ਤਰਨ ਤਾਰਨ, 10 ਸਤੰਬਰ (ਹਰਿੰਦਰ ਸਿੰਘ)- ਤਰਨ ਤਾਰਨ ਪੁਲਿਸ ਨੇ ਸਰਹੱਦੋਂ ਪਾਰ ਨਸ਼ਾ ਤਸਕਰੀ ਵਿਰੁੱਧ ਚਲਾਈ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦੀ ਨੇੜਿਓਂ ਪਿੰਡ ਚਾਹਲ ਬਾਬਾ ਸਾਈਂ ਜੀ ਵਾਲਾ ਦੇ ਇਲਾਕੇ ਵਿਚੋਂ ਪਾਕਿਸਤਾਨ ਵਾਲੇ ਪਾਸਿਓਂ ਆਈ 12 ਕਿੱਲੋ 70 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜੋ ਕਿ 24 ਪੈਕੇਟਾਂ ਵਿਚ ਭੇਜੀ ਗਈ।
ਬਰਾਮਦ ਕੀਤੀ ਗਈ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਬਰਾਮਦ ਕੀਤੀ ਗਈ ਹੈਰੋੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 60 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਤਰਨ ਤਾਰਨ ਦੇ ਐਸ.ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਤਰਨ ਤਾਰਨ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਪਾਕਿਸਤਾਨ ਵਾਲੇ ਪਾਸਿਓਂ ਵੱਡੇ ਪੱਧਰ ’ਤੇ ਹੈਰੋਇਨ ਦੀ ਖੇਪ ਭਾਰਤੀ ਖੇਤਰ ਵਿਚ ਪਹੁੰਚੀ ਹੈ, ਜਿਸ ’ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਬੀ.ਐੱਸ.ਐੱਫ. ਦੇ ਨਾਲ ਸਾਂਝੇ ਤੌਰ ’ਤੇ ਪਿੰਡ ਚਾਹਲ ਬਾਬਾ ਸਾਈਂ ਜੀ ਵਾਲਾ ਦੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ।
ਇਸ ਦੌਰਾਨ ਖੇਤਾਂ ਵਿਚੋਂ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਤਸਕਰੀ ਕੀਤੀ ਹੋਣ ਦਾ ਸ਼ੱਕੀ ਇਕ ਵੱਡਾ ਪਾਰਸਲ ਬਰਾਮਦ ਕੀਤਾ ਗਿਆ। ਪਾਰਸਲ ਦੀ ਜਾਂਚ ਅਤੇ ਵਜ਼ਨ ਕਰਨ ’ਤੇ ਇਸ ਵਿਚੋਂ 12 ਕਿੱਲੋ 70 ਗ੍ਰਾਮ ਹੈਰੋਇਨ, ਜੋ ਕਿ 24 ਪੈਕੇਟਾਂ ਵਿਚ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਤਸਕਰੀ ਵਿਚ ਸ਼ਾਮਿਲ ਵਿਅਕਤੀਆਂ ਦੀ ਪਛਾਣ ਕਰਨ ਅਤੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਤਰਨ ਤਾਰਨ ਪੁਲਿਸ ਸਰਹੱਦ ਪਾਰੋਂ ਹੋ ਰਹੀ ਨਸ਼ਾ ਤਸਕਰੀ ਨੂੰ ਰੋਕਣ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਵਚਨਬੱਧ ਹੈ।