ਲੁਧਿਆਣਾ, 6 ਅਕਤੂਬਰ (ਰੂਪੇਸ਼ ਕੁਮਾਰ)- ਕਥਿਤ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਐਸ.ਜੀ.ਪੀ.ਸੀ. ਮੈਂਬਰ ਅਮਰਜੀਤ ਸਿੰਘ ਚਾਵਲਾ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅੱਜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦੇ ਬੈਨਰ ਹੇਠਾਂ ਲੁਧਿਆਣਾ ਦੇ ਇਕ ਨਿਜੀ ਹੋਟਲ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਦੋਸ਼ ਲਗਾਇਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚਾਵਲਾ ਮਾਮਲੇ ਦੀ ਜੋ ਵਿਭਾਗੀ ਜਾਂਚ ਰਿਪੋਰਟ ਜਾਰੀ ਕੀਤੀ ਹੈ, ਉਸ ਨੇ ਮਾਮਲਾ ਹੋਰ ਗੰਭੀਰ ਬਣਾ ਦਿੱਤਾ ਹੈ ਅਤੇ ਬਹੁਤ ਸਾਰੇ ਗੰਭੀਰ ਸ਼ੰਕੇ ਪੈਦਾ ਕੀਤੇ ਹਨ।
ਅਲਾਇੰਸ ਆਗੂ ਸੁਖਦੇਵ ਸਿੰਘ ਫਗਵਾੜਾ, ਪਰਮਪਾਲ ਸਿੰਘ ਸਭਰਾ ਆਦਿ ਨੇ ਕਿਹਾ ਹੈ ਕਿ ਮਾਮਲੇ ਸਬੰਧੀ ਐਸ.ਜੀ.ਪੀ.ਸੀ. ਦੀ ਕਮੇਟੀ ਵਲੋਂ ਮੁੱਢਲੀ ਜਾਂਚ ਵਿਚ ਪੇਸ਼ ਕੀਤੇ ਆਪਣੇ ਤੱਥ ਹੋਰ ਵਧੇਰੇ ਗੰਭੀਰ ਸਵਾਲਾਂ ਨੂੰ ਜਨਮ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਮੀਡੀਆ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪੇਸ਼ ਕੀਤੇ ਤੱਥਾਂ ਬਾਬਤ ਉਨ੍ਹਾਂ ਨੂੰ ਕੁਝ ਸਵਾਲ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਜੀ ਕਹਿ ਰਹੇ ਹਨ ਕਿ ਜਾਂਚ ਰਿਪੋਰਟ ਅਨੁਸਾਰ ਬਹਿਰੀਨ ਵਾਲੀ ਉਕਤ ਬੀਬੀ ਦੇ ਸ਼੍ਰੀ ਅਨੰਦਪੁਰ ਸਾਹਿਬ ਸਰਾਂ ਵਿਚ ਰਹਿਣ ਦੇ ਕੇਵਲ ਅੱਠ ਹਵਾਲੇ ਮਿਲਦੇ ਹਨ, ਪਰ ਜਿਸ ਅਰਜ਼ੀ ਦੇ ਆਧਾਰ ਉੱਤੇ ਇਕ ਲੱਖ ਰੁਪਏ ਦਿੱਤਾ ਗਿਆ, ਉਸ ਦੀ ਪਹਿਲੀ ਲਾਈਨ ਹੀ ਇਹ ਹੈ ਕਿ ਬੀਬੀ ਕਈ ਮਹੀਨਿਆਂ ਤੋਂ ਸਰਾਂ ਵਿਚ ਰਹਿ ਰਹੀ ਹੈ। ਸੋ ਕਿਹੜਾ ਤੱਥ ਸਹੀ ਹੈ, ਪ੍ਰਧਾਨ ਜੀ ਜਵਾਬ ਦੇਣ?
ਇਸੇ ਤਰ੍ਹਾਂ, ਜਾਂਚ ਰਿਪੋਰਟ ਅਨੁਸਾਰ ਬੀਬੀ ਨੂੰ ਧਰਮ ਪ੍ਰਚਾਰ ਖਾਤੇ ਵਿਚੋਂ ਇਲਾਜ ਲਈ ਇਕ ਲੱਖ ਰੁਪਏ ਦਿੱਤਾ ਗਿਆ। ਸਵਾਲ ਹੈ ਕਿ ਕੀ ਬੀਬੀ ਗਰੀਬ ਜਾਂ ਲੋੜਵੰਦ ਹੋਣ ਦਾ ਪ੍ਰਮਾਣ ਦੇ ਸਕੀ? ਕਿਉਂਕਿ ਧਰਮ ਪ੍ਰਚਾਰ ਫੰਡ ਤਾਂ ਲੋੜਵੰਦਾਂ ਲਈ ਹੈ। ਇਕ ਐਨ.ਆਰ.ਆਈ. ਬੀਬੀ ਜੋ ਪੰਜਾਬ ਵਿਚ ਵੀ ਚੰਗੀ ਜਾਇਦਾਦ ਦੀ ਮਾਲਕ ਹੈ, ਨੂੰ ਸਹਾਇਤਾ ਫੰਡ ਗੁਰੂ ਦੀ ਗੋਲਕ ਵਿਚੋਂ ਕਿਉਂ ਦਿੱਤਾ ਗਿਆ? ਜਦਕਿ ਰਿਪੋਰਟ ਅਨੁਸਾਰ ਉਕਤ ਬੀਬੀ ਦੀ ਜਾਂਚ ਸਿਵਲ ਹਸਪਤਾਲ ਤੋਂ ਚੱਲ ਰਹੀ ਹੈ, ਜਿੱਥੇ ਇਲਾਜ ਮੁਫ਼ਤ ਹੈ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਅਧੂਰੀ ਅਤੇ ਮਾਮਲੇ ਜਾਂਚ ਰਿਪੋਰਟ ਦੇਣਾ ਕਿਸੇ ਸਿਆਸੀ ਸਾਜ਼ਿਸ਼ ਦੇ ਸ਼ੱਕ ਨੂੰ ਹੋਰ ਵਧੇਰੇ ਮਜ਼ਬੂਤ ਕਰਦਾ ਹੈ। ਸਿੱਖਾਂ ਦੀਆਂ ਸ਼੍ਰੋਮਣੀ ਸੰਸਥਾਵਾਂ ਦੇ ਵਿਸ਼ਵਾਸ ਨੂੰ ਢਾਹ ਲਾਉਣ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਸੰਸਥਾਵਾਂ ਦੇ ਮੁਖੀ ਹੀ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਤੋਂ ਭਗੌੜੇ ਹੋਣਗੇ ਤਾਂ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਿਵੇਂ ਹੋਵੇਗੀ?