05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਪੰਜਾਬੀ ਹਾਕੀ ਖਿਡਾਰੀਆਂ ਦਾ ਰਾਜਾਸਾਂਸੀ ਹਵਾਈ ਅੱਡੇ ਤੇ ਪਹੁੰਚਣ ’ਤੇ ਭਰਵਾਂ ਸਵਾਗਤ

ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਪੰਜਾਬੀ ਹਾਕੀ ਖਿਡਾਰੀਆਂ ਦਾ ਰਾਜਾਸਾਂਸੀ ਹਵਾਈ ਅੱਡੇ ਤੇ ਪਹੁੰਚਣ ’ਤੇ ਭਰਵਾਂ ਸਵਾਗਤ

ਅਜੀਤ ਡੈਸਕ 05-10-2026

ਪਰਿਵਾਰਿਕ ਮੈਂਬਰਾਂ ਤੇ ਖੇਡ ਪ੍ਰੇਮੀਆਂ ਨੇ ਖਿਡਾਰੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਕੀਤਾ ਸਨਮਾਨਿਤ 

ਅੰਮ੍ਰਿਤਸਰ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਜਾਪਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਲਗਾਤਾਰ ਦੂਜੀ ਵਾਰ ਸੋਨ ਤਗਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਣ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਖੇਡ ਪ੍ਰੇਮੀਆਂ ਵੱਲੋਂ ਜੋਸ਼ੋ ਖਰੋਸ਼ ਨਾਲ ਨਿੱਘਾ ਸਵਾਗਤ ਕੀਤਾ ਗਿਆ। ਹਵਾਈ ਅੱਡੇ ’ਤੇ ਖਿਡਾਰੀਆਂ ਦੇ ਸਵਾਗਤ ਲਈ ਪਰਿਵਾਰਿਕ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ, ਜਿੱਤ ਦੇ ਜਸ਼ਨ ਮਨਾਉਂਦਿਆਂ ਮਾਹੌਲ ਪੂਰੀ ਤਰ੍ਹਾਂ ਖੁਸ਼ੀ ਵਿੱਚ ਰੰਗਿਆ ਨਜ਼ਰ ਆਇਆ।
ਜਿਕਰਯੋਗ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ 3 ਅਕਤੂਬਰ ਨੂੰ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਦੇ ਫਾਈਨਲ ਮੁਕਾਬਲੇ ਵਿੱਚ ਮਲੇਸ਼ੀਆ ਨੂੰ 5-1 ਗੋਲਾਂ ਨਾਲ ਮਾਤ ਦੇ ਕੇ ਸੋਨ ਤਗਮਾ ਆਪਣੇ ਨਾਮ ਕੀਤਾ ਸੀ। ਇਸ ਜਿੱਤ ਨਾਲ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ ਹਾਕੀ ਦਾ ਖਿਤਾਬ ਲਗਾਤਾਰ ਦੂਜੀ ਵਾਰ ਆਪਣੇ ਨਾਮ ਕਰਕੇ ਇਤਿਹਾਸ ਰਚਿਆ। ਇਸ ਇਤਿਹਾਸਕ ਜਿੱਤ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਯੋਗਦਾਨ ਖਾਸ ਤੌਰ ’ਤੇ ਸ਼ਲਾਘਾਯੋਗ ਰਿਹਾ। ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਜੁਗਰਾਜ ਸਿੰਘ, ਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ  ਦਾ ਰਾਜਾਸਾਂਸੀ ਹਵਾਈ ਅੱਡੇ ’ਤੇ ਪਹੁੰਚਦੇ ਹੀ ਪਰਿਵਾਰਕ ਮੈਂਬਰਾਂ ਅਤੇ ਖੇਡ ਪ੍ਰੇਮੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆI ਪਰਿਵਾਰਕ ਮੈਂਬਰਾਂ ਨੇ ਆਪਣੇ ਲਾਡਲਿਆਂ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਸਿਰਫ਼ ਸੋਨ ਤਗਮਾ ਹੀ ਨਹੀਂ ਜਿੱਤਿਆ, ਸਗੋਂ ਪੰਜਾਬ ਦੀ ਹਾਕੀ ਦੀ ਸ਼ਾਨ ਨੂੰ ਦੁਨੀਆ ਭਰ ਵਿੱਚ ਹੋਰ ਉੱਚਾ ਕੀਤਾ ਹੈ।  ਪੰਜਾਬ ਦੇ ਇਨ੍ਹਾਂ ਹਾਕੀ ਸਿਤਾਰਿਆਂ ਦੀ ਵਾਪਸੀ ਮੌਕੇ ਰਾਜਾਸਾਂਸੀ ਹਵਾਈ ਅੱਡੇ ’ਤੇ ਬਣਿਆ ਜਸ਼ਨੀ ਮਾਹੌਲ ਇਸ ਗੱਲ ਦੀ ਗਵਾਹੀ ਦੇ ਰਿਹਾ ਸੀ ਕਿ ਪੰਜਾਬ ਦੇ ਲੋਕ ਆਪਣੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਦਿਲੋਂ ਸਲਾਮ ਕਰਦੇ ਹਨ। ਇਸ ਮੌਕੇ ਖਿਡਾਰੀਆਂ ਨੇ ਵੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਮੂਹ ਖੇਡ ਪ੍ਰੇਮੀਆਂ ਵੱਲੋਂ ਕੀਤੇ ਇਸ ਨਿੱਘੇ ਸਵਾਗਤ ਲਈ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਉਹਨਾਂ ਦੀਆਂ ਉਮੀਦਾਂ ਤੇ ਖਰੇ ਉੱਤਰਨ ਦੀ ਗੱਲ ਕੀਤੀ।

ਅਗਲੀ ਖ਼ਬਰ ਸੱਪ ਨੇ ਡੰਗਿਆ ਤਾਂ ਨੌਜਵਾਨ ਸੱਪ ਨੂੰ ਮਾਰ ਕੇ ਹਸਪਤਾਲ ਨਾਲ ਲੈ ਆਇਆ