ਚੋਗਾਵਾਂ/ਅੰਮ੍ਰਿਤਸਰ, 26 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਕਿਰਤੀ ਕਿਸਾਨ ਯੂਨੀਅਨ ਪੰਜਾਬ (ਏ.ਆਈ.ਕੇ.ਐਮ.ਕੇ.ਐਸ.) ਵਲੋਂ ਪਿੰਡਾਂ ਵਿਚ ਜਥੇਬੰਦਕ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਪਿੰਡ ਭੱਗੂਪੁਰ ਬੇਟ ਵਿਖੇ ਕਿਸਾਨ ਆਗੂ ਰਣਜੀਤ ਮੁਹਾਰ ਦੀ ਅਗਵਾਈ ਵਿਚ ਇਕ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਬਲਵਿੰਦਰ ਮੁਕਾਮ, ਗੁਰਮੁਖ ਕਾਕੜ, ਸਤਨਾਮ ਖਤਰਾਏ ਕਲਾ, ਸਾਬ ਸਿੰਘ, ਸਤਨਾਮ ਮੁਕਾਮ ਅਤੇ ਰਣਜੀਤ ਮੁਹਾਰ ਨੇ ਆਰਐਸਐਸ ਅਤੇ ਭਾਜਪਾ ਦੇ ਫਿਰਕੂ ਤੇ ਫਾਸ਼ੀਵਾਦੀ ਏਜੰਡੇ ਨੂੰ ਰੋਕਣ ਲਈ ਲੋਕਾਂ ਨੂੰ ਜਥੇਬੰਦ ਹੋ ਕੇ ਸਾਮਰਾਜਵਾਦ ਤੇ ਸਰਮਾਏਦਾਰੀ ਵਿਰੁੱਧ ਲੋਕ-ਪੱਖੀ ਸੰਘਰਸ਼ ਲੜਨ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਲੋਕ ਹੱਕਾਂ ਲਈ ਲੜਦਿਆਂ ਸ਼ਹੀਦ ਹੋਏ ਸ਼ਹੀਦ ਬਲਦੇਵ ਸਿੰਘ ਮਾਨ ਦੇ ਸ਼ਹੀਦੀ ਦਿਹਾੜੇ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਦੀ ਸ਼ਹਾਦਤ ਦੀ ਸਲਾਂਘਾ ਕੀਤੀ ਗਈ। ਇਕੱਠ ਵਲੋਂ "ਸ਼ਹੀਦ ਬਲਦੇਵ ਸਿੰਘ ਮਾਨ ਅਮਰ ਰਹੇ" ਅਤੇ "ਸਾਡਾ ਲਾਲ ਸਲਾਮ" ਦੇ ਨਾਅਰੇ ਲਾ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼ਹੀਦ ਮਾਨ ਦੀ ਸੋਚ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ ਗਿਆ, ਜੋ ਹਮੇਸ਼ਾ ਕਿਰਤੀਆਂ ਦੇ ਦਿਲਾਂ ਵਿਚ ਵੱਸਦੀ ਰਹੇਗੀ।
ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਸਰਬਸੰਮਤੀ ਨਾਲ 35 ਮੈਂਬਰੀ ਕਮੇਟੀ ਚੁਣੀ ਗਈ, ਜਿਸ ਵਿਚ ਸੋਹਨ ਸਿੰਘ ਨੂੰ ਪ੍ਰਧਾਨ, ਮਸੂ ਨੂੰ ਖਜਾਨਚੀ, ਜਸਬੀਰ ਨੂੰ ਸੈਕਟਰੀ ਅਤੇ ਕੁਲਵੰਤ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਜਥੇਬੰਦੀ ਵਿਚ ਸ਼ਾਮਿਲ ਹੋਏ ਕਿਸਾਨਾਂ-ਮਜ਼ਦੂਰਾਂ ਸਮੇਤ ਮੁੱਖਾ ਸਿੰਘ, ਅਜੀਤ ਸਿੰਘ, ਲੱਡੂ ਸਿੰਘ, ਗੋਪਾਲ ਸਿੰਘ, ਕੱਬਾ ਸਿੰਘ, ਸਿਕੰਦਰ ਸਿੰਘ, ਕੰਤੀ ਕੌਰ, ਰਾਣੀ ਕੌਰ, ਬੀਰੋ ਕੌਰ, ਨਾਨਕੀ ਕੌਰ, ਬਾਵੀ ਕੌਰ, ਨਿੰਦਰ ਕੌਰ, ਕਿੰਦਰ ਕੌਰ, ਸੁਰਜੀਤ ਕੌਰ ਅਤੇ ਨਿੰਦਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।