀ ਪੁਲਿਸ ਨੇ ਨਸ਼ਾ ਤਸਕਰੀ ਨਾਲ ਜੁੜੀ ਜਾਇਦਾਦ ’ਤੇ ਸ਼ਿਕੰਜਾ ਕੱਸਿਆਂ, 1.29 ਕਰੋੜ ਦੀ ਜਾਇਦਾਦ ਫਰੀਜ਼

ਡੱਬਵਾਲੀ (ਹਰਿਆਣਾ), 10 ਸਤੰਬਰ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰੀ ਨਾਲ ਜੁੜੀ ਜਾਇਦਾਦ ’ਤੇ...

ਅਜੀਤ ਡੈਸਕ 10-09-2026

ਡੱਬਵਾਲੀ (ਹਰਿਆਣਾ), 10 ਸਤੰਬਰ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰੀ ਨਾਲ ਜੁੜੀ ਜਾਇਦਾਦ ’ਤੇ ਸ਼ਿਕੰਜਾ ਕੱਸਦਿਆਂ ਕਿਲਿਆਂਵਾਲੀ ਵਾਸੀ ਕੁਲਵੰਤ ਸਿੰਘ ਦੀ ਕਰੀਬ 1.29 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਫਰੀਜ਼ ਕੀਤੀ ਹੈ। ਕਾਰਵਾਈ ਵਿਚ ਜ਼ਮੀਨ, ਦੋ ਮਕਾਨ, ਦੁਕਾਨ, ਚਾਰ ਵਾਹਨ ਤੇ ਛੇ ਬੈਂਕ ਖਾਤੇ ਸ਼ਾਮਲ ਹਨ। ਐੱਨਡੀਪੀਐੱਸ ਐਕਟ ਦੀ ਧਾਰਾ 68ਐੱਫ(1) ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਚਾਰ ਵਹੀਕਲਾਂ ਵਿਚ ਹੁੰਡਈ ਕਰੇਟਾ (ਕਰੀਬ 15 ਲੱਖ ਰੁਪਏ), ਟੋਇਟਾ ਫਾਰਚੂਨਰ (6.12 ਲੱਖ ਰੁਪਏ), ਮਹਿੰਦਰਾ ਬਲੈਰੋ (5.95 ਲੱਖ ਰੁਪਏ) ਅਤੇ ਅਸ਼ੋਕ ਲੇਲੈਂਡ ਟਰੱਕ (22.65 ਲੱਖ ਰੁਪਏ) ਸ਼ਾਮਲ ਹਨ।

97 ਕਿਲੋ ਪੋਸਤ ਚੂਰਾ ਡੋਡਾ ਬਰਾਮਦਗੀ ਸਬੰਧੀ 2023 ਦੇ ਡੱਬਵਾਲੀ ਮਾਮਲੇ ਵਿਚ ਕੁਲਵੰਤ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਵਿੱਤੀ ਜਾਂਚ ਕੀਤੀ ਗਈ। ਜਿਸਦੇ ਆਧਾਰ ’ਤੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 68ਐੱਫ(1) ਤਹਿਤ 10 ਅਗਸਤ 2026 ਨੂੰ ਜਾਇਦਾਦ ਫਰੀਜ਼ ਕਰਨ ਦਾ ਹੁਕਮ ਜਾਰੀ ਹੋਇਆ। ਸਮਰੱਥ ਅਧਿਕਾਰੀ ਦੀ ਮਨਜ਼ੂਰੀ ਮਗਰੋਂ ਕਾਰਵਾਈ ਕੀਤੀ ਗਈ। ਪੁਲਿਸ ਬੁਲਾਰੇ ਆਨੰਦ ਕੁਮਾਰ ਮੁਤਾਬਕ ਪਿੰਡ ਸ਼ੇਰਗੜ੍ਹ ਦੀ 4 ਕਨਾਲ 9 ਮਰਲੇ ਅਤੇ 12 ਕਨਾਲ 11 ਮਰਲੇ ਖੇਤੀਬਾੜੀ ਜ਼ਮੀਨ, ਕਿਲਿਆਂਵਾਲੀ ਸਥਿਤ ਪਹਿਲੀ ਮੰਜ਼ਿਲ ਮਕਾਨ ਅਤੇ ਹੇਠਾਂ ਬਣੀ ਦੁਕਾਨ (23.60 ਲੱਖ ਰੁਪਏ) ਅਤੇ ਗੁਰੂ ਜੰਭੇਸ਼ਵਰ ਨਗਰ, ਡੱਬਵਾਲੀ ਸਥਿਤ ਮਕਾਨ (9.29 ਲੱਖ ਰੁਪਏ) ਫਰੀਜ਼ ਕੀਤੇ ਗਏ ਹਨ। ਛੇ ਬੈਂਕ ਖਾਤਿਆਂ ’ਚ ਕਰੀਬ 10.60 ਲੱਖ ਰੁਪਏ ਦੀ ਰਕਮ ਵੀ ਕਾਰਵਾਈ ਦੇ ਘੇਰੇ ਵਿੱਚ ਹੈ।

ਪੁਲਿਸ ਬੁਲਾਰੇ ਮੁਤਾਬਕ ਕੁਲਵੰਤ ਸਿੰਘ ਖ਼ਿਲਾਫ਼ ਵੱਖ-ਵੱਖ ਸੂਬਿਆਂ ਵਿਚ 13 ਮਾਮਲੇ ਦਰਜ ਹਨ। ਇਨ੍ਹਾਂ ਵਿਚੋਂ 9 ਮਾਮਲੇ ਨਸ਼ਾ ਤਸਕਰੀ ਨਾਲ ਸਬੰਧਤ ਹਨ। ਛੇ ਮਾਮਲੇ ਵਪਾਰਕ ਮਾਤਰਾ ਅਤੇ ਤਿੰਨ ਦਰਮਿਆਨੀ ਮਾਤਰਾ ਨਾਲ ਸਬੰਧਤ ਹਨ। ਸਾਲ 2010 ਦੇ ਇਕ ਮਾਮਲੇ ਵਿਚ 160 ਕਿਲੋ ਪੋਸਤ ਚੂਰਾ ਡੋਡਾ ਬਰਾਮਦ ਹੋਣ ’ਤੇ ਉਸਨੂੰ 10 ਸਾਲ ਦੀ ਸਖ਼ਤ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਹੋਈ ਸੀ। ਇਸ ਮਗਰੋਂ ਡੱਬਵਾਲੀ, ਲੰਬੀ ਅਤੇ ਰਾਜਸਥਾਨ ਵਿਚ ਉਸ ਖ਼ਿਲਾਫ਼ ਕਈ ਮਾਮਲੇ ਦਰਜ ਹੋਏ, ਜਿਨ੍ਹਾਂ ਵਿਚ 706 ਕਿਲੋ ਤੱਕ ਪੋਸਤ ਚੂਰਾ ਡੋਡਾ ਦੀ ਬਰਾਮਦਗੀ ਸ਼ਾਮਲ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਵਿਚਾਰਧੀਨ ਹਨ।

ਪਿਛਲੀ ਖ਼ਬਰ ਪੁਲਿਸ ਨੂੰ ਅਣਪਛਾਤੀ ਲਾਸ਼ ਮਿਲੀ ਅਗਲੀ ਖ਼ਬਰ ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਜਸਲੀਨ ਸਿੰਘ ਵਿਰਕ ਨੇ ਕੈਨੇਡਾ ਚ ਗੱਡੇ ਸਫ਼ਲਤਾ ਦੇ ਝੰਡੇ, ਕੈਨੇਡਾ ਪੁਲਿਸ ਵਿਚ ਬਣਿਆ ਅ...